ਮੋਦੀ ਸਰਕਾਰ ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਖੋਖਲਾ ਕਰ ਰਹੀ ਹੈ : ਦੀਪਾਂਕਰ ਭੱਟਾਚਾਰੀਆ

 ਮੋਦੀ ਸਰਕਾਰ ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਖੋਖਲਾ ਕਰ ਰਹੀ ਹੈ : ਦੀਪਾਂਕਰ ਭੱਟਾਚਾਰੀਆ

ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਬੀਜੇਪੀ ਨੂੰ ਹਰ ਪੱਧਰ 'ਤੇ ਹਰਾਉਣਾ  ਜ਼ਰੂਰੀ 


ਚੰਡੀਗੜ੍ਹ 23 ਜਨਵਰੀ  ਗੁਰਜੰਟ ਸਿੰਘ ਬਾਜੇਵਾਲੀਆ
 

      ਸੀਪੀਆਈ (ਐਮ ਐਲ) ਲਿਬਰੇਸ਼ਨ ਵੱਲੋਂ ਇਥੇ ਭਕਨਾ ਭਵਨ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ਸੀ - ਫਾਸ਼ੀਵਾਦ : ਦੁਨੀਆਂ ਦੇ ਤਜ਼ਰਬੇ ਅਤੇ ਇਸ ਦੀਆਂ ਭਾਰਤੀ ਵਿਸ਼ੇਸ਼ਤਾਵਾਂ। ਮੁੱਖ ਬੁਲਾਰੇ ਵਜੋਂ ਸੈਮੀਨਾਰ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆਂ ਨੇ ਸੰਬੋਧਨ ਕੀਤਾ। ਸੈਮੀਨਾਰ ਦੀ ਪ੍ਰਧਾਨਗੀ ਕਾਮਰੇਡ ਪ੍ਰਸੋਤਮ ਸ਼ਰਮਾ, ਸੁਖਦਰਸ਼ਨ ਸਿੰਘ ਨੱਤ, ਰੁਲਦੂ ਸਿੰਘ ਮਾਨਸਾ, ਭਗਵੰਤ ਸਿੰਘ ਸਮਾਓ ਅਤੇ ਕੇਂਦਰੀ ਟਰੇਡ ਯੂਨੀਅਨ ਏਕਟੂ ਦੇ ਆਗੂ ਸਤੀਸ਼ ਕੁਮਾਰ ਵੱਲੋਂ ਅਤੇ ਸੰਚਾਲਨ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਸਕੱਤਰ ਕਾਮਰੇਡ ਕੰਵਲਜੀਤ ਵਲੋਂ ਕੀਤਾ ਗਿਆ। 


