ਜਨਤਕ ਸੰਗਠਨਾਂ ਵਲੋਂ ਮਨੀਪੁਰੀ ਔਰਤਾਂ ਦੀ ਬੇਪਤੀ ਖ਼ਿਲਾਫ਼ ਸਾੜਿਆ ਮੋਦੀ ਸਰਕਾਰ ਦਾ ਪੁਤਲਾ

ਜਨਤਕ  ਸੰਗਠਨਾਂ ਵਲੋਂ ਮਨੀਪੁਰੀ ਔਰਤਾਂ ਦੀ ਬੇਪਤੀ ਖ਼ਿਲਾਫ਼ ਸਾੜਿਆ ਮੋਦੀ ਸਰਕਾਰ ਦਾ ਪੁਤਲਾ

 


ਮਾਨਸਾ 23 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ 

    ਪਿਛਲੇ ਢਾਈ ਮਹੀਨਿਆਂ ਤੋਂ ਮਨੀਪੁਰ ਵਿੱਚ ਜਾਰੀ ਨਸਲੀ ਹਿੰਸਾ, ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਅਤੇ ਸਮੂਹਕ ਬਲਾਤਕਾਰ, ਸਾੜ ਫੂਕ ਦੀਆਂ ਘਟਨਾਵਾਂ ਦੇ ਵਿਰੋਧ ਦੇ ਵਿੱਚ ਮਾਨਸਾ ਦੀਆਂ ਜਨਤਕ ਜਥੇਬੰਦੀਆਂ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੋਸਾਇਟੀ ਮਾਨਸਾ, ਆਲ ਇੰਡੀਆ ਪ੍ਰਗਤੀਸ਼ੀਲ ਇਸਤਰੀ ਸਭਾ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੱਦੇ ਤੇ ਸਥਾਨਕ ਬਾਲ ਭਵਨ ਮਾਨਸਾ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਦ ਜ਼ਿਲਾ ਸਕੱਤਰੇਤ ਦੇ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਵਿਖਾਵਾਕਾਰੀ ਮੋਦੀ ਅਮਿਤ ਸ਼ਾਹ ਜੁੰਡਲੀ ਸ਼ਰਮ ਕਰੋ ਅਤੇ ਮਨੀਪੁਰ ਦੀ ਬੀਜੇਪੀ ਸਰਕਾਰ ਨੂੰ ਭੰਗ ਕਰੋ ਦੇ ਨਾਹਰੇ ਲਾ ਰਹੇ ਸਨ।

      ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਕਿਹਾ ਕੇਂਦਰ ਦੀ ਬੀ ਜੇ ਪੀ ਸਰਕਾਰ ਅਤੇ ਆਰ ਐਸ ਐਸ ਵੱਲੋਂ ਫ਼ਿਰਕੂ ਧਰੁਵੀਕਰਨ ਤਿੱਖਾ ਕਰਨ ਲਈ  ਮਨੀਪੁਰ 'ਚ ਮਤੈਈ ਹਿੰਦੂ ਬਹੁਗਿਣਤੀ ਦੀ ਨੂੰ ਸ਼ਹਿ ਦੇ ਇਸਾਈ ਮੁਸਲਿਮ ਕੂਕੀ ਭਾਈਚਾਰੇ ਦੀ ਨਸਲਕੁਸ਼ੀ ਅਤੇ ਔਰਤਾਂ ਦੇ ਮਾਨ ਤੇ ਇਸਮਤ ਦਾ ਘਾਣ ਕਰਵਾਇਆ ਜਾ ਰਿਹਾ ਹੈ।  ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਲੱਖਾ ਸਿੰਘ ਨੇ ਕਿਹਾ ਕੇ ਮੋਦੀ ਸਰਕਾਰ ਪਿਛਲੇ ਨੌਂ ਸਾਲਾਂ ਤੋਂ ਸੋਚੀ ਸਮਝੀ ਸ਼ਾਜਿਸ ਤਹਿਤ  ਸਮਾਜ ਵਿੱਚ ਅੰਧਵਿਸ਼ਵਾਸ ਅਤੇ ਗੈਰ ਵਿਗਿਆਨਕ ਸੋਚ ਨੂੰ ਫੈਲਾ ਰਹੀ ਹੈ। ਤਰਕਪੂਰਨ ਅਤੇ ਵਿਗਿਆਨਕ ਸੋਚ ਰੱਖਣ ਵਾਲੇ ਬੁਧੀਜੀਵੀਆਂ ਅਤੇ ਸਿਆਸੀ ਕਾਰਕੁਨਾਂ ਨੂੰ ਜੇਲ ਵਿਚ ਸੁਟਿਆ ਜਾਂ ਕਤਲ ਕੀਤਾ ਜਾ ਰਿਹਾ ਹੈ। ਮਨੀਪੁਰ ਵਿੱਚ ਵਾਪਰੀ ਅਣਮਨੁੱਖੀ ਘਟਨਾ ਵੀ ਉਪਰੋਕਤ ਕੋਝੀ ਸਿਆਸਤ ਦਾ ਹੀ ਸਿੱਟਾ ਹੈ। ਜਮਹੂਰੀ ਅਧਿਕਾਰ ਸਭਾ ਦੇ ਆਗੂ ਹਰਗਿਆਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਔਰਤਾਂ ਅਤੇ ਘੱਟਗਿਣਤੀਆਂ ਦੇ ਹੱਕਾਂ ਨੂੰ ਕੁਚਲ ਰਹੀ ਹੈ।  ਡੀ ਟੀ ਐਫ਼ ਦੀ ਆਗੂ ਗੁਰਪ੍ਰੀਤ ਕੌਰ  ਨੇ ਕਿਹਾ ਕਿ ਦਹਾਕਿਆਂ ਤੋਂ ਉੱਤਰ ਪੂਰਬ ਦੇ ਰਾਜਾਂ ਨੂੰ ਸਿੱਖਿਆ ਤੋਂ ਹੀ ਵਾਂਝਾ ਰੱਖ ਕੇ ਜਹਾਲਤ ਤੇ ਟਕਰਾਅ ਵੱਲ ਧੱਕਿਆ ਜਾ ਰਿਹਾ ਹੈ । ਇਹੋ ਜਹੀ ਫਿਰਕੂ ਤੇ ਨਫ਼ਰਤੀ ਪਹੁੰਚ ਹੀ ਚਾਰ ਮਈ ਨੂੰ ਵਾਪਰੀ ਘਟਨਾ ਲਈ  ਜ਼ਿੰਮੇਵਾਰ ਹੈ।  ਉਹਨਾਂ ਨੇ ਕਿਹਾ ਹਰ ਤਰ੍ਹਾਂ ਦੀ ਲੜਾਈ ਚ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਹੈ।

      ਇਸ ਸਮੇਂ  ਉਪਰੋਕਤ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਤੇ ਨਿਰਮਲ ਸਿੰਘ ਝੰਡੂਕੇ ਸਮੇਤ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਦੇ ਆਗੂ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ, ਇਨਕਲਾਬੀ ਨੌਜਵਾਨ ਸਭਾ ਦੇ ਵਿੰਦਰ ਅਲਖ, ਡੀ ਟੀ ਐਫ ਦੇ ਪਰਮਿੰਦਰ ਸਿੰਘ ਮਾਨਸਾ, ਅਮੋਲਕ ਡੇਲੂਆਣਾ, ਰਾਜਵਿੰਦਰ ਮੀਰ , ਗੁਰਲਾਲ ਗੁਰਨੇ, ਅਮਰੀਕ ਭੀਖੀ, ਕੁਲਦੀਪ ਕੌਰ, ਮਨਜੀਤ ਕੌਰ, ਸੁਖਵੀਰ ਬੱਬੀ, ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਰਾਜਵਿੰਦਰ ਰਾਣਾ, ਕ੍ਰਿਸ਼ਨਾ ਕੌਰ, ਦਰਸ਼ਨ ਸਿੰਘ ਦਾਨੇਵਾਲਾ, ਸੀਪੀਐੱਮ ਦੇ ਸਵਰਨਜੀਤ ਦਲਿਓ, ਸੀਪੀਆਈ ਦੇ ਕ੍ਰਿਸ਼ਨ  ਚੌਹਾਨ, ਅਜ਼ਾਦ ਵਿਚਾਰ ਮੰਚ ਦੇ ਜਸਵੀਰ ਜਸ਼ਨ,  ਸੁਖਜਿੰਦਰ ਸਿੰਘ, ਮੇਜਰ ਸਿੰਘ ਦੂਲੋਵਾਲ, ਜਗਰਾਜ ਰੱਲਾ ਆਦਿ ਨੇ ਵੀ ਸੰਬੋਧਨ ਕੀਤਾ।


Post a Comment

0 Comments