6 ਅਗਸਤ ਨੂੰ ਵੀਡਿਓ ਕਾਨਫਰੰਸ ਰਾਹੀਂ ਮਾਨਸਾ ਦੇ ਸਟੇਸ਼ਨ ਦੇ ਨਵ-ਨਿਰਮਾਣ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ
ਭਾਜਪਾ ਆਗੂ ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਤੇ ਧੰਨਵਾਦੀ ਸਮਾਗਮ ਵਿੱਚ ਸ਼ਾਮਿਲ ਹੋਣਗੇ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਸ਼ਹਿਰ ਵਾਸੀ, 7 ਅਗਸਤ ਤੋਂ ਰੁਕੇਗੀ ਸੁਪਰਫਾਸਟ ਐਕਸਪ੍ਰੈੱਸ
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਸੂਬੇ ਦੇ 30 ਸਟੇਸ਼ਨਾਂ ਵਿੱਚ ਨਵੇ ਬਣਨ ਵਾਲੇ ਮਾਨਸਾ ਸਟੇਸ਼ਨ ਦਾ ਉਦਘਾਟਨ ਵੀਡਿਓ ਕਾਨਫਰੰਸ ਰਾਹੀਂ 6 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲਵੇ ਮੰਤਰੀ ਅਸ਼ਨਵੀ ਬੈਸ਼ਨਵ ਦਿੱਲੀ ਤੋਂ ਕਰਨਗੇ। ਇਸ ਤਹਿਤ ਮਾਨਸਾ ਸਟੇਸ਼ਨ ਦੀ ਬਿਲਡਿੰਗ ਨੂੰ ਢਾਅ ਕੇ ਨਵਾਂ ਬਣਾਉਣ, ਉਸ ਨੂੰ ਫੁੱਲ ਏ.ਸੀ ਬਣਾਉਣ ਅਤੇ ਵੱਡੇ ਸ਼ਹਿਰਾਂ ਦੀ ਤਰਜ ਤੇ ਮੈਟਰੋ ਸਟੇਸ਼ਨ ਆਧਾਰਿਤ ਸਟੇਸ਼ਨ ਬਣਾੳੇੁਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਮਾਨਸਾ ਸਟੇਸ਼ਨ ਦਾ ਨਿਰਮਾਣ 1911 ਵਿੱਚ ਅੰਗਰੇਜੀ ਹਕੂਮਤ ਸਮੇਂ ਕੀਤਾ ਗਿਆ ਸੀ। ਅੰਗਰੇਜਾਂ ਤੋਂ ਬਾਅਦ ਇਹ ਸਟੇਸ਼ਨ ਹੁਣ ਨਵਾਂ ਬਣੇਗਾ ਅਤੇ ਸਾਰੀ ਬਿਲਡਿੰਗ ਨੂੰ ਇਸ ਦਾ ਨਵ-ਨਿਰਮਾਣ ਕਰਨ ਲਈ ਕਰੀਬ 24 ਕਰੋੜ ਰੁਪਇਆ ਖਰਚ ਕੀਤਾ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਕਰੀਬ 30 ਸਟੇਸ਼ਨਾਂ ਨੂੰ ਆਧੁਨਿਕ ਏ.ਸੀ ਬਣਾਉਣ ਦਾ ਐਲਾਨ ਕੀਤਾ। ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ 6 ਅਗਸਤ ਨੂੰ ਕਰਨ ਜਾ ਰਹੇ ਹਨ। ਇਸ ਵੇਲੇ ਇਹ ਸਟੇਸ਼ਨ ਦੇ ਨਵ-ਨਿਰਮਾਣ ਲਈ ਸੰਬੰਧਿਤ ਠੇਕੇਦਾਰਾਂ, ਰੇਲਵੇ ਅਧਿਕਾਰੀਆਂ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਜਾਇਜਾ ਲੈ ਰਹੇ ਹਨ। ਇਸ ਤੋਂ ਪਹਿਲਾਂ ਜਗਦੀਪ ਸਿੰਘ ਨਕੱਈ ਦੀ ਕੋਸ਼ਿਸ਼ ਸਦਕਾ ਬਠਿੰਡਾ-ਦਿੱਲੀ ਐਕਸਪੈ੍ਰੱਸ ਨੂੰ 7 ਅਗਸਤ ਤੋਂ ਮਾਨਸਾ ਰੇਲਵੇ ਸਟੇਸ਼ਨ ਤੇ ਰੁਕਣ ਦੇ ਆਦੇਸ਼ ਹੋ ਚੁੱਕੇ ਹਨ।
ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਦੇ ਸਮੁੱਚੇ ਸਟੇਸ਼ਨਾਂ ਦੇ ਨਵ-ਨਿਰਮਾਣ ਦਾ ਉਦਘਾਟਨ ਐਤਵਾਰ ਨੂੰ ਕਰਨਗੇ ਤਾਂ ਉਸ ਨੂੰ ਲੈ ਕੇ ਮਾਨਸਾ ਸਟੇਸ਼ਨ ਤੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ, ਜਿਸ ਵਿੱਚ ਜਗਦੀਪ ਸਿੰਘ ਨਕੱਈ ਤੋਂ ਇਲਾਵਾ ਭਾਜਪਾ ਆਗੂ, ਪ੍ਰਸ਼ਾਸ਼ਨਿਕ ਅਧਿਕਾਰੀ, ਰੇਲਵੇ ਅਧਿਕਾਰੀ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਸਟੇਸ਼ਨ ਨੂੰ ਨਵਾਂ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹਨ ਅਤੇ ਇਸ ਨੂੰ ਇੱਕ ਨਿਸ਼ਚਿਤ ਸਮੇਂ ਅੰਦਰ ਹੀ ਇਸ ਦਾ ਨਵ-ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕੇਂਦਰ ਦੇ ਇਸ ਫੈਸਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਦੇਸ਼ ਦੇ ਬਹੁਤ ਵੱਡੇ ਸ਼ਹਿਰਾਂ ਦੀ ਤਰਜ ਤੇ ਮਾਨਸਾ ਰੇਲਵੇ ਸਟੇਸ਼ਨ ਨੂੰ ਨਵਾਂ ਬਣਾਉਣ ਲਈ ਜੋ ਫੈਸਲਾ ਕੀਤਾ ਗਿਆ ਹੈ। ਉਹ ਸਾਡੇ ਲਈ ਖੁਸ਼ੀ ਅਤੇ ਸੁਭਾਗ ਵਾਲੀ ਗੱਲ ਹੈ ਕਿਉਂਕਿ ਰੇਲਵੇ ਸਟੇਸ਼ਨ ਪੁਰਾਣਾ ਹੋ ਚੁੱਕਿਆ ਹੈ। ਜਿਲ੍ਹੇ ਦੀ ਵਸੋਂ ਅਤੇ ਖੇਤਰਫਲ ਵਧ ਗਿਆ ਹੈ। ਕਾਰੋਬਾਰ ਅਤੇ ਹੋਰ ਸਾਧਨ ਵਧਣ ਨਾਲ ਸਮੇਂ ਦੇ ਅਨੁਸਾਰ ਆਧੁਨਿਕ ਚੀਜਾਂ ਦੀ ਜਰੂਰਤ ਜਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਰੇਲਵੇ ਮੰਤਰੀ ਅਸ਼ਨਵੀ ਬੈਸ਼ਨਵ ਨੇ ਵੀ ਨਿੱਜੀ ਦਿਲਚਸਪੀ ਲੈ ਕੇ ਕਰੋੜਾਂ ਰੁਪਏ ਮਾਨਸਾ ਰੇਲਵੇ ਸਟੇਸ਼ਨ ਦੇ ਨਿਰਮਾਣ ਲਈ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਸਟੇਸ਼ਨ ਦੇ ਦੋਵੇਂ ਪਾਸੇ ਵਿਸ਼ਾਲ ਬਿਲਡਿੰਗ, ਫੁੱਲ ਏ.ਸੀ, ਅਲੱਗ-ਅਲੱਗ ਟਿਕਟ ਅਤੇ ਆਰਾਮ ਘਰ ਤੋਂ ਇਲਾਵਾ ਯਾਤਰੀਆਂ ਲਈ ਵਾਈ-ਫਾਈ ਅਤੇ ਸੂਚਨਾ ਕੇਂਦਰ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਦਿੱਲੀ ਤੋਂ ਬਠਿੰਡਾ ਮਾਰਗ ਤੇ ਪਹਿਲਾਂ ਤੋਂ ਹੀ ਇਹ ਨਵੀਆਂ ਗੱਡੀਆਂ ਸ਼ੁਰੂ ਕਰ ਚੁੱਕਿਆ ਹੈ ਅਤੇ ਜੋ ਗੱਡੀਆਂ ਬੰਦ ਪਈਆਂ ਹਨ। ਉਨ੍ਹਾਂ ਨੂੰ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਜਗਦੀਪ ਸਿੰਘ ਨਕੱਈ ਨੇ ਦੱਸਿਆ ਕਿ ਮਾਨਸਾ ਰੇਲਵੇ ਸਟੇਸ਼ਨ ਦੇਸ਼ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਅਤੇ ਦੇਖਣਯੋਗ ਹੋਵੇਗਾ। ਜਿੱਥੇ ਯਾਤਰੀਆਂ ਨੂੰ ਨਵੀਆਂ ਸਹੂਲਤਾਂ, ਪਾਰਕਿੰਗ ਆਦਿ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ।ਵੀਰਵਾਰ ਨੂੰ ਜਗਦੀਪ ਸਿੰਘ ਨਕੱਈ ਨੇ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ ਵੀਡਿਓ ਕਾਨਫਰੰਸ ਰਾਹੀਂ ਕੀਤੇ ਜਾ ਰਹੇ ਉਦਘਾਟਨ ਦੇ ਸੰਬੰਧ ਵਿੱਚ ਰੱਖੇ ਜਾ ਰਹੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਵੀ ਜਾਇਜਾ ਲਿਆ ਇਸ ਮੌਕੇ ਰਾਮ ਚਰਨ ਮੀਨਾ ਸਟੇਸ਼ਨ ਸੁਪਰਡੈਂਟ, ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਮੱਖਣ ਲਾਲ, ਕਾਕਾ ਘੁੰਮਣੀਆਂ, ਬੱਬੀ ਰੋਮਾਣਾ, ਭੋਲਾ ਰਾਮ ਖਾਦ ਵਾਲੇ, ਅਮਰਜੀਤ ਸਿੰਘ ਕਟੋਦੀਆ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਮੌਜੂਦ ਸਨ।
0 Comments