ਗਰਲਜ਼ ਸਕੂਲ ਮਾਨਸਾ ਨੇ ਮਾਂ ਬੋਲੀ ਨੂੰ ਸਮਰਪਿਤ ਚੇਤਨਾ ਰੈਲੀ ਕੱਢੀ
ਮਾਨਸਾ 15 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ
ਭਾਸ਼ਾ ਵਿਭਾਗ ਵੱਲੋਂ 21 ਫਰਵਰੀ ਦਾ ਦਿਨ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਰੂਪ ਵਿੱਚ ਸਮੁੱਚੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ । ਇਸੇ ਕੜੀ ਤਹਿਤ ਗਰਲਜ਼ ਸਕੂਲ ਮਾਨਸਾ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ । ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵੱਲੋਂ ਪੰਜਾਬੀ ਮਾਸਟਰ ਡਾ. ਵਿਨੋਦ ਮਿੱਤਲ ਦੀ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਜਾਗਰੂਕਤਾ ਰੈਲੀ ਕੱਢੀ ਗਈ । ਸਕੂਲ ਪਿ੍ੰਸੀਪਲ ਸ਼੍ਰੀਮਤੀ ਪਦਮਨੀ ਸਿੰਗਲਾ ਵੱਲੋਂ ਹਰੀ ਝੰਡੀ ਦੇ ਕੇ ਚੇਤਨਾ ਰੈਲੀ ਨੂੰ ਰਵਾਨਾ ਕੀਤਾ ਗਿਆ । ਇਸ ਰੈਲੀ ਵਿੱਚ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਡਾ. ਵਿਨੋਦ ਮਿੱਤਲ, ਸ਼੍ਰੀਮਤੀ ਸਿਲਪਾ, ਸ਼੍ਰੀਮਤੀ ਮਹਿੰਦਰ ਕੌਰ, ਸ਼੍ਰੀਮਤੀ ਰਮਨੀਤ ਕੌਰ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਨੇ ਭਾਗ ਲਿਆ । ਇਹ ਰੈਲੀ ਗੁਰਦੁਆਰਾ ਚੋੰਕ ਤੋਂ ਸ਼ੁਰੂ ਕਰਕੇ ਬਜ਼ਾਰਾਂ ਅਤੇ ਗਲੀਆਂ ਵਿੱਚੋਂ ਦੀ ਹੁੰਦੀ ਹੋਈ ਸਕੂਲ ਵਿੱਚ ਆ ਕੇ ਸਮਾਪਤ ਹੋਈ । ਰੈਲੀ ਦੌਰਾਨ ਬਜ਼ਾਰ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲ ਅਧਿਆਪਕ ਡਾ. ਵਿਨੋਦ ਮਿੱਤਲ ਵੱਲੋਂ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੁਕਾਨਦਾਰ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ਬੋਲੀ (ਗੁਰਮੁਖੀ ਲਿਪੀ) ਵਿੱਚ ਲਿਖਵਾਉਣ ਕਿਉਂਕਿ ਭਾਸ਼ਾ ਵਿਭਾਗ ਮਾਨਸਾ ਵੱਲੋਂ ਇਸ ਕਾਰਜ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ । ਰੈਲੀ ਦੇ ਅਖੀਰ ਵਿੱਚ ਆਸਰਾ ਲੋਕ ਸੇਵਾ ਕਲੱਬ ਮਾਨਸਾ ਅਤੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈੰਟ ਦਿੱਤੀ ਗਈ । ਸਕੂਲ ਵੱਲੋਂ ਸਿੱਖਿਆ ਵਿਭਾਗ ਅਤੇ ਭਾਸ਼ਾ ਵਿਭਾਗ ਨਾਲ ਮਿਲਕੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅਜਿਹੇ ਕਾਰਜ ਭਵਿੱਖ ਵਿੱਚ ਵੀ ਕੀਤੇ ਜਾਂਦੇ ਰਹਿਣਗੇ ।
0 Comments