ਬੰਦੀ ਸਿੰਘਾਂ ਦੀ ਰਿਹਾਈ ’ਤੇ ਸਾਰੀਆਂ ਪਾਰਟੀਆਂ ਇੱਕਜੁਟ ਹੋਣ : ਜਗਮੀਤ ਸਿੰਘ ਬਰਾੜ
ਅਕਾਲੀ ਦਲ ਵਿਚ ਕੱਢੇ ਜਾਣ ਤੋਂ ਬਾਅਦ ਮੁੜ ਹਲਕੇ ’ਚ ਪਰਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ
ਜਗਮੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਅਕਾਲੀ ਦਲ ’ਚ ਸੀ, ਅਕਾਲੀ ਦਲ ’ਚ ਰਹਾਂਗਾ
ਅਕਾਲੀ ਦਲ ਦਾ ਖੇਤਰੀ ਪਾਰਟੀ ਵਜੋਂ ਮਜਬੂਤ ਹੋਣਾ ਅਤੀ ਜਰੂਰੀ
ਸੁਖਬੀਰ ਸਿੰਘ ਬਾਦਲ ਨਾਲ ਨਹੀ ਕੋਈ ਨਿੱਜੀ ਮੱਤਭੇਦ
ਮੌੜ ਮੰਡੀ 7 ਫਰਵਰੀ–ਸੁਰੇਸ ਗੁਰੇਜਾ
ਸ਼੍ਰੋਮਣੀ ਅਕਾਲੀ ਦਲ ’ਚ ਤਿਆਗ ਦੀ ਭਾਵਨਾਂ ਦੀ ਮੰਗ ਕੀਤੀ ਸੀ, ਇਹ ਕਿਹਾ ਸੀ ਕਿ ਅਕਾਲੀ ਦਲ ਖੇਤਰੀ ਪਾਰਟੀ ਵਜੋਂ ਦੇਸ਼ ਅੰਦਰ ਮਜਬੂਤ ਹੋਵੇ, ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਮੁਨਾਸਿਬ ਨਹੀ ਸਮਝਿਆ। ਸਗੋਂ ਉਹਨਾਂ ਅੱਗੋਂ ਕਿਹਾ ਮੈਂ ਪ੍ਰਧਾਨ ਹਾਂ, ਪ੍ਰਧਾਨ ਸੀ ਅਤੇ ਪ੍ਰਧਾਨ ਰਹਾਂਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਵਾਜ਼ੇ-ਪੰਜਾਬ ਜਗਮੀਤ ਸਿੰਘ ਬਰਾੜ ਨੇ ਮੌੜ ਕਲਾਂ ਵਿਖੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਬਚਨ ਸਿੰਘ ਬਾਬੇਕਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਅੱਗੇ ਕਿਹਾ ਕਿ ਪੰਥਕ ਹਲਕੇ ਦੁਨੀਆਂ ਭਰ ’ਚ ਇਹ ਕਹਿ ਰਹੇ ਹਨ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤਕੜੀ ਹੋਵੇ, ਉਸੇ ਲਾਈਨ ’ਤੇ ਮੈਂ ਪੰਜਾਬ ਨੂੰ ਜਥੇਬੰਦਕ ਕਰ ਰਿਹਾ ਹਾਂ।
ਸ. ਬਰਾੜ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਭ ਤੋ ਸੰਵੇਦਨਸ਼ੀਲ ਮੁੱਦਾ ਹੈ , ਕਿਉਂਕੇ 90 ਪ੍ਰਤੀਸ਼ਤ ਸਿੱਖਾਂ ਨੂੰ ਟਾਂਡਾ ਦੇ ਵਿਚ ਸ਼ਜਾਵਾਂ ਮਿਲੀਆਂ ਹਨ। ਸਰਕਾਰਾਂ ਵੱਲੋਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਇਸ ਲਈ ਸਾਰੀਆਂ ਪਾਰਟੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁੱਟ ਹੋਣਾ ਚਾਂਹੀਦਾ ਹੈ। ਉਹਨਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੇਜ਼ ’ਤੇ ਪਈ ਹੈ, ਸਗੋਂ ਉਹ ਜਾਣਬੁੱਝ ਕੇ ਫਾਈਲ ’ਤੇ ਦਸਤਖ਼ਤ ਨਹੀ ਕਰ ਰਿਹਾ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰਾਂ ਸਿੱਖਾਂ ਨੂੰ ਜੇਲ੍ਹਾਂ ’ਚ ਬੰਦ ਰੱਖਣਾ ਚਾਂਹੁੰਦੀਆਂ ਹਨ। ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗਿਆਨ ਦਾਸ ਬਾਵਾ, ਸਾਬਕਾ ਕੌਂਸਲਰ ਹਰਬੰਸ ਕੌਰ, ਕੁਲਦੀਪ ਸਿੰਘ ਬਰਾੜ ਬੁਰਜ, ਸਾਬਕਾ ਮੀਤ ਪ੍ਰਧਾਨ ਜਗਦੀਸ਼ ਸਿੰਘ ਜੈਲਦਾਰ, ਬੂਟਾ ਸਿੰਘ ਗਹਿਰੀ, ਲਾਭ ਸਿੰਘ ਮੌੜ ਕਲਾਂ,ਕੁਲਵਿੰਦਰ ਸਿੰਘ ਢਿੱਲੋਂ, ਹਰਮੇਲ ਸਿੰਘ ਮੌੜ ਕਲਾਂ, ਮਨਦੀਪ ਸਿੰਘ ਬਾਬੇਕਾ, ਬਿੰਦਰ ਧਾਲੀਵਾਲ, ਗੁਰਸੇਵਕ ਸਿੰਘ ਆਦਿ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।
0 Comments