ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਪਹਿਲੀ ਸਤੰਬਰ ਤੋਂ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਦਾ ਐਲਾਣ
ਪੱਕੇ ਮੋਰਚੇ ਦੇ 37ਵੇ ਦਿਨ ਹੋਈਆਂ ਸਰਕਾਰੀ ਨਲਾਇਕੀ ਖਿ਼ਲਾਫ਼ ਤਕਰੀਰਾਂ
ਮਾਨਸਾ - 21 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ
ਮੁਕੰਮਲ ਨਸ਼ਾ ਬੰਦੀ ਅਤੇ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਨੂੰ ਲੈ ਕੇ ਪੱਕੇ ਧਰਨੇ `ਤੇ ਬੈਠੀ ਨਸ਼ਾ ਵਿਰੋਧੀ ਸਾਂਝੀ ਕਮੇਟੀ ਨੇ ਅੱਜ ਆਪਣਾ ਰੁਖ ਤਿੱਖਾ ਕਰਦਿਆਂ ਪਹਿਲੀ ਸਤੰਬਰ ਤੋਂ ਜਿ਼ਲ੍ਹੇ ਦੇ ਤਿੰਨਾਂ ਵਿਧਾਇਕਾਂ ਦੇ ਘਰਾਂ ਨੂੰ ਪੱਕੇ ਤੌਰ `ਤੇ ਘੇਰਨ ਦਾ ਐਲਾਣ ਕਰ ਦਿੱਤਾ ਹੈ। ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਸਮੂਹ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਏ ਫੈਸਲੇ ਦਾ ਐਲਾਣ ਕਰਦਿਆਂ ਕਿਹਾ ਕਿ ਪਹਿਲੇ ਦੌਰ ਦੌਰਾਨ 22 ਅਗਸਤ ਤੋਂ ਤਿੰਨਾਂ ਵਿਧਾਇਕਾਂ ਨੂੰ ਸਰਕਾਰੀ ਵਾਅਦਾ ਖਿਲਾਫ਼ੀ ਚੇਤੇ ਕਰਾਵਾਉ ਮੁਹਿੰਮ ਤਹਿਤ ਇੱਕ ਵਫਦ ਵੱਲੋਂ ਲਿਖਤੀ ਅਲਟੀਮੇਟਮ ਕਮ ਮੈਮੋਰੰਡਮ ਦਿੱਤੇ ਜਾਣਗੇ । ਜੇਕਰ ਮੌਜੂਦਾ ਸਰਕਾਰ ਦਾ ਅੰਗ ਇਹ ਵਿਧਾਇਕ ਮਿਥੀ 30 ਅਗਸਤ ਤੱਕ ਲੋਕ ਕਚਹਿਰੀ ਵਿੱਚ ਜਵਾਬ ਨਹੀਂ ਦੇਣਗੇ ਤਾਂ ਸਮੂਹ ਜਥੇੰਬਦੀਆਂ ਵੱਲੋਂ ਇਨ੍ਹਾਂ ਵਿਧਾਇਕਾਂ ਦੇ ਘਰਾਂ ਮੂਹਰੇ ਪੱਕੇ ਧਰਨੇ ਸ਼ੁਰੂ ਕੀਤੇ ਜਾਣਗੇ। ਇਸਦੇ ਨਾਲ ਹੀ ਪਿੰਡਾਂ ਵਿੱਚ ਬਣੀਆਂ ਨਸ਼ਾ ਰੋਕੂ ਕਮੇਟੀਆਂ ਵਿਧਾਇਕਾਂ ਦੀ ਕਿਸੇ ਵੀ ਪਿੰਡ `ਚ ਆਮਦ ਦਾ ਵਿਰੋਧ ਕਰਦਿਆਂ ਇਨ੍ਹਾਂ ਤੋਂ ਸਵਾਲਾਂ ਦੇ ਜਵਾਬ ਮੰਗਣਗੀਆਂ । ਆਗੂਆਂ ਕਿਹਾ ਪ੍ਰਸਾਸ਼ਨ ਅਤੇ ਸਰਕਾਰ ਦਾ ਨਸ਼ਾ ਬੰਦੀ ਲਈ ਨਾਂਹ ਪੱਖੀ ਰਵੱਈਆ ਅਤੇ ਵਾਰ ਵਾਰ ਵਾਅਦਿਆਂ ਤੋਂ ਮੁੱਕਰਨਾ ਐਕਸ਼ਨ ਕਮੇਟੀ ਨੂੰ ਮਜਬੂਰ ਕਰ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਂਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਆਰ ਪਾਰ ਦੀ ਲੜਾਈ ਲਈ ਤਿਆਰੀ ਕੀਤੀ ਜਾਵੇ। ਬੁਲਾਰਿਆਂ ਕਿਹਾ ਜੇਕਰ ਸਰਕਾਰ ਵੱਲੋਂ ਗੱਲ ਜਲਦੀ ਸਿਰੇ ਨਾ ਲਾਈ ਗਈ ਤਾਂ ਪੰਚਾਇਤੀ ਚੋਣਾਂ ਦੌਰਾਨ ਨਸ਼ੇ ਤੋਂ ਤੰਗ ਪਿੰਡਾਂ ਦੇ ਲੋਕ ਆਪ ਪਾਰਟੀ ਨਾਲ ਵੀ ਪਹਿਲਾਂ ਵਾਲੀਆਂ ਪਾਰਟੀਆਂ ਵਾਲਾ ਵਰਤਾਓ ਹੀ ਕਰਨਗੇ। ੳਨ੍ਹਾਂ ਚੇਤੇ ਕਰਵਾਇਆ ਕਿ 14 ਅਗਸਤ ਨੂੰ ਮਾਨਸਾ ਦੇ ਐਸ ਐਸ ਪੀ ਵੱਲੋਂ ਚਾਰ ਦਿਨ ਦਾ ਸਮਾਂ ਮੰਗਣਾ ਪਰ ਕੋਈ ਵੀ ਨਤੀਜੇ `ਤੇ ਨਾ ਪੁੱਜਣਾ , ਫਿਰ 17 ਅਗਸਤ ਨੂੰ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦਾ ਬੇਸਿੱਟਾ ਰਹਿਣਾ ਸੰਕੇਤ ਕਰਦਾ ਹੈ ਕਿ ਸਰਕਾਰ ਨਸ਼ਾ ਬੰਦੀ ਲਈ ਅਜੇ ਗੰਭੀਰ ਨਹੀਂ ਹੋਈ । ਇਸਤੋਂ ਸਾਫ ਹੁੰਦਾ ਹੈ ਕਿ ਮੌਜੂਦਾ ਸਰਕਾਰ ਨੂੰ ਲੋਕਾਂ ਦੇ ਧੀਆਂ ਪੁੱਤਾਂ ਨਾਲੋਂ ਜਿਆਦਾ ਮੋਹ ਸਮਗਲਰਾਂ ਦਾ ਹੈ। ਇਸ ਮੌਕੇ ਭਾਈ ਗੁਰਸੇਵਕ ਸਿੰਘ ਜਵਾਹਰਕੇ, ਕਿਸਾਨ ਆਗੂ ਬੋਘ ਸਿੰਘ ,ਪ੍ਰਸ਼ੋਤਮ ਸਿੰਘ ,ਗੁਰਜੰਟ ਸਿੰਘ ,ਧੰਨਾ ਮੱਲ ਗੋਇਲ, ਗੁਰਦਰਸ਼ਨ ਸਿੰਘ ਸੂਬੇਦਾਰ,ਅਮਨ ਪਟਵਾਰੀ ਨੇ ਵੀ ਸੰਬੋਧਨ ਕੀਤਾ ।
ਦੂਸਰੇ ਪਾਸੇ ਬਾਲ ਭਵਨ ਵਿੱਚ ਚੱਲ ਰਹੇ ਪੱਕੇ ਮੋਰਚੇ ਵਿੱਚ ਸੰਬੋਧਨ ਕਰਦਿਆਂ ਗੁਰਮੀਤ ਸਿੰਘ , ਜਸਵੰਤ ਸਿੰਘ ,ਜੁਗਰਾਜ ਸਿੰਘ,ਸੁਖਦਰਸ਼ਨ ਨੱਤ ਅਤੇ ਨਛੱਤਰ ਖੀਵਾ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦੀ ਮਾਨਸਾ ਤੋਂ ਮੁਕਤਸਰ ਵਿਖੇ ਜੇਲ੍ਹ ਬਦਲੀ ਸਰਕਾਰ ਦੀ ਇੱਕ ਪਾਸੜ ਨੀਤੀ ਸਪਸ਼ਟ ਕਰਦੀ ਹੈ । ਬੁਲਾਰਿਆਂ ਕਿਹਾ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਛਤੀਸ਼ਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਜਾ ਕੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਗੱਲ ਕਹਿੰਦਾ ਹੈ ਜਦੋਂ ਕਿ ਆਪ ਸਰਕਾਰ ਦਾ ਪਹਿਲਾ ਵਾਅਦਾ ਤਿੰਨ ਹਫਤਿਆਂ ਵਿੱਚ ਨਸ਼ਾ ਬੰਦੀ ਵੀ ਪੂਰਾ ਨਹੀਂ ਹੋਇਆ।ਆਗੂਆਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਨਸ਼ਾ ਬੰਦੀ ਦੀ ਥਾਂ ਇਹ ਕਹਿਣ ਕਿ ਅਸੀਂ ਨਸ਼ਾ ਰੋਕਣ ਵਾਲੇ ਬੰਦ ਕਰਨੇ ਸ਼ਰੂ ਕੀਤੇ ਹੋਏ ਹਨ। ਇਹ ਮੌਕੇ ਹੋਰਨਾਂ ਤੋਂ ਇਲਾਵਾ ਜਗਦੇਵ ਭੁਪਾਲ , ਜਬਰਜੰਗ ਸਿੰਘ ਖਾਲਸਾ,ਮੇਜਰ ਸਿੰਘ , ਉੱਗਰ ਸਿੰਘ ,ਮਨਜੀਤ ਸਿੰਘ ਮੀਂਹਾ,ਰਾਜ ਪੇਂਟਰ ਨੇ ਵੀ ਸੰਬੋਧਨ ਕੀਤਾ ।
0 Comments