ਜਣਨੀ ਸੁਰੱਖਿਆ ਯੋਜਨਾ ਤਹਿਤ ਹਸਪਤਾਲ ਵਿੱਚ ਜਣੇਪਾ ਕਰਵਾਉਣ ਵਾਲੀ ਗਰਭਵਤੀ ਮਾਂ ਨੂੰ 700 ਰੂਪੈ ਦੀ ਵਿੱਤੀ ਸਹਾਇਤਾ ਦੀ ਸੁਵਿਧਾ
*ਗਰਭਵਤੀ ਔਰਤਾਂ ਦਾ ਟੀਕਾਕਰਨ ਅਤੇ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ
*ਸੁਰੱਖਿਅਤ ਜਣੇਪੇ ਲਈ ਗਰਭਵਤੀ ਔਰਤਾਂ ਸਮੇਂ ਸਮੇਂ ਤੇ ਜਾਂਚ ਅਤੇ ਜਣੇਪਾ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਉਣ-ਸਿਵਲ ਸਰਜਨ
ਮਾਨਸਾ 10 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ
ਕੌਮੀ ਸ਼ਹਿਰੀ ਸਿਹਤ ਮਿਸ਼ਨ ਅਧੀਨ ਪ੍ਰਧਾਨ ਮੰਤਰੀ ਮਾਤਰੀਤਵ ਅਭਿਆਨ ਦਿਵਸ ’ਤੇ ਮੈਗਾ ਮੈਡੀਕਲ ਚੈਕਅੱਪ ਕੈਂਪ ਜ਼ਿਲਾ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਦਫ਼ਤਰ ਸਿਵਲ ਸਰਜਨ ਠੂਠਿਆਂ ਵਾਲੀ ਰੋਡ ਮਾਨਸਾ ਵਿਖੇ ਲਗਾਇਆ ਗਿਆ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜਣਨੀ ਸੁਰੱਖਿਆ ਯੋਜਨਾ ਤਹਿਤ ਹਸਪਤਾਲ ਵਿੱਚ ਜਣੇਪਾ ਕਰਾਉਣ ਵਾਲੀ ਗਰਭਵਤੀ ਮਾਂ ਨੂੰ ਸਿਹਤ ਵਿਭਾਗ ਵੱਲੋਂ 700 ਰੂਪੈ ਦੀ ਸਹਾਇਤਾ ਦਿਤੀ ਜਾਂਦੀ ਹੈ। ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਸੁਰੱਖਿਅਤ ਜਣੇਪੇ ਨੂੰ ਮੁੱਖ ਰੱਖਦੇ ਹੋਏ ਗਰਭਵਤੀ ਔਰਤਾਂ ਦਾ ਟੀਕਾਕਰਨ ਅਤੇ ਜਾਂਚ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਵੱਲੋਂ ਸਮੇਂ ਸਮੇਂ ’ਤੇ ਗਰਭਵਤੀ ਔਰਤਾਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਦਾ ਧਿਆਨ ਰੱਖ ਸਕਣ।
ਇਸ ਮੌਕੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਅੋਰਤ ਰੋਗਾਂ ਦੇ ਮਾਹਿਰ ਡਾ.ਸ਼ਿਵਾਲੀ ਨੇ ਦੱਸਿਆ ਕਿ ਬਲਾਕ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿਚ ਗਰਭਵਤੀ ਔਰਤਾਂ ਲਈ ਹਰ ਬੁੱਧਵਾਰ ਨੂੰ ਮਮਤਾ ਦਿਵਸ ਅਤੇ ਹਰ ਮਹੀਨੇ ਦੀ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਦਿਵਸ ਦੇ ਤੌਰ ’ਤੇ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਟੀਕਾਕਰਨ ਕੈਂਪ ਲਗਾਏ ਜਾਂਦੇ ਹਨ। ਇਸ ਦਿਨ ਔਰਤ ਰੋਗਾਂ ਦੇ ਮਾਹਿਰ ਵੱਲੋਂ ਸਿਹਤ ਜਾਂਚ ਦੇ ਨਾਲ ਨਾਲ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆਂ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਵੱਖ ਵੱਖ ਕਾਰਨਾਂ ਕਰਕੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ, ਜੇਕਰ ਗਰਭਵਤੀ ਔਰਤ ਸਮੇਂ ਸਿਰ ਆਪਣੀ ਜਾਂਚ ਨਹੀਂ ਕਰਵਾਉਂਦੀਆਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ, ਕਈ ਵਾਰ ਗਰਭਵਤੀ ਔਰਤ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਹਰ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਆਪਣੀ ਸਿਹਤ ਜਾਂਚ ਚਾਰ ਵਾਰ ਕਰਵਾਉਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਆਉਣ ’ਤੇ ਬਿਨਾਂ ਕਿਸੇ ਲਾਪ੍ਰਵਾਹੀ ਵਰਤੇ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾ ਕੇ ਆਪਣਾ ਇਲਾਜ਼ ਕਰਾਉਣਾ ਚਾਹੀਦਾ ਹੈ ਅਤੇ ਨਾਲ ਹੀ ਆਪਣੀ ਰੂਟੀਨ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਇਸ ਮੋਕੇ ਡਾ.ਅਰਸ਼ਦੀਪ ਸਿੰਘ,ਡਾ.ਵਰੂਣ ਮਿਤਲ ਮੈਡੀਕਲ ਅਫਸਰ,ਅਵਤਾਰ ਸਿੰਘ ਜਿਲਾ ਪ੍ਰੋਗਰਾਮ ਮੈਨੇਜਰ, ਰਾਜਵੀਰ ਕੋਰ ਐਲ. ਐਚ.ਵੀ.ਮਲਕੀਤ ਕੋਰ ਏ.ਐਨ.ਐਮ.,ਸੂਰਜ ਕੋਰ ਏ.ਐਨ.ਐਮ.,ਗੋਬਿੰਦ ਸਿੰਘ ਐਲ.ਟੀ.,ਚਰਨਜੀਤ ਕੋਰ ਆਸਾ,ਮਨਦੀਪ ਕੌਰ ਆਸਾ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਹਨ।
0 Comments