ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋ ਪਰਾਲੀ ਪ੍ਰਬੰਧਨ ’ਤੇ ਕਿਸਾਨ ਮੇਲੇ ਦਾ ਆਯੋਜਨ
*800 ਤੋਂ ਵਧੇਰੇ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਕੀਤੀ ਸ਼ਿਰਕਤ
*ਕਿਸਾਨ ਮੇਲੇ ਵਿਚ 22 ਅਗਾਂਹਵਧੂ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਿਤ
ਮਾਨਸਾ, 10 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ
ਕਿ੍ਰਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਅਨਾਜ ਮੰਡੀ, ਭੀਖੀ ਵਿਖੇ ਪਰਾਲੀ ਪ੍ਰਬੰਧਨ ’ਤੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਡਾਇਰੈਕਟਰ, ਡਾ. ਜਗਦੀਸ਼ ਗਰੋਵਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਿਸਾਨ ਮੇਲੇ ਵਿੱਚ 800 ਤੋਂ ਵਧੇਰੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। 22 ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਸਾਨਾਂ ਤੇ ਵੱਖ-ਵੱਖ ਵਿਭਾਗਾਂ ਖੇਤੀਬਾੜੀ ਵਿਭਾਗ, ਬਾਗਬਾਨੀ ਅਤੇ ਕਿਸਾਨਾਂ ਦੇ ਸਮੂਹ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਮੇਲੇ ਦੌਰਾਨ ਸਬਜ਼ੀਆਂ ਦੇ ਬੀਜਾਂ ਦੀ ਕਿੱਟ, ਸਬਜ਼ੀਆਂ ਦੇ ਖੁੱਲੇ੍ਹ ਬੀਜ, ਸਬਜ਼ੀਆਂ ਵਾਲੇ ਗੁਆਰੇ ਦੀ ਨਵੀ ਕਿਸਮ ਪੀ ਵੀ ਜੀ-1 ਦਾ ਬੀਜ ਅਤੇ ਤਰਵੰਗਾ ਅਤੇ ਹੋਰ ਕੱਦੂ ਜਾਤੀ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ, ਪਸ਼ੂਆਂ ਲਈ ਧਾਂਤਾ ਦਾ ਚੂਰਾ, ਚੱਟਣ ਵਾਲੀ ਇੱਟ ਅਤੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ।
ਇਸ ਮੌਕੇ ਡਾ. ਜਗਦੀਸ਼ ਗਰੋਵਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਿਰ ਜੋੜ ਕੇ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਭਲਾਈ ਸਬੰਧੀ ਨੀਤੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਹੋਰ ਵਿਭਾਗਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਆ।
ਡਿਪਟੀ ਡਾਇਰੈਕਟਰ, ਕਿ੍ਰਸ਼ੀ ਵਿਗਿਆਨ ਕੇਂਦਰ ਡਾ. ਗੁਰਦੀਪ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਸਾਨਾਂ ਨੂੰ ਕਿ੍ਰਸ਼ੀ ਵਿਗਿਆਨ ਕੇਂਦਰ ਨਾਲ ਜੁੜ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਆ ਅਤੇ ਕਿਸਾਨਾਂ ਨੂੰ ਸਮੂਹ ਬਣਾ ਕੇ ਪ੍ਰੋਸੈਸਿੰਗ ਦੇ ਕਿੱਤੇ ਵੱਲ ਆਉਣ ਲਈ ਪ੍ਰੇਰਿਤ ਕੀਤਾ।
ਇੰਜ ਅਲੋਕ ਗੁਪਤਾ ਨੇ ਪਰਾਲੀ ਪ੍ਰਬੰਧਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੀ ਏ ਯੂ ਸਮਾਰਟ ਸੀਡਰ, ਹੈਪੀ ਸੀਡਰ ਅਤੇ ਹੋਰ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਦੇ ਲਾਭ ਦੱਸੇ। ਉਨ੍ਹਾਂ ਦੱਸਿਆ ਕਿ ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਬਹੁਤ ਹੀ ਘੱਟ ਕਿਰਾਏ ਉੱਪਰ ਮਸ਼ੀਨਰੀ ਮਹੁੱਈਆਂ ਕਰਵਾਈ ਜਾਂਦੀ ਹੈ। ਡਾ.ਬਲਕਰਨ ਸਿੰਘ ਸੰਧੂ (ਫ਼ਸਲ ਵਿਗਿਆਨ) ਨੇ ਝੋਨੇ ਦੀਆਂ ਕਿਸਮਾਂ ਅਤੇ ਸਿੱਧੀ ਬਿਜਾਈ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਰਣਵੀਰ ਸਿੰਘ ਨੇ ਕਿਸਾਨਾਂ ਨੂੰ ਬੀਜ ਸੋਧ ਕਰਨ ਦੇ ਫਾਇਦੇ ਦੱਸਦਿਆਂ ਸਪਰੇਹਾਂ ਤੋਂ ਬਚਣ ਦੀ ਅਪੀਲ ਕੀਤੀ। ਡਾ. ਅਜੈ ਸਿੰਘ ਨੇ ਗਰਮੀ ਦੀ ਰੁੱਤ ਵਿਚ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ। ਖੇਤੀਬਾੜੀ ਵਿਭਾਗ ਤੋਂ ਆਏ ਡਾ. ਹਰਵਿੰਦਰ ਸਿੰਘ (ਬਲਾਕ ਖੇਤੀਬਾੜੀ ਅਫ਼ਸਰ), ਭੀਖੀ, ਅਤੇ ਮਾਨਸਾ ਨੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਅਤੇ ਬਾਗਬਾਨੀ ਵਿਭਾਗ ਤੋਂ ਡਾ. ਬਲਬੀਰ ਸਿੰਘ ਸਹਾਇਕ ਡਾਇਰੈਕਟਰ (ਬਾਗਬਾਨੀ) ਨੇ ਬਾਗਬਾਨੀ ਵਿਭਾਗ ਦੁਆਰਾ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਭੱਲਣ ਸਿੰਘ ਸੇਂਖੋਂ ਨੇ ਕਿਸਾਨਾਂ ਨੂੰ ਘਰੇਲੂ ਬਗੀਚੀ ਅਤੇ ਨਰਸਰੀ ਉਤਪਾਦਨ ਅਪਨਾਉਣ ਲਈ ਉਤਸ਼ਾਹਿਤ ਕੀਤਾ
0 Comments