ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼

 ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼


ਚੰਡੀਗੜ੍ਹ ਪੰਜਾਬ ਇੰਡੀਆ ਨਿਊਜ਼ ਬਿਊਰੋ 

26 ਜਨਵਰੀ ਗਣਤੰਤਰ ਦਿਹਾੜੇ ਮੌਕੇ ਸਰਕਾਰ ਵਲੋਂ ਕੁਝ ਕੈਦੀ ਰਿਹਾਅ ਕੀਤੇ ਜਾ ਰਹੇ ਹਨ ਜਦਕਿ ਕੁਝ ਕੈਦੀਆਂ ਦੀ ਸਜ਼ਾ ਮੁਆਫ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਹਰਿਆਣਾ ਸਰਕਾਰ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਉਸਦੀ 90 ਦਿਨਾਂ ਦੀ ਸਜ਼ਾ ਮੁਆਫ ਕੀਤੀ ਗਈ ਹੈ। ਅਸਲ ਵਿਚ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਗਣਤੰਤਰ ਦਿਵਸ ਮੌਕੇ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹਨਾਂ ਨੂੰ 10 ਸਾਲ ਜਾਂ ਇਸ ਤੋਂ ਵੱਧ ਜਾਂ ਫਿਰ ਉਮਰ ਕੈਦ ਦੀ ਸਜ਼ਾ ਮਿਲੀ ਹੈ,  ਉਹਨਾਂ ਦੀ 90 ਦਿਨ ਦੀ ਸਜ਼ਾ, ਜਿਹਨਾਂ ਨੂੰ 5 ਤੋਂ 10 ਸਾਲ ਦੀ ਕੈਦ ਦੀ ਸਜ਼ਾ ਮਿਲੀ ਹੈ, ਉਹਨਾਂ ਦੀ 60 ਦਿਨ ਦੀ ਸਜ਼ਾ, ਜਿਹਨਾਂ ਨੂੰ 5 ਸਾਲ ਤੋਂ ਘੱਟ ਕੈਦ ਹੋਈ ਹੈ,  ਉਹਨਾਂ ਦੀ 30 ਦਿਨ ਦੀ ਸਜ਼ਾ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਹੈ।

ਡੇਰਾ ਸਿਰਸਾ ਮੁਖੀ ਇਸ ਵੇਲੇ ਆਪਣੀਆਂ ਦੋ ਸ਼ਰਧਾਲੂਆਂ ਨਾਲ ਜ਼ਬਰ ਜਨਾਹ ਕਰਨ, ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰਨ ਅਤੇ ਸਾਬਕਾ ਡੇਰਾ ਮੈਨੇਜਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ 20 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਹਰਿਆਣਾ ਸਰਕਾਰ ਦੀ ਨੀਤੀ ਮੁਤਾਬਕ ਉਸਦੀ 90 ਦਿਨ ਦੀ ਸਜ਼ਾ ਮੁਆਫ ਹੋ ਗਈ ਹੈ।

ਯਾਦ ਰਹੇ ਕਿ ਰਾਮ ਰਹੀਮ ਦੀ ਪੈਰੋਲ ਪਹਿਲਾਂ ਹੀ ਵਿਵਾਦਾਂ ਵਿਚ ਹੈ ਤੇ ਉਹ ਅੱਜ ਕੱਲ੍ਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਹੈ ਜਿਸ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਖੜੇ ਕਰ ਰਹੀਆਂ ਹਨ ਕਿ ਉਸਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ। ਦਸ ਦਈਏ ਕਿ ਰਾਮ ਰਹੀਮ ਇਸ ਸਮੇਂ ਆਪਣੇ ਯੂ.ਪੀ. ਵਿਚਲੇ ਆਸ਼ਰਮ ਵਿਚ ਹੈ ਜਿਥੇ ਉਸਨੇ ਬੀਤੇ ਦਿਨ ਤਲਵਾਰ ਨਾਲ ਕੇਕ ਵੀ ਕੱਟਿਆ ਸੀ।

Post a Comment

0 Comments