ਜਿ਼ਲ੍ਹਾ ਪ੍ਰਸਾਸ਼ਨ ਤੋਂ ਬਾਅਦ ਨਸ਼ਾ ਵਿਰੋਧੀ ਸਾਂਝੀਐਕਸ਼ਨ ਕਮੇਟੀ ਹੋਈ ਸਰਕਾਰ ਦੁਆਲੇ ,ਮੁੱਖ ਮੰਤਰੀ ਦੀ ਅਰਥੀ ਫੂਕੀ

 ਜਿ਼ਲ੍ਹਾ ਪ੍ਰਸਾਸ਼ਨ ਤੋਂ ਬਾਅਦ ਨਸ਼ਾ ਵਿਰੋਧੀ ਸਾਂਝੀਐਕਸ਼ਨ ਕਮੇਟੀ ਹੋਈ ਸਰਕਾਰ ਦੁਆਲੇ ,ਮੁੱਖ ਮੰਤਰੀ ਦੀ ਅਰਥੀ ਫੂਕੀ

ਇੱਕ ਅਗਸਤ ਤੋਂ ਪਿੰਡ ਪਿੰਡ ਸਾੜੀਆਂ ਜਾਣਗੀਆਂ ਵਿਧਾਇਕਾਂ ਦੀਆਂ ਅਰਥੀਆਂ


ਮਾਨਸਾ 28 ਜੁਲਾਈ-ਗੁਰਜੰਟ ਸਿੰਘ ਬਾਜੇਵਾਲੀਆ 

 ਪਿਛਲੇ 14 ਦਿਨਾਂ ਤੋਂ ਪਰਮਿੰਦਰ ਸਿੰਘ ਝੋਟੇ ਦੀ ਗਿਰਫਤਾਰੀ ਅਤੇ ਨਸ਼ਾ ਬੰਦੀ ਨੂੰ ਲੈ ਕੇ ਧਰਨੇ `ਤੇ ਬੈਠੀ ਨਸ਼ਾ ਵਿਰੋਧੀ ਸਾਂਝੀ  ਐਕਸ਼ਨ ਕਮੇਟੀ ਹੁਣ ਜਿ਼ਲ੍ਹਾ ਪ੍ਰਸਾਸ਼ਨ ਦੇ ਨਾਲ ਹੀ ਸਰਕਾਰ ਦੁਆਲੇ ਵੀ ਹੋ ਗਈ ਹੈ। ਅੱਜ ਪ੍ਰਬੰਧਕੀ ਕੰਪਲੈਕਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕ ਕੇ ਖੁੱਲ੍ਹੇ ਰੂਪ ਵਿੱਚ ਸਰਕਾਰੀ ਵਿਰੋਧ ਦੀ ਸ਼ੁਰੂਆਤ ਕਰਦਿਆਂ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।ਮੌਕੇ `ਤੇ ਸੰਬੋਧਨ ਕਰਦਿਆਂ ਆਗੂਆਂ ਦੋਸ਼ ਲਗਾਇਆ ਕਿ ਰਾਜ ਕਰਦੀ ਪਾਰਟੀ ਦੇ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ ਅਤੇ ਸਥਾਨਕ ਆਗੂਆਂ ਦੀ ਚੁੱਪ ਸਪਸ਼ਟ ਕਰਦੀ ਹੈ ਕਿ ਕੁੱਤੀ ਚੋਰਾਂ ਨਾਲ ਰਲ ਗਈ ਹੈ। ਝੂਠੇ ਵਾਅਦਿਆਂ `ਚ ਆਏ ਪੰਜਾਬ ਦੇ ਲੋਕ ਤਾਂ ਚੰਗੇ ਸਮਾਜ ਲਈ ਬਦਲਾਵ ਦੀ ਉਡੀਕ ਕਰ ਰਹੇ ਸਨ ਪਰ ਆਪ ਦੀ ਸਰਕਾਰ ਨੇ ਨਸ਼ਾ ਤਸਕਰਾਂ ਦੀ ਪਿੱਠ ਥਾਪੜ ਕੇ ਸਮਾਜ ਮਾਰੂ ਬਦਲਾਅ ਦਾ ਮੁੱਢ ਬੰਨ੍ਹ ਦਿੱਤਾ ਹੈ। ਆਗੂਆਂ ਕਿਹਾ ਜਿਸ ਮੁੱਦੇ ਦਾ ਪਿੰਡ ਪਿੰਡ ਰੌਲਾ ਹੈ ਅਤੇ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਮਾਵਾਂ ਵਿਰਲਾਪ ਕਰ ਕਰ ਅਧਮੋਈਆਂ ਹੋ ਰਹੀਆਂ ਉਹ ਚੀਕਾਂ ਆਪ ਸਰਕਾਰ ਨੂੰ ਸੁਣਾਈ ਹੀ ਨਹੀਂ ਦੇ ਰਹੀਆਂ ।ਨਿੱਕੀ ਜਿਹੀ ਗੱਲ `ਤੇ ਕੁੱਕੜਾਂ ਵਾਂਗ ਲੜਨ ਵਾਲੇ ਮੁੱਖ ਮੰਤਰੀ ਦੇ ਟਵੀਟ ਨਸ਼ਾ ਬੰਦੀ ਮੌਕੇ ਪਤਾ ਨਹੀਂ ਕਿੱਧਰ ਗੁੰਮ ਜਾਂਦੇ ਹਨ । ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਝੋਟੇ `ਤੇ ਦਰਜ਼ ਪਰਚੇ ਸਬੰਧੀ ਏ ਡੀ ਜੀ ਪੀ ਵੱਲੋਂ ਕੀਤੀ ਕਾਨਫਰੰਸ ਸਪਸ਼ਟ ਕਰਦੀ ਹੈ ਕਿ ਹੁਣ ਜਿ਼ਲ੍ਹਾ ਪ੍ਰਸਾਸ਼ਨ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਨਸ਼ਾ ਬੰਦੀ ਦੀ ਮੁਹਿੰਮ ਨੂੰ ਰੋਕਣ ਵਿੱਚ ਲੱਗ ਗਈ ਹੈ। ਸਰਕਾਰ ਸਮੇਤ ਸਮਗਲਰਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਹਰ ਸਖਸ਼ ਦਾ ਡਟਵਾਂ ਵਿਰੋਧ ਕਰਦਿਆਂ ਉਸ ਦੀਆਂ ਗੁਪਤ ਨੀਤੀਆਂ ਦਾ  ਲੋਕਾਂ ਸਾਹਮਣੇ ਚੌਰਾਹੇ ਭਾਂਡਾ ਭੰਨਿਆ  ਜਾਵੇਗਾ । ਇਸ ਕੜੀ ਤਹਿਤ ਇੱਕ ਅਗਸਤ ਤੋਂ ਹਰੇਕ ਪਿੰਡ ਵਿੱਚ ਨਸ਼ਾ ਰੋਕੂ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਨਾਲ ਹੀ ਹਰ ਪਿੰਡ ਵਿੱਚ ਜਿ਼ਲ੍ਹੇ ਦੇ ਤਿੰਨਾਂ ਵਿਧਾਇਕਾਂ ਦੀਆਂ ਹਲਕਾ ਵਾਈਜ ਅਰਥੀਆਂ ਫੂਕੀਆਂ ਜਾਣਗੀਆਂ। ਇਹ ਮੌਕੇ ਕਿਸਾਨ ਮਹਾਂ ਸਭ ਦੇ ਕੇਂਦਰੀ ਆਗੂ ਪ੍ਰਸੋਤਮ  ਸ਼ਰਮਾ ਵਿਸ਼ੇਸ਼ ਤੌਰ `ਤੇ ਪੁੱਜੇ ।