ਕਾਮਰੇਡ ਦੀਪਾਂਕਰ ਭੱਟਾਚਾਰੀਆਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਸੰਵਿਧਾਨ, ਜਮਹੂਰੀਅਤ, ਰਾਜ ਦੇ ਧਰਮ ਨਿਰਪੱਖ ਕਿਰਦਾਰ ਅਤੇ ਫੈਡਰਲ ਢਾਂਚੇ ਨੂੰ ਲਗਾਤਾਰ ਖੋਰਾ ਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਲ 2024 ਦੀਆਂ ਸੰਸਦੀ ਚੋਣਾਂ ਦੇਸ਼ ਤੇ ਦੇਸ਼ ਵਾਸੀਆਂ ਦੇ ਭਵਿੱਖ ਲਈ ਬੇਹੱਦ ਅਹਿਮੀਅਤ ਰੱਖਦੀਆਂ ਹਨ । ਦੇਸ਼ ਵਿੱਚ ਲੋਕਤੰਤਰ ਬਚਾਉਣ ਲਈ ਬੀਜੇਪੀ ਨੂੰ ਹਾਰ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਲੱਗ ਅਲੱਗ ਸੂਬਿਆਂ ਵਿੱਚ ਵੱਖ ਵੱਖ ਪਾਰਟੀਆਂ ਵਿਰੋਧੀ ਧਿਰ ਦੀ ਭੂਮਿਕਾ ਵਿਚ ਹਨ, ਸਭ ਨੂੰ ਆਪੋ ਆਪਣੇ ਸੂਬਿਆਂ ਵਿੱਚ ਭਾਜਪਾ ਖਿਲਾਫ ਮਜ਼ਬੂਤੀ ਨਾਲ ਲੜਨਾ ਚਾਹੀਦਾ ਹੈ। ਵਿਰੋਧੀ ਦਲਾਂ ਦੀ ਏਕਤਾ ਲਈ ਹਰ ਸੂਬੇ ਵਿੱਚ ਅਲੱਗ ਫਾਰਮੂਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਪੱਧਰ 'ਤੇ ਬੀਜੇਪੀ ਖਿਲਾਫ ਇਕ ਵਿਆਪਕ ਏਕਤਾ ਦੇ ਨਿਰਮਾਣ ਲਈ ਯਤਨ ਹੋ ਰਹੇ ਹਨ। ਉਨ੍ਹਾਂ ਤਾਮਿਲਨਾਡੂ, ਪੰਜਾਬ, ਕੇਰਲ ਤੇ ਬੰਗਾਲ ਦੀ ਮਿਸਾਲ ਦਿੰਦਿਆ ਕਿਹਾ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਰਾਜਪਾਲ ਖੁੱਲੇਆਮ ਕੇਂਦਰ ਸਰਕਾਰ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ। ਰਾਜਪਾਲਾਂ ਦੀਆਂ ਇਹ ਕਾਰਵਾਈਆਂ ਫੈਡਰਲ ਢਾਂਚੇ ਦੇ ਸੰਕਲਪ ਅਤੇ ਰਾਜਾਂ ਦੇ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹਨ, ਇਸ ਲਈ ਦੇਸ਼ ਦੀ ਏਕਤਾ ਨੂੰ ਤੋੜਨ ਵਾਲੀਆਂ ਅਜਿਹੀਆਂ ਸੰਵਿਧਾਨ ਵਿਰੋਧੀ ਹਰਕਤਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸੇ ਤਾਨਾਸ਼ਾਹ ਤੋਂ ਵੀ ਵੱਧ ਇਕ ਫਾਸਿਸਟ ਸਤਾ ਵਾਂਗ ਕੰਮ ਕਰ ਰਹੀ  ਹੈ, ਇਸ ਕਰਕੇ ਇਹ ਸਾਰੀਆਂ ਸੰਵਿਧਾਨਕ ਸੰਸਥਾਵਾਂ ਦੀ ਹੋਂਦ ਲਈ ਖਤਰਾ ਬਣ ਚੁੱਕੀ ਹੈ। ਆਮ ਜਨਤਾ ਰੁ਼ਜ਼ਗਾਰ, ਮਕਾਨ, ਸਿੱਖਿਆ ਅਤੇ ਸਿਹਤ ਆਦਿ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵੋਟ ਦਿੰਦੀ ਹੈ, ਪ੍ਰੰਤੂ ਸੰਘ-ਬੀਜੇਪੀ ਇਸ ਦੀ ਬਜਾਏ ਪ੍ਰਾਪਤ ਸਤਾ ਦੀ ਦੁਰਵਰਤੋਂ ਆਪਣਾ ਕਾਰਪੋਰੇਟ ਪ੍ਰਸਤ ਫਿਰਕੂ ਏਜੰਡਾ ਅੱਗੇ ਵਧਾਉਣ ਲਈ ਕਰ ਰਹੀ ਹੈ। ਅੱਜ ਫਿਰਕੂ ਜ਼ਹਿਰ ਉਗਲਣ ਵਾਲੇ, ਕਾਤਲ ਦੰਗਾਕਾਰੀ ਅਤੇ ਖਰਬਾਂ ਦਾ ਜਨਤਕ ਧਨ ਹੜਪਣ ਵਾਲੇ ਭ੍ਰਿਸ਼ਟਾਚਾਰੀ ਆਜ਼ਾਦ ਘੁੰਮ ਰਹੇ ਹਨ, ਪਰ ਦਲਿਤਾਂ ਮਜਦੂਰਾਂ ਨੌਜਵਾਨਾਂ ਆਦਿਵਾਸੀਆਂ ਅਤੇ ਘੱਟਗਿਣਤੀਆਂ ਦੇ ਹੱਕਾਂ ਲਈ ਆਵਾਜ਼ ਉਠਾਉਣ ਤੇ ਲੜਨ ਵਾਲੇ ਸਮਾਜਿਕ ਤੇ ਸਿਆਸੀ ਕਾਰਕੁੰਨ ਝੂਠੇ ਕੇਸਾਂ, ਝੂਠੇ ਪੁਲਸ ਮੁਕਾਬਲਿਆਂ ਦਾ ਸ਼ਿਕਾਰ ਬਣਾਏ ਜਾ ਰਹੇ ਹਨ ਜਾਂ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਜੇਲਾਂ ਵਿਚ ਡੱਕੇ ਹੋਏ ਹਨ।

ਮੀਡੀਆ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਅਗਰ ਰਾਹੁਲ ਦੀ ਇਸ ਯਾਤਰਾ ਨਾਲ ਕਾਂਗਰਸ ਵਿੱਚ ਕੁਝ ਗਤੀ ਆ ਜਾਵੇ ਤਾਂ ਚੰਗੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਫਾਸ਼ੀਵਾਦ ਦੇ ਮੁਕਾਬਲੇ ਲਈ ਦੇਸ਼ ਵਿਚ ਘੱਟੋ ਘੱਟ ਸਹਿਮਤੀ ਦੇ ਅਧਾਰ 'ਤੇ ਇਕ ਵਿਆਪਕ ਮੋਰਚਾ ਵਿਕਸਤ ਕਰਨ ਵਿੱਚ ਮੁੱਖ ਜ਼ਿੰਮੇਵਾਰੀ ਖੱਬੀਆਂ ਪਾਰਟੀਆਂ ਦੀ ਹੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸੀਪੀਆਈ (ਐਮ ਐਲ) ਦੇ 15 ਤੋਂ 20 ਫਰਵਰੀ ਨੂੰ ਪਟਨਾ ਵਿਖੇ ਹੋ ਰਹੇ 11ਵੇਂ ਮਹਾਂ ਸੰਮੇਲਨ ਵਿੱਚ ਮੋਦੀ ਸਰਕਾਰ ਖਿਲਾਫ ਵਿਆਪਕ ਸਮਾਜਿਕ ਸਿਆਸੀ ਲਾਮਬੰਦੀ ਲਈ ਗੰਭੀਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

Post a Comment

0 Comments