*ਕੋਟਕਪੂਰਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਆਧੁਨਿਕੀਕਰਨ ਲਈ ਮਿਲਿਆ 23.70 ਕਰੋੜ੍ ਦਾ ਤੋਹਫਾ*

 *ਕੋਟਕਪੂਰਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਆਧੁਨਿਕੀਕਰਨ ਲਈ  ਮਿਲਿਆ 23.70 ਕਰੋੜ੍ ਦਾ ਤੋਹਫਾ*

 


 ਕੋਟਕਪੂਰਾ 8 ਅਗਸਤ (ਉਦੇ ਰੰਦੇਵ) 

 ਕੋਟਕਪੂਰਾ ਦੇ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਲਈ ਮਿਲੀ 23.70 ਕਰੋੜ ਦੀ ਸੌਗਾਤ ਲਈ ਕੋਟਕਪੂਰਾ ਦੇ ਲੋਕਾਂ ਵੱਲੋਂ ਖੁਸ਼ੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਤੇ ਰੇਲ ਮੰਤਰਾਲੇ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦਾ ਨੀਂਹ ਪੱਥਰ ਰੱਖਿਆ। ਨਵੇਂ ਸਟੇਸ਼ਨ ਦੇ ਬਣਨ ਤੋਂ ਬਾਅਦ ਇੱਥੇ ਆਉਣ ਵਾਲੇ ਯਾਤਰੀਆਂ ਨੂੰ ਹਾਈਟੈਕ ਸਹੂਲਤਾਂ ਮਿਲਣਗੀਆ ਅਤੇ  ਕੋਟਕਪੂਰਾ ਵਾਸੀਆਂ ਨੂੰ ਆਪਣੇ ਰੇਲਵੇ ਸਟੇਸ਼ਨ 'ਤੇ ਮਾਣ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੇ ਵਿਕਾਸ ਲਈ ਇੱਕੋ ਸਮੇਂ ਨੀਂਹ ਪੱਥਰ ਰੱਖਿਆ। ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸੀਨੀਅਰ ਕਾਂਗਰਸੀ ਆਗੂ ਅਜੇ ਪਾਲ ਸੰਧੂ, ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਸੁਨੀਤਾ ਗਰਗ, ਦੁਰਗੇਸ਼ ਪਾਠਕ, ਟੋਨੀ ਸ਼ਰਮਾ ਅਤੇ ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਐਡਵੋਕੇਟ ਵੀਰਇੰਦਰ ਸਿੰਘ ਸੰਧਵਾ ਨੇਂ ਵੀ ਸ਼ਿਰਕਤ ਕੀਤੀ। ਨੀਂਹ ਪੱਥਰ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ, ਵੱਖ-ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਕੂਲੀ ਵਿਦਿਆਰਥੀ ਸ਼ਾਮਿਲ ਹੋਏ। ਸਮਾਗਮ ਵਿੱਚ ਸਭ ਤੋਂ ਪਹਿਲਾਂ ਇਲਾਕੇ ਦੇ ਨਾਮਵਰ ਅੰਤਰਰਾਸ਼ਟਰੀ ਸੰਗੀਤਕਾਰ ਪ੍ਰੋਫੈਸਰ ਅਰੁਣਾ ਰੰਦੇਵ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਪ੍ਰਾਰਥਨਾ "ਦਯਾ ਕਰ ਦਾਨ ਭਗਤੀ ਕਾ ਹਮੇਂ ਪਰਮਾਤਮਾ ਦੇਨਾਂ"ਨਾਲ ਮਾਹੌਲ ਨੂੰ ਸੰਗੀਤਮਈ ਤੇ ਖੁਸ਼ਗਵਾਰ ਕੀਤਾ। ਉਪਰੰਤ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸਵੱਛ ਭਾਰਤ ਅਭਿਆਨ ਦੇ ਬਰਾਂਡ ਅੰਬੈਸਡਰ ਅਤੇ ਉੱਘੇ ਸਮਾਜਸੇਵੀ ਉਦੇ ਰੰਦੇਵ ਵਲੋਂ ਸਵੱਛਤਾ ਸੰਦੇਸ਼ ਦਿੱਤਾ ਗਿਆ। ਪ੍ਰੋਗਰਾਮ ਵੇਖਣ ਲਈ ਰੇਲਵੇ ਵਿਭਾਗ ਵੱਲੋਂ ਵੱਡੀਆਂ ਐਲਈਡੀ ਸਕਰੀਨਾਂ ,ਬੈਠਣ, ਅਤੇ ਰਿਫਰੈਸ਼ਮੈਂਟ ਦਾ  ਪ੍ਰਬੰਧ ਕਰਵਾਇਆ ਗਿਆ ਸੀ ।ਵੱਡੀ ਗਿਣਤੀ 'ਚ ਲੋਕ ਆਏ ਅਤੇ ਪ੍ਰਧਾਨ ਮੰਤਰੀ ਦਾ ਸੰਬੋਧਨ  ਸੁਣਿਆ। ਇਸ ਦੌਰਾਨ ਮੰਚ ਸੰਚਾਲਨ ਵਰਿੰਦਰ ਕਟਾਰੀਆ ਅਤੇ ਉਦੇ ਰੰਦੇਵ ਵਲੋਂ ਬਖੂਬੀ ਕੀਤਾ ਗਿਆ।