ਉਨ੍ਹਾਂ ਕਿਹਾ ਪੱਛਮ ਵਿੱਚੋਂ ਹੋਏ ਹਮਲੇ ਹਮੇਸ਼ਾਂ ਪੰਜਾਬ ਨੇ ਹੀ ਰੋਕੇ ਹਨ ਅਤੇ ਹੁਣ ਨਸ਼ਿਆਂ ਦਾ ਹਮਲਾ ਵੀ ਪੰਜਾਬ ਹੀ ਰੋਕੇਗਾ । ਇਸ ਮੌਕੇ ਜ਼ੋਗੇ ਭੋਲਾ ਸਿੰਘ ਸਮਾਓ ਅਤੇ ਗੁਰਮੀਤ ਸਿੰਘ ਜੋਗਾ ਦੀ ਅਗਵਾਈ ਵਿੱਚ ਪਿੰਡ ਸਮਾਓ ਅਤੇ ਜ਼ੋਗਾ ਪਿੰਡ ਦੀਆਂ ਪੰਚਾਇਤਾਂ ਸ਼ਾਮਿਲ ਹੋਈਆਂ ।ਇਨ੍ਹਾਂ ਪਿੰਡਾਂ ਤੋਂ ਪੁੱਜੇ ਵੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਉਹ ਹਰ ਪੱਖੋਂ ਮੋਰਚੇ ਦਾ ਸਾਥ ਦੇਣਗੇ । ਜਿੱਥੇ ਨਸ਼ਾ ਤਸਕਰਾਂ ਦੀ ਪੈੜ ਨੱਪ ਕੇ ਉਨ੍ਹਾਂ ਦੀ ਛਿੱਤਰ ਪ੍ਰੇਡ ਕੀਤੀ ਜਾਵੇਗੀ ਉੱਥੇ ਹੀ ਸਮਗਲਰਾਂ ਦਾ ਸਮਰਥਨ ਕਰਨ ਵਾਲੀ ਪਾਰਟੀ ਦੇ ਆਗੂਆਂ ਦਾ ਵੀ ਪਿੰਡ ਵੜਨ ਤੇ ਡਟਵਾਂ ਵਿਰੋਧ ਕੀਤਾ ਜਾਵੇਗਾ । ਸਮਾਓ ਪਿੰਡ ਦੀ ਪੰਚਾਇਤ ਨੇ ਅੱਜ ਧਰਨੇ `ਚ ਸ਼ਾਮਿਲ ਲੋਕਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ । ਇਸ ਮੌਕੇ  ਅਮਨ ਪਟਵਾਰੀ, ਕੁਲਵਿੰਦਰ ਸਿੰਘ ਸੁੱਖੀ ,ਗਗਨ ਸ਼ਰਮਾ ,ਕ੍ਰਿਸ਼ਨ ਚੌਹਾਨ , ਧੰਨਾ ਮੱਲ ਗੋਇਲ , ਰਾਜਿੰਦਰ ਸਿੰਘ ਜਵਾਹਰਕੇ , ਬਲਵੀਰ ਸਿੰਘ ਝਾਮਕਾ ਅ੍ਰੰਮਿਤਸਰ, ,ਗੁਰਮੀਤ ਨੰਦਗੜ੍ਹ,ਵਿਜੈ ਕਮੁਾਰ ਭੀਖੀ , ਨਛੱਤਰ ਸਿੰਘ ਖੀਵਾ , ਐਡਵੋਕੇਟ ਹਰਮੰਦਰ ਮਾਖਾ , ਮਹਿੰਦਰ ਭੈਣੀ, ਘੁਮੰਡ ਸਿੰਘ ਖਾਲਸਾ ,ਕ੍ਰਿਸ਼ਨਾ ਕੌਰ, ਬਲਵਿੰਦਰ ਕੌਰ, ਜ਼ਸਵੀਰ ਕੌਰ ,ਸੁਖਜੀਤ ਰਾਮਾਨੰਦੀ  ਨੇ ਆਪਣੇ ਵਿਚਾਰ ਰੱਖੇ ।

Post a Comment

0 Comments