*ਕੋਟਕਪੁਰਾ ਫਾਇਰਿੰਗ ਕੇਸ ਵਿਚ ਐਸ ਆਈ ਟੀ ਦੀ ਚਾਰਜਸ਼ੀਟ ਮੁਕੱਦਮੇ ਦੀ ਨਹੀਂ ਨਾਦਰਸ਼ਾਹੀ ਰਿਪੋਰਟ: ਅਕਾਲੀ ਦਲ*

*ਕੋਟਕਪੁਰਾ ਫਾਇਰਿੰਗ ਕੇਸ ਵਿਚ ਐਸ ਆਈ ਟੀ ਦੀ ਚਾਰਜਸ਼ੀਟ ਮੁਕੱਦਮੇ ਦੀ ਨਹੀਂ ਨਾਦਰਸ਼ਾਹੀ ਰਿਪੋਰਟ: ਅਕਾਲੀ ਦਲ*


ਪੰਜਾਬ ਇੰਡੀਆ ਨਿਊਜ਼ ਬਿਊਰੋ 

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ 2015 ਦੇ ਕੋਟਕਪੁਰਾ ਪੁਲਿਸ ਫਾਇਰਿੰਗ ਕੇਸ ਵਿਚ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀਮ) ਵੱਲੋਂ ਦਾਇਰ ਚਾਰਜਸ਼ੀਟ ਨੂੰ ਮੁਕੱਦਮੇ ਦੀ ਨਹੀਂ ਬਲਕਿ ਨਾਦਰਸ਼ਾਹੀ ਰਿਪੋਰਟ ਕਰਾਰ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਮਨਘੜਤ ਦੋਸ਼ਾਂ ਵਾਲੀ ਚਾਰਸ਼ੀਟ ਦਾ ਕਾਨੂੰਨ ਦੀ ਅਦਾਲਤ ਵਿਚ ਅਤੇ ਲੋਕਾਂ ਦੀ ਕਚਹਿਰੀ ਵਿਚ ਮੁਕਾਬਲਾ ਕਰੇਗਾ।

ਸੀਨੀਅਰ ਲੀਡਰਸ਼ਿਪ, ਜਿਸਨੇ ਇਸ ਮਾਮਲੇ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ, ਨੇ ਨਾ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਨਾ ਕਰਨ ਬਲਕਿ ਇਹ ਵੀ ਕਿਹਾ ਕਿ ਆਪ ਸਰਕਾਰ ਨੇ ਆਪਣੀ ਹਰ ਮੁਹਾਜ਼ ’ਤੇ ਅਸਫਲਤਾ ’ਤੇ ਪਰਦਾ ਪਾਉਣ ਵਾਸਤੇ ਇਹ ਗੁੰਮਰਾਹਕੁੰਨ ਚਾਰਜਸ਼ੀਟ ਦਾਇਰ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਅਦਾਲਤੀ ਮਾਣਹਾਨੀ ਸਮੇਤ ਸਾਰੇ ਵਿਕਲਪ ਵਿਚਾਰੇਗਾ ਕਿਉਂਕਿ ਹਾਈਕੋਰਟ ਵੱਲੋਂ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਰੱਦ ਕਰਨ ਵੇਲੇ ਦਿੱਤੇ ਨਿਰਦੇਸ਼ਾਂ ਦੀ ਉਲੰਘਣਾ ਹੋਈ ਹੈ।ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਕੇਸ ਹੀ ਨਹੀਂ ਬਣਦਾ ਕਿਉਂਕਿ ਉਹ ਸੂਬੇ ਤੋਂ ਬਾਹਰ ਸਨ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਮਾਸਟਰਮਾਈਂਡ ਨਹੀਂ ਦੱਸਿਆ ਜਾ ਸਕਦਾ ਜਿਵੇਂ ਕਿ ਚਾਰਜਸ਼ੀਟ ਵਿਚ ਕੀਤਾ ਗਿਆ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਐਸ ਆਈ ਟੀ ਮੁਖੀ ਐਲ ਕੇ ਯਾਦਵ ਤੇ ਹੋਰ ਅਫਸਰਾਂ ਨੇ ਆਪਣੇ ਆਕਾਵਾਂ ਦੇ ਸਿਆਸੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਾਸਤੇ ਬਿਲਕੁਲ ਇਕਪਾਸੜ ਹੋ ਕੇ ਕੰਮ ਕੀਤਾ ਹੈ।

