ਨਸ਼ਾ ਰੋਕੂ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਅਤੇ ਸ਼ੱਕੀ ਥਾਵਾਂ ਤੇ ਸਰਚ ਅਭਿਆਨ ਤੇਜੀ ਨਾਲ ਜਾਰੀ -ਥਾਣਾ ਮੁੱਖੀ ਬੇਅੰਤ ਕੌਰ

 ਨਸ਼ਾ ਰੋਕੂ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਅਤੇ ਸ਼ੱਕੀ ਥਾਵਾਂ ਤੇ ਸਰਚ ਅਭਿਆਨ ਤੇਜੀ ਨਾਲ ਜਾਰੀ -ਥਾਣਾ ਮੁੱਖੀ ਬੇਅੰਤ ਕੌਰ 

ਪੁਲਿਸ ਅਤੇ ਸਿਹਤ ਵਿਭਾਗ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਲੋਕਾਂ ਵੱਲੋਂ ਭਰਭੂਰ ਸ਼ਲਾਘਾ 


ਬੋਹਾ 31 ਜੁਲਾਈ (ਦਵਿੰਦਰ ਸਿੰਘ ਕੋਹਲੀ)-ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਹੜ ਨੂੰ ਠੱਲ੍ਹ ਪਾਉਣ ਲਈ ਵੱਡੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।ਜਿਸ ਤਹਿਤ ਐਸ ਐਸ ਪੀ ਮਾਨਸਾ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਥਾਣਾ ਬੋਹਾ ਦੇ ਮੁੱਖੀ ਬੇਅੰਤ ਕੌਰ  ਵੀ ਇਲਾਕੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੂਰੀ ਤਰ੍ਹਾਂ ਤੱਤਪਰ ਹਨ।ਖੇਤਰ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਜਿੱਥੇ ਇਲਾਕੇ ਦੇ ਪਤਵੰਤੇ, ਸਮਾਜਸੇਵੀ ਸੰਸਥਾਵਾਂ ਤੋਂ ਇਲਾਵਾ ਸਿਹਤ ਵਿਭਾਗ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਬੋਹਾ ਖੇਤਰ ਵਿੱਚ ਤੇਜ਼ੀ ਨਾਲ ਚੱਲ ਰਹੀ ਨਸ਼ਾ ਰੋਕੂ ਮੁਹਿੰਮ ਕਾਰਨ ਨਸ਼ਾ ਤਸਕਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸੇ ਨਸ਼ਾ ਰੋਕੂ ਮੁਹਿੰਮ ਤਹਿਤ ਅੱਜ ਬੋਹਾ ਥਾਣਾ ਮੁਖੀ ਬੇਅੰਤ ਕੌਰ ਵੱਲੋਂ ਸਮੂਹ ਪੁਲਿਸ ਸਟਾਫ ਅਤੇ ਜਿਲਾ ਡਰੱਗ ਇੰਸਪੈਕਟਰ ਓਂਕਾਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਨਾਲ ਲੈਕੇ ਸਥਾਨਕ ਮੈਡੀਕਲ ਸਟੋਰਾਂ ਨੂੰ ਸੁਚੱਜੇ ਢੰਗ ਨਾਲ ਚੈਕ ਕੀਤਾ ਗਿਆ ਅਤੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਇਹ ਹਦਾਇਤ ਜਾਰੀ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਵੀ ਪਾਬੰਦੀਸ਼ੁਦਾ ਦਵਾਈ ਨਾ ਵੇਚਣ ਜ਼ੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਕਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਬੇਅੰਤ ਕੌਰ ਨੇ ਸ਼ਹਿਰ ਨਿਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਜੇਕਰ ਸ਼ਹਿਰ ਅੰਦਰ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਬਿਨਾਂ ਕਿਸੇ ਝਿਜਕ ਤੋਂ ਬੋਹਾ ਪੁਲਿਸ ਨੂੰ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।

     ਉੱਧਰ ਬੋਹਾ ਪੁਲਿਸ ਦੀ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਗਈ ਇਸ ਮੁਹਿੰਮ ਕਾਰਨ ਸਥਾਨਕ ਸਮਾਜਸੇਵੀ ਸੰਸਥਾਵਾਂ ਅੰਦਰ ਖ਼ੁਸ਼ੀ ਦੀ ਲਹਿਰ ਹੈ। ਨੌਜਵਾਨ ਲੋਕ ਭਲਾਈ ਕਲੱਬ ਬੋਹਾ ਦੇ ਸਰਪ੍ਰਸਤ ਹਰਪਾਲ ਸਿੰਘ ਪੰਮੀ, ਸਮਾਜਸੇਵੀ ਸੁਨੀਲ ਕੁਮਾਰ ਬੰਟੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਹਾਕਮਵਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਬਲ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਬੋਹਾ ਥਾਣਾ ਦੇ ਮੁੱਖੀ ਬੇਅੰਤ ਕੌਰ ਅਤੇ ਸਮੂਹ ਸਟਾਫ ਦੀ ਭਰਭੂਰ ਸ਼ਲਾਘਾ ਕਰਦਿਆਂ ਆਖਿਆ ਕਿ ਉਹ ਖੇਤਰ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਡੁੱਬਣ ਤੋਂ ਬਚਾਉਣ ਲਈ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਹਰ ਸੰਭਵ ਮੱਦਦ ਕਰਨ ਲਈ ਭਰਪੂਰ ਯਤਨ ਕਰਨਗੇ।

Post a Comment

0 Comments