ਪਿੰਡ ਚੱਕ ਭਾਈਕੇ ਵਿਖੇ ਡੇਂਗੂ ਵਿਰੁੱਧ ਮੁਹਿੰਮ ਵਿੱਚ ਆਸਾ ਦੇ ਰੋਲ ਬਾਰੇ ਚਰਚਾ ਕਰਦੇ ਹੋਏ ਹਰਬੰਸ ਮੱਤੀ ਬੀ.ਈ.ਈ.
ਸਿਹਤ ਵਿਭਾਗ ਦੀ ਰੀੜ ਦੀ ਹੱਡੀ ਹਨ ਆਸਾ ਵਰਕਰ: ਮੱਤੀ
ਡੇਂਗੂ ਵਿਰੁੱਧ ਮੁਹਿੰਮ ਵਿੱਚ ਆਸ਼ਾ ਵਰਕਰਾਂ ਨਿਭਾ ਸਕਦੀਆਂ ਹਨ ਅਹਿਮ ਰੋਲ : ਮੱਤੀ
ਬੁਢਲਾਡਾ-ਦਵਿੰਦਰ ਸਿੰਘ ਕੋਹਲੀ
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਗੁਰਚੇਤਨ ਪ੍ਰਕਾਸ਼ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਬੁਢਲਾਡਾ ਵਿੱਚ ਡੇਂਗੂ ਵਿਰੁੱਧ ਮੁਹਿਮ ਜਾਰੀ ਹੈ। ਇਸੇ ਲੜੀ ਤਹਿਤ ਸ਼੍ਰੀ ਹਰਬੰਸ ਮੱਤੀ ਬੀ.ਈ.ਈ. ਨੇ ਸਬ ਸੈਂਟਰ ਚੱਕ ਭਾਈਕੇ ਦਾ ਦੌਰਾ ਕੀਤਾ। ਇਸ ਮੌਕੇ ਸ਼੍ਰੀ ਹਰਬੰਸ ਮੱਤੀ ਨੇ ਕਿਹਾ ਆਸਾ ਵਰਕਰ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਹਨ। ਆਸਾ ਵਰਕਰ ਡੇਂਗੂ ਵਿਰੁੱਧ ਮੁਹਿੰਮ ਵਿੱਚ ਅਹਿਮ ਰੋਲ ਨਿਭਾ ਸਕਦੀਆ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜੁਲਾਈ ਮਹੀਨਾ ਡੇਂਗੂ ਜਾਗਰੂਕਤਾ ਮਾਹ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਮਹਿੰਮ ਵਿਚ ਵਿਭਾਗ ਦਾ ਮਲਟੀਪਰਪਜ ਹੈਲਥ ਵਰਕਰ ਕੈਡਰ ਲੋਕਾਂ ਨੂੰ ਜਿਥੇ ਡੇਂਗੂ ਮਲੇਰੀਆ ਬਾਰੇ ਜਾਗਰੂਕ ਕਰਦਾ ਹੈ, ਉਸ ਦੇ ਨਾਲ ਘਰ-ਘਰ ਵਿਜ਼ਿਟ ਕਰਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰਨਾ ਅਤੇ ਪਿੰਡ ਦੇ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਪਾਉਣਾ ਜਾਂ ਕਾਲੇ ਤੇਲ ਦਾ ਛਿੜਕਾਅ ਕਰਵਾਓਣਾ ਆਦਿ ਗਤੀਵਿਧੀਆਂ ਕੀਤੀ ਜਾਂਦੀਆਂ ਹਨ। ਇਸ ਕੰਮ ਵਿਚ ਪਿੰਡ ਵਿਖੇ ਸਿਹਤ ਸਹੂਲਤਾਂ ਦੇ ਰਹੀਆਂ ਆਸ਼ਾ ਵਰਕਰਾਂ ਦਾ ਵੀ ਸਹਿਯੋਗ ਮਿਲਦਾ ਹੈ। ਸਿਹਤ ਵਿਭਾਗ ਵੱਲੋਂ ਆਸਾ ਵਰਕਰਾਂ ਨੂੰ ਡੇਂਗੂ ਮਲੇਰੀਆ ਜਿਹੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਵਿਸੇਸ ਰੂਪ ਵਿੱਚ ਦੱਸਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਲੋਕਾਂ ਨੂੰ ਡੇਂਗੂ ਮਲੇਰੀਆ ਆਦਿ ਬਿਮਾਰੀਆਂ ਤੋਂ ਬਚਾਉਣਾ ਹੈ। ਜਿਸ ਲਈ ਡੇਂਗੂ ਦਾ ਲਾਰਵਾ ਪੈਦਾ ਹੋਣ ਤੋਂ ਰੋਕਣ ਦੇ ਨਾਲ-ਨਾਲ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਵੀ ਬਹੁਤ ਜਰੂਰੀ ਹੈ। ਉਹਨਾਂ ਨੇ ਆਸਾ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ ਏਰੀਏ ਵਿੱਚ ਘਰ ਘਰ ਫੇਰੀ ਦੌਰਾਨ ਲੋਕਾਂ ਨੂੰ ਮੱਛਰ ਪੈਦਾ ਨਾ ਹੋਣ ਬਾਰੇ ਜਰੂਰੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨ। ਜਿਵੇਂ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਅਤੇ ਘਰਾਂ ਵਿੱਚ ਰੱਖੇ ਖਾਲੀ ਭਾਂਡਿਆਂ ਵਿੱਚ ਸਾਫ਼ ਪਾਣੀ ਜਿਆਦਾ ਦਿਨਾਂ ਤੱਕ ਜਮਾਂ ਨਾ ਹੋਣ ਦਿਓ, ਸਿਰ ਦਰਦ ਅਤੇ ਤੇਜ ਬੁਖਾਰ ਹੋਣ ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਨੂੰ ਦਿਖਾਓ, ਘਰਾਂ ਵਿੱਚ ਰੱਖੇ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀ ਟ੍ਰੇ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਜਰੂਰ ਕਰੋ ਆਦਿ। ਅਜਿਹੀਆਂ ਸਾਵਧਾਨੀਆਂ ਬਰਤ ਕੇ ਹੀ ਅਸੀ ਡੇਂਗੂ ਤੋਂ ਬੱਚ ਸੱਕਦੇ ਹਾਂ।
0 Comments