ਕੈਬਨਿਟ ਮੰਤਰੀ ਮੀਤ ਹੇਅਰ ਨੇ 4.02 ਕਰੋੜ ਦੇ ਸੀਵਰੇਜ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

 ਕੈਬਨਿਟ ਮੰਤਰੀ ਮੀਤ ਹੇਅਰ ਨੇ 4.02 ਕਰੋੜ ਦੇ ਸੀਵਰੇਜ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

 ਹੰਡਿਆਇਆ ਦੇ ਸੀਵਰੇਜ ਸਿਸਟਮ ’ਚ ਹੋਵੇਗਾ ਵੱਡਾ ਸੁਧਾਰ: ਮੀਤ ਹੇਅਰ

3800 ਮੀਟਰ ਸੀਵਰੇਜ ਦੇ ਨਾਲ ਨਾਲ 3100 ਮੀਟਰ ਰਾਈਜ਼ਿੰਗ ਲਾਈਨ ਦਾ ਕੰਮ ਵੀ ਹੋਵੇਗਾ ਸ਼ੁਰੂ


ਬਰਨਾਲਾ, 13 ਮਾਰਚ/ਕਰਨਪ੍ਰੀਤ ਕਰਨ 

 ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਹੈ ਕਿ ਸ਼ਹਿਰਾਂ ਅਤੇ ਕਸਬਿਆਂ ’ਚ ਪੁਖਤਾ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣ, ਜਿਸ ਤਹਿਤ ਸੀਵਰੇਜ ਪ੍ਰਾਜੈਕਟਾਂ ਸਣੇ ਪੂਰੇ ਬੁਨਿਆਦੀ ਢਾਂਚੇ ’ਚ ਸੁਧਾਰ ਲਿਆਂਦਾ ਜਾ ਰਿਹਾ ਹੈ।

   ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰੰਘ ਮੀਤ ਹੇਅਰ ਨੇ ਹੰਡਿਆਇਆ ਵਿਖੇ 402.36 ਲੱਖ  ਦੇ ਸੀਵਰੇਜ ਅਤੇ ਰਾਈਜ਼ਿੰਗ ਮੇਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਜਿੱਥੇ ਹੰਡਿਆਇਆ ਦੇ ਸੀਵਰੇਜ ਸਿਸਟਮ ’ਚ ਵੱਡਾ ਸੁਧਾਰ ਹੋਵੇਗਾ, ਉਥੇ 3100 ਮੀਟਰ ’ਚ ਰਾਈਜ਼ਿੰਗ ਪਾਈਪਲਾਈਨ ਵੀ ਪਾਈ ਜਾਵੇਗੀ, ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਹੋਵੇਗਾ। ਉਨ੍ਹਾਂ ਦੱਸਿਆ ਕਿ ਕਰੀਬ 3830 ਮੀਟਰ ’ਚ ਸੀਵਰੇਜ ਪੈਣ ਨਾਲ ਗੁਰਦੁਆਰਾ ਪੱਕਾ ਗੁਰੂਸਰ, ਟੈਂਪੂ ਸਟੈਂਡ ਰੋਡ, ਖੁੱਡੀ ਰੋਡ, ਸਲਾਣੀ ਪੱਤੀ, ਲੁੱਧੜ ਪੱਤੀ ਆਦਿ ਦੇ ਇਲਾਕਿਆਂ ਨੂੰ ਵੱਡੀ ਰਾਹਤ ਮਿਲੇਗੀ।  ਇਸ ਮੌਕੇ ਐਕਸੀਅਨ ਸੀਵਰੇਜ ਬੋਰਡ ਸਬਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਕਰੀਬ 750 ਘਰਾਂ ਨੂੰ ਸੀਵਰੇਜ ਦਾ ਕੁਨੈਕਸ਼ਨ ਦਿੱਤਾ ਜਾਵੇਗਾ।

 ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਲੈਕਚਰਾਰਾਂ ਦੀ ਘਾਟ ਅਤੇ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਦੇ ਸਿਸਟਮ ਦੀ ਮੰਗ ਉਠਾਈ ਗਈ, ਜਿਸ ’ਤੇ ਕੈਬਨਿਟ ਮੰਤਰੀ ਵੱਲੋਂ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਗੁਰਦੀਪ ਸਿੰਘ ਬਾਠ, ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸਡੀਓ ਸੀਵਰੇਜ ਬੋਰਡ ਰਾਜਿੰਦਰ ਗਰਗ, ਸਕੂਲ ਪ੍ਰਿੰਸੀਪਲ ਮੇਜਰ ਸਿੰਘ, ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਲਖਵਿੰਦਰ ਕੁਮਾਰ, ਓਐਸਡੀ ਹਸਨਪ੍ਰੀਤ ਭਾਰਦਵਾਜ, ਇਸ਼ਵਿੰਦਰ ਜੰਡੂ, ਹਰਿੰਦਰ ਧਾਲੀਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।

Post a Comment

0 Comments