ਜ਼ਿਲ੍ਹਾ ਬਰਨਾਲਾ ਵਿੱਚ ਛੱਪੜਾਂ ਦੇ ਨਵੀਨੀਕਰਨ ’ਤੇ ਹੁਣ ਤੱਕ 394.96 ਲੱਖ ਰੁਪਏ ਖਰਚੇ: ਮੀਤ ਹੇਅਰ*

 ਜ਼ਿਲ੍ਹਾ ਬਰਨਾਲਾ ਵਿੱਚ ਛੱਪੜਾਂ ਦੇ ਨਵੀਨੀਕਰਨ ’ਤੇ ਹੁਣ ਤੱਕ 394.96 ਲੱਖ ਰੁਪਏ ਖਰਚੇ: ਮੀਤ ਹੇਅਰ*

--ਜਲ ਸਰੋਤ ਮੰਤਰੀ ਵੱਲੋਂ ਪਿੰਡ ਭੱਦਲਵੱਡ ਵਿੱਚ 53.10 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

--ਕਿਹਾ, ਕੋਈ ਵੀ ਪਿੰਡ ਖੇਡ ਮੈਦਾਨ ਅਤੇ ਥਾਪਰ ਮਾਡਲ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ  


ਬਰਨਾਲਾ, 25 ਸਤੰਬਰ/ਕਰਨਪ੍ਰੀਤ