ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਆਪ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ: ਮੀਤ ਹੇਅਰ

 ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਆਪ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ: ਮੀਤ ਹੇਅਰ 

ਕੈਬਨਿਟ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਤਹਿਤ  ਬਰਨਾਲਾ ਪੁਲੀਸ ਨਾਲ ਕੀਤੀ ਮੀਟਿੰਗ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦੇ ਦਿੱਤੇ ਨਿਰਦੇਸ਼


ਬਰਨਾਲਾ,11,ਅਗਸਤ /ਕਰਨਪ੍ਰੀਤ ਕਰਨ

ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕੋਈ ਢਿੱਲ ਨਾ ਵਰਤੀ ਜਾਵੇ ਤਾਂ ਜੋ ਜ਼ਿਲ੍ਹਾ ਵਾਸੀ ਅਮਨ-ਸ਼ਾਂਤੀ ਨਾਲ ਰਹਿ ਸਕਣ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਸ਼ਿਆਂ ਤੇ ਅਪਰਾਧ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਉੱਤੇ ਪਹਿਰਾ ਦੇਣ ’ਤੇ ਜ਼ੋਰ ਦਿੱਤਾ।

   ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਚੋਰੀ, ਲੁੱਟ-ਖੋਹ ਜਿਹੀਆਂ ਵਾਰਦਾਤਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ ਤਾਂ ਜੋ ਲੋਕਾਂ ਵਿੱਚ ਕੋਈ ਡਰ ਜਾਂ ਸਹਿਮ ਨਾ ਰਹੇ।  ਕੈਬਨਿਟ ਮੰਤਰੀ ਸ. ਮੀਤ ਹੇਅਰ ਨੇ ਆਖਿਆ ਕਿ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਹੈ। ਇਸ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕੀਤੀ ਜਾਵੇ ਤਾਂ ਜੋ ਨਸ਼ਿਆਂ ’ਚ ਗ੍ਰਸੇ ਲੋਕਾਂ ਨੂੰ ਇਸ ਦਲਦਲ ’ਚੋਂ ਕੱਢਿਆ ਜਾ ਸਕੇ।

  ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਆਖਿਆ ਕਿ ਬਰਨਾਲਾ ਪੁਲੀਸ ਵੱਲੋਂ ਪੂਰੀ ਸਖ਼ਤੀ ਨਾਲ ਅਪਰਾਧ ਅਤੇ ਨਸ਼ਿਆਂ ਖ਼ਿਲਾਫ਼  ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਨਸ਼ਿਆਂ ਦੀ ਬਰਾਮਦਗੀ ਕਰਦੇ ਹੋਏ ਮਾੜੇ ਅਨਸਰਾਂ ਨੂੁੰ ਨੱਥ ਪਾਈ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਐੱਸਪੀ (ਡੀ) ਬਰਨਾਲਾ ਸ੍ਰੀ ਅਨੀਸ਼ ਕੁਮਾਰ ਚੌਧਰੀ, ਐੱਸਪੀ (ਐੱਚ) ਸ੍ਰੀ ਮੇਜਰ ਸਿੰਘ, ਐੱਸਪੀ (ਪੀਬੀਆਈ) ਪਰਦੀਪ ਸਿੰਘ, ਕੈਬਨਿਟ ਮੰਤਰੀ ਦੇ ਓਐਸਡੀ ਸ੍ਰੀ ਹਸਨਪ੍ਰੀਤ ਭਾਰਦਵਾਜ, ਜ਼ਿਲ੍ਹੇ ਦੇ ਡੀਐੱਸਪੀ, ਐੱਸਐੱਚਓ ਤੇ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।

Post a Comment

0 Comments