ਅਕਾਲੀ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਸੀ ਕਿ ਐਲ ਕੇ ਯਾਦਵ ਦੀ ਅਗਵਾਈ ਵਾਲੀ ਐਸ ਆਈ ਟੀ 28 ਫਰਵਰੀ ਤੱਕ ਚਲਾਨ ਪੇਸ਼ ਕਰ ਦੇਵੇਗੀ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਬਹਿਬਲ ਕਲਾਂ ਵਿਖੇ ਰੋਸ ਮੁਜ਼ਾਹਰਾ ਕਰਨ ਵਾਲਿਆਂ ਨੂੰ ਭਰੋਸਾ ਦੁਆਇਆ ਸੀ ਕਿ ਐਸ ਆਈ ਟੀ ਵੱਲੋਂ ਚਲਾਨ ਪੇਸ਼ ਕਰਨ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪ ਆਗੂਆਂ ਨੇ ਇਹ ਜਨਤਕ ਐਲਾਨ ਉਦੋਂ ਕੀਤੇ ਜਦੋਂ ਹਾਈ ਕੋਰਟ ਨੇ ਐਸ ਆਈ ਟੀ ਨੂੰ ਸਪਸ਼ਟ ਹਦਾਇਤਾਂ ਦਿੱਤੀਆਂਸਨ ਕਿ ਉਹ ਸੀਲਬੰਦ ਲਿਫਾਫੇ ਵਿਚ ਆਪਣੀਆਂ ਰਿਪੋਰਟਾਂ ਅਦਾਲਤ ਵਿਚ ਹੀ ਪੇਸ਼ ਕਰੇ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਹੁਣ ਇਹ ਦੱਸਣਾ ਪਵੇਗਾ ਕਿ ਇਕਸੀਲਬੰਦ ਰਿਪੋਰਟ ਆਪ ਲੀਡਰਸ਼ਿਪ ਨੂੰ ਕਿਵੇਂ ਮਿਲੀ ਤੇਇਹ ਮੀਡੀਆ ਨੂੰ ਕਿਵੇਂ ਲੀਕ ਕੀਤੀ ਗਈ ?

ਇਹਨਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਿਪੋਰਟ ਦੇ ਕੁਝ ਅੰਸ਼ ਸੋਸ਼ਲ ਮੀਡੀਆ ’ਤੇ ਵੀ ਸਾਂਝੇ ਕੀਤੇ ਹਨ। ਉਹਨਾਂ ਨੇ ਇਹਨਾਂ ਘਟਨਾਕ੍ਰਮਾਂ ਨੂੰ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੇ ਧਿਆਨ ਵੰਡਾਉਣ ਦਾ ਯਤਨ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਸੱਤਾ ਦੀ ਦੁਰਵਰਤੋਂ ਦਾ ਜਵਾਬ ਦੇਣਾ ਪਵੇਗਾ।

ਇਹਨਾਂ ਆਗੂਆਂ ਨੇ ਕਿਹਾ ਕਿ ਹੁਣ ਬਹੁਤ ਹੋ ਚੁੱਕਾ ਹੈ ਤੇ ਅਕਾਲੀ ਦਲ ਟਿਕ ਕੇ ਨਹੀਂ ਬੈਠੇਗਾ ਤੇ ਆਪ ਨੂੰ ਪਾਰਟੀ ਨੂੰ ਬਦਨਾਮ ਕਰਨ ਦੀ ਆਗਿਆ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਪਾਰਟੀ ਇਸਨੂੰ ਬਦਨਾਮ ਕਰਨ ਦੀ ਇਸ ਮੁਹਿੰਮ ਨੂੰ ਅੱਗੇ ਹੋ ਕੇ ਟਕਰੇਗੀ ਅਤੇ ਇਸ ਭ੍ਰਿਸ਼ਟ ਸਰਕਾਰ ਨੂੰ ਬੇਨਕਾਬ ਕਰੇਗੀ ਜੋ ਕਾਨੂੰਨ ਵਿਵਸਥਾ ਲਾਗੂ ਕਰਨ ਅਤੇ ਅਜਨਾਲਾ ਪੁਲਿਸ ਥਾਣੇ ’ਤੇ ਹਮਲਾ ਹੋਣ ਸਮੇਤ ਹਰ ਮੁਹਾਜ਼ ’ਤੇ ਫੇਲ੍ਹ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਰਾਜਪਾਲ ਨਾਲ ਟਕਰਾਅ ਦੇ ਮਾਮਲੇ ’ਤੇ ਖੜ੍ਹੇ ਹੋਏ ਸੰਵਿਧਾਨਕ ਸੰਕਟ ਤੋਂ ਵੀ ਲੋਕਾਂ ਦਾ ਧਿਆਨ ਪਾਸੇ ਕਰਨਾ ਚਾਹੁੰਦੀ ਹੈ।

Post a Comment

0 Comments