ਸਟੇਸ਼ਨ ਸੁਪਰਡੈਂਟ ਰਾਮਕੇਸ਼ ਮੀਨਾ ਨੇ ਦੱਸਿਆ ਕਿ ਕੋਟਕਪੂਰਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਕਾਇਆ ਕਲਪ ਕੀਤਾ ਜਾਣਾ ਹੈ। ਇਸ ਲਈ 23.70 ਕਰੋੜ ਰੁਪਏ ਪੜਾਅ ਵਾਰ ਖਰਚ ਕੀਤੇ ਜਾਣਗੇ। ਇਸ ਰਾਸ਼ੀ ਨਾਲ ਕੋਟਕਪੂਰਾ ਰੇਲਵੇ ਸਟੇਸ਼ਨ ਦੀ ਤਸਵੀਰ ਏਅਰਪੋਰਟ ਵਾਂਗ ਬਦਲ ਜਾਵੇਗੀ। 

 ਯਾਤਰੀਆਂ ਨੂੰ ਸਟੇਸ਼ਨ ਦੀ ਇਮਾਰਤ ਦੇ ਦੋਵੇਂ ਪਾਸੇ ਇੱਕ ਸੁੰਦਰ ਅਤੇ ਸ਼ਾਨਦਾਰ ਪ੍ਰਵੇਸ਼ ਦੁਆਰ, ਫੁੱਟ ਓਵਰਬ੍ਰਿਜ, ਲੇਡੀਜ਼ ਵੇਟਿੰਗ ਹਾਲ, ਅਪਾਹਜਾਂ ਲਈ ਅਨੁਕੂਲ ਸੁਵਿਧਾਵਾਂ, ਬਿਹਤਰ ਰੋਸ਼ਨੀ, ਸਾਫ਼ ਹਰਿਆ ਭਰਿਆ ਵਾਤਾਵਰਣ,ਆਰ ਓ ਵਾਲਾ ਪਾਣੀ ਵਾਤਾਅਨੁਕੂਲਿਤ ਇਮਾਰਤ, , ਪਾਰਕਿੰਗ ਸੁਵਿਧਾ ਅਤੇ ਇਸ ਤੋਂ ਇਲਾਵਾ ਇੱਥੇ ਬਣਨ ਵਾਲੀ ਇਮਾਰਤ ਵਿੱਚ ਵਿਰਾਸਤੀ ਮਹੱਤਤਾ ਦੇ ਨਾਲ-ਨਾਲ ਸਥਾਨਕ ਕਲਾ ਅਤੇ ਸੱਭਿਆਚਾਰ ਵੀ ਸ਼ਾਮਲ ਹੋਵੇਗਾ।

ਇਸ ਮੌਕੇ ਵਿਸ਼ੇਸ਼ ਮਹਿਮਾਨ  ਸੰਸਦ ਮੈਂਬਰ ਮੁਹੰਮਦ ਸਦੀਕ , ਸੁਨੀਤਾ ਗਰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਕਿ ਇਸ ਲੋਕ ਭਲਾਈ ਸਕੀਮ ਰਾਹੀਂ ਰੇਲਵੇ ਸਟੇਸ਼ਨਾਂ ਦਾ ਵਿਕਾਸ ਕਰਨ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸੰਸਦੀ ਹਲਕੇ ਵਾਲੇ ਕੋਟਕਪੂਰਾ ਰੇਲਵੇ ਸਟੇਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਸੁਨੀਤਾ ਗਰਗ ਨੇ  ਕਿਹਾ ਕਿ  ਮੋਦੀ ਸਰਕਾਰ 2047 ਤੱਕ ਭਾਰਤ ਨੂੰ ਦੁਨੀਆ ਦਾ ਸਰਵੋਤਮ ਅਤੇ ਵਿਕਸਤ ਦੇਸ਼ ਬਣਾਉਣ ਲਈ ਪਿਛਲੇ 9 ਸਾਲਾਂ ਤੋਂ ਸਖ਼ਤ ਮਿਹਨਤ ਕੀਤੀ ਹੈ।ਮੋਦੀ ਸਰਕਾਰ ਦੇ 9 ਸਾਲਾਂ ਵਿੱਚ 40,000 ਕਿਲੋਮੀਟਰ ਦਾ ਬਿਜਲੀਕਰਨ ਕੀਤਾ ਗਿਆ। ਅੰਤ ਵਿੱਚ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਅਧਿਕਾਰੀਆਂ ‌ਆਲੋਕ ਅਹਿਮਦ,ਅਭਿਨਵ ਕੁਮਾਰ ਨੇ ਇਸ ਸਾਰੇ ਕਾਰਜਾਂ ਦੀ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਕੁਮਾਰ, ਰਾਜੇਸ਼ ਸ਼ਰਮਾ ਅਤੇ ਹੋਰ ਰੇਲਵੇ ਅਧਿਕਾਰੀ ਕਰਮਚਾਰੀ ਵੀ ਮੌਜੂਦ ਸਨ।

Post a Comment

0 Comments