ਮੋਦੀ ਸਰਕਾਰ ਵੱਲੋਂ ਪੇਸ਼ ਬਜਟ ਕਾਰਪੋਰੇਟ ਘਰਾਣਿਆਂ ਤੇ ਅਮੀਰ ਪੱਖੀ, ਆਮ ਤੇ ਗਰੀਬ ਲੋਕ ਵਿਰੋਧੀ - ਚੋਹਾਨ

 ਮੋਦੀ ਸਰਕਾਰ ਵੱਲੋਂ ਪੇਸ਼ ਬਜਟ ਕਾਰਪੋਰੇਟ ਘਰਾਣਿਆਂ ਤੇ ਅਮੀਰ ਪੱਖੀ, ਆਮ ਤੇ ਗਰੀਬ ਲੋਕ ਵਿਰੋਧੀ - ਚੋਹਾਨ

ਬਜਟ ਦੌਰਾਨ ਮਨਰੇਗਾ ਫੰਡਾਂ ਵਿੱਚ ਕਟੌਤੀ ਦੇ ਰੋਸ ਵਜੋਂ ਨਰੇਗਾ ਕਾਮਿਆਂ ਵੱਲੋਂ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਰ ਕੀਤਾ


ਮਾਨਸਾ 02 ਫਰਵਰੀ ਗੁਰਜੰਟ ਸਿੰੰਘ ਬਾਜੇਵਾਲੀਆ

ਆਰ.ਐਸ.ਐਸ. ਦੀ ਅਗਵਾਈ ਹੇਠ ਦੇਸ਼ ਦੀ ਰਾਜ ਸੱਤਾ ਤੇ ਕਾਬਜ ਮੋਦੀ ਦੀ ਸਰਕਾਰ ਵੱਲੋਂ ਹਰ ਦਿਨ ਫਿਰਕੂ ਜਹਿਰ ਫੈਲਾ ਕੇ ਭਾਈਚਾਰਕ ਵੰਡ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲਾਈ ਜਾ ਰਹੀ ਹੈ। ਸਰਕਾਰ ਵੱਲੋਂ ਲਗਾਤਾਰ ਲੋਕ ਵਿਰੋਧੀ ਫੈਸਲਿਆਂ ਦੇ ਕਾਰਨ ਲੋਕ ਪੱਖੀ ਬਣੇ ਕਾਨੂੰਨਾਂ ਨੂੰ ਤੋੜ ਕੇ ਕਾਰਪੋਰੇਟ ਘਰਾਣਿਆਂ ਤੇ ਅਮੀਰਾਂ ਨੂੰ ਖੁਸ਼ ਕਰਨ ਤੇ ਲੱਗੀ ਹੋਈ ਹੈ ਜਿਸ ਕਾਰਨ ਦੇਸ਼ ਦਾ ਆਰਥਿਕ, ਸਮਾਜਿਕ ਅਤੇ ਰਾਜਨੀਤਕ ਢਾਂਚਾ ਡਾਵਾਂਡੋਲ ਹੋ ਰਿਹਾ ਹੈ ਅਤੇ ਦੇਸ਼ ਦੀ ਸਥਿਤੀ ਆਰਥਿਕ ਤੌਰ ਤੇ ਗੰਭੀਰ ਬਣ ਚੁੱਕੀ ਹੈ। ਗਰੀਬ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਹਰ ਦਿਨ ਫੰਡਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਕ੍ਰਿਸ਼ਨ ਚੌਹਾਨ ਨੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਦੌਰਾਨ ਮਨਰੇਗਾ ਫੰਡਾਂ ਵਿੱਚ ਕੀਤੀ ਕਟੌਤੀ ਦਾ ਸਿੱਧੇ ਤੌਰ ਤੇ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦੀ ਸਾਜਿਸ਼ ਕਰਾਰ ਦਿੱਤਾ। ਇਸ ਸਮੇਂ ਮਨਰੇਗਾ ਵਰਕਰਾਂ ਵੱਲੋ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਗਟ ਕੀਤਾ। ਮਜਦੂਰ ਆਗੂ ਨੇ ਮੰਗ ਕਰਦਿਆਂ ਕਿਹਾ ਕਿ ਵਧ ਰਹੀ ਮਹਿੰਗਾਈ ਦੇ ਕਾਰਨ ਮਜਦੂਰਾਂ ਨੂੰ ਘੱਟੋ-ਘੱਟ 700 ਰੁਪਏ ਪ੍ਰਤੀ ਦਿਨ ਦਿਹਾੜੀ, ਮਨਰੇਗਾ ਕਾਨੂੰਨ ਤਹਿਤ ਕਾਮਿਆਂ ਨੂੰ ਪੂਰਾ ਸਾਲ ਕੰਮ ਦੇਣ ਅਤੇ ਮਿਣਤੀ ਸਿਸਟਮ ਨੂੰ ਖਤਮ ਕਰਨਾ ਅਤੇ ਮਨਰੇਗਾ ਵਿੱਚ ਹੋ ਰਹੀ ਘਪਲੇਬਾਜੀ ਨੂੰ ਖਤਮ ਕਰਕੇ ਪਾਰਦਰਸ਼ੀ ਢੰਗ ਨਾਲ ਕੰਮ ਦੇਣਾ ਯਕੀਨੀ ਬਣਾਉਣ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਮੇਂ ਮਨਰੇਗਾ ਵਰਕਰਾਂ ਵੱਲੋਂ ਮਜਦੂਰ ਵਿਰੋਧੀ ਬਜਟ ਮੌਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਰੋਸ ਪ੍ਰਗਟ ਕੀਤਾ ਗਿਆ। ਕਿਸਾਨ ਆਗੂ ਰੂਪ ਸਿੰਘ ਢਿੱਲੋਂ, ਮਜਦੂਰ ਆਗੂ ਸੁਖਦੇਵ ਸਿੰਘ ਮਾਨਸਾ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰ ਸ਼ਾਮਿਲ ਸਨ।

Post a Comment

0 Comments