35ਵੇਂ ਡੈਂਟਲ ਪੰਦਰਵਾੜੇ ਤਹਿਤ ਦੰਦਾਂ ਦੀਆਂ ਬਿਮਾਰੀਆਂ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ਼-ਸਿਵਲ ਸਰਜਨ
*16 ਫਰਵਰੀ ਤੋਂ 02 ਮਾਰਚ ਤੱਕ ਸਿਵਲ ਹਸਪਤਾਲ ਮਾਨਸਾ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਲੱਗਣਗੇ ਵਿਸ਼ੇਸ਼ ਕੈਂਪ
ਮਾਨਸਾ, 15 ਫਰਵਰੀ: ਗੁਰਜੰਟ ਸਿੰਘ ਬਾਜੇਵਾਲੀਆ/
ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ 35ਵਾਂ ਡੈਂਟਲ ਪੰਦਰਵਾੜਾ 16 ਫਰਵਰੀ ਤੋਂ 02 ਮਾਰਚ, 2023 ਤੱਕ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ ਜ਼ਿਲ੍ਹਾ ਪੱਧਰ ’ਤੇ ਸਿਵਲ ਹਸਪਤਾਲ ਮਾਨਸਾ ਅਤੇ ਸਬ ਡਵੀਜਨ ਪੱਧਰ ’ਤੇ ਸੀ.ਐਚ.ਸੀ ਵਿਚ ਵਿਸ਼ੇਸ਼ ਤੌਰ ’ਤੇ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਲੋੜਵੰਦ ਲੋਕਾਂ ਨੂੰ ਦੰਦਾਂ ਦੇ ਮੁਫ਼ਤ ਡੈਂਚਰ ਦਿੱਤੇ ਜਾਣਗੇ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ਼ ਵੀ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਸਬੰਧੀ ਵਿਸ਼ੇਸ਼ ਤੌਰ ’ਤੇ ਜਾਗਰੂਕ ਕੀਤਾ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਕੁਰਲਾ ਜਾਂ ਬਰੱਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ, ਖਾਸ ਤੌਰ ’ਤੇ ਰਾਤ ਨੂੰ ਸੌਣ ਵੇਲੇ ਹਰ ਵਿਅਕਤੀ ਨੂੰ ਬਰੱਸ਼ ਕਰਕੇ ਸੌਣਾ ਚਾਹੀਦਾ ਹੈ, ਜੇਕਰ ਫਿਰ ਵੀ ਕਿਸੇ ਨੂੰ ਦੰਦਾਂ ਵਿਚ ਦਰਦ, ਜਬਾੜੇ ’ਚ ਸੋਜਿਸ਼ ਜਾਂ ਕੋਈ ਹੋਰ ਸਮੱਸਿਆ ਨਜਰ ਆਉਂਦੀ ਹੈ, ਠੰਢਾ, ਤੱਤਾ ਲੱਗਦਾ ਹੈ, ਤਾਂ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਤੁਰੰਤ ਆਪਣੇ ਦੰਦਾਂ ਦੇ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਜਿਲਾ ਡੈਂਟਲ ਹੈਲਥ ਅਫਸਰ, ਡਾ. ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਨੂੰ ਕੁੱਲ 40 ਡੈਂਚਰ ਦੀ ਮਨਜ਼ੂਰੀ ਮਿਲੀ ਹੈ, ਜਿੰਨ੍ਹਾਂ ਵਿੱਚੋ ਮਾਨਸਾ ਲਈ 15, ਖਿਆਲਾ ਕਲਾਂ ਲਈ 10, ਭੀਖੀ ਲਈ 10 ਅਤੇ ਬਰੇਟਾ ਲਈ 5 ਡੈਂਚਰ ਦਿੱਤੇ ਜਾਣਗੇ।
0 Comments