ਦਲਿਤ ਤੇ ਪਛੜੇ ਸਮਾਜ ਦੀਆਂ ਜਥੇਬੰਦੀਆਂ ਵਲੋਂ ਅੱਜ (9 ਅਗਸਤ) ਦੇ 'ਪੰਜਾਬ ਬੰਦ' ਨੂੰ ਸਫ਼ਲ ਬਣਾਉਣ ਹਿਤ ਵਿਊਂਤਬੰਦੀ ਉਲੀਕੀ
ਬਰਨਾਲਾ, 8 ਅਗਸਤ/ਕਰਨਪ੍ਰੀਤ ਕਰਨ /-ਜ਼ਿਲ੍ਹੇ ਦੀਆਂ ਕਰੀਬ ਅੱਧੀ ਦਰਜ਼ਨ ਦਲਿਤ ਤੇ ਪਛੜੇ ਸਮਾਜ ਦੀਆਂ ਜਥੇਬੰਦੀਆਂ ਨੇ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਸਿੰਘ ਸਭਾ ਵਿਖੇ ਮੀਟਿੰਗ ਕਰਕੇ ਭਲਕੇ (9 ਅਗਸਤ) ਦੇ 'ਪੰਜਾਬ ਬੰਦ' ਨੂੰ ਸਫ਼ਲ ਬਣਾਉਣ ਹਿਤ ਵਿਊਂਤਬੰਦੀ ਉਲੀਕੀ ਤੇ ਜਿੰਮੇਵਾਰੀਆਂ ਸੌਂਪੀਆਂ।
ਮੀਟਿੰਗ 'ਚ ਗਜ਼ਟਿਡ ਐਂਡ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ ਐਂਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰੰਜਾਬ, ਸ਼੍ਰੀ ਗੁਰੂ ਰਵੀਦਾਸ ਫੈਡਰੇਸ਼ਨ ਰਜਿ:, ਸ਼੍ਰੀ ਗੁਰੂ ਰਵੀਦਾਸ ਭਲਾਈ ਟਰਸਟ, ਮੂਲ ਭਾਰਤੀ ਸੰਵਿਧਾਨ ਚੇਤਨਾ ਮੰਚ, ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਬਾਲਮੀਕੀ ਸਮਾਜ ਦੇ ਪ੍ਰਤੀਨਿਧ ਸ਼ਾਮਲ ਹੋਏ। 'ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਸੂਬਾ ਆਗੂ ਡਾ. ਦਲਜੀਤ ਸਿੰਘ ਥਰੀਕੇ, ਡਾ. ਸੁਖਰਾਜ ਸਿੰਘ, ਐੱਸ.ਸੀ.ਬੀ.ਸੀ. ਫੈੱਡਰੇਸ਼ਨ ਦੇ ਗੁਰਬਖਸ਼ ਸਿੰਘ ਮਾਛੀਕੇ ਤੇ ਸ਼੍ਰੀ ਰਵੀਦਾਸ ਫੈੱਡਰੇਸ਼ਨ ਦੇ ਰੁਪਿੰਦਰ ਸਿੰਘ ਸੁਧਾਰ ਆਦਿ ਆਗੂਆਂ ਕਿਹਾ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦਬੇ ਕੁਚਲੇ ਦਲਿਤ ਵਰਗ ਦੀਆਂ ਮੰਗਾਂ/ਮਸਲਿਆਂ ਦੀ ਲਗਾਤਾਰ ਅਣਦੇਖੀ ਹੀ ਨਹੀਂ ਬਲਕਿ ਘੋਰ ਬੇਇਨਸਾਫ਼ੀ ਕਰਦੀਆਂ ਆ ਰਹੀਆਂ ਹਨ। ਮਨੀਪੁਰ ਵਿਖੇ ਦਲਿਤ ਵਰਗ ਦੀਆਂ ਔਰਤਾਂ ਦੀ ਸ਼ਰੇਆਮ ਬੇਪੱਤੀ, ਘਰਾਂ ਦੀ ਸਾੜਫੂਕ ਤੇ ਕਤਲੇਆਮ ਦੀ ਕਰੜੀ ਨਿੰਦਾ ਕੀਤੀ। ਆਗੂਆਂ ਕਿਹਾ ਕਿ ਭਲਕੇ (ਅੱਜ) ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਹਿਤ ਪੂਰਾ ਤਾਣ ਲਾਇਆ ਜਾਵੇਗਾ ਤੇ ਸਥਾਨਕ ਆਗੂਆਂ ਤੇ ਕਾਰਕੁਨਾਂ ਨੂੰ ਜਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ। ਬੰਦ ਦੀ ਸਫ਼ਲਤਾ ਲਈ ਸਮੂਹ ਭਾਈਚਾਰਿਆਂ ਤੋਂ ਸਹਿਯੋਗ ਦੀ ਮੰਗ ਵੀ ਆਗੂਆਂ ਕੀਤੀ।ਇਸ ਮੌਕੇ ਜਰਨੈਲ ਸਿੰਘ ਜੱਸੀ, ਰਮੇਸ਼ ਕੁਮਾਰ ਹਮਦਰਦ, ਕਰਨੈਲ ਸਿੰਘ , ਸੁਖਪਾਲ ਸਿੰਘ, ਮੰਗਤ ਸਿੰਘ, ਪ੍ਰਿੰ. ਪਿਆਰ ਸਿੰਘ, ਬੇਅੰਤ ਸਿੰਘ, ਲੈਕਚਰਾਰ ਦਰਸ਼ਨ ਸਿੰਘ, ਸੁਖਦੇਵ ਸਿੰਘ, ਹਾਕਮ ਸਿੰਘ, ਨਾਜ਼ਮ ਸਿੰਘ ਤੇ ਬਲਵੰਤ ਸਿੰਘ ਆਦਿ ਹਾਜ਼ਰ ਸਨ।
0 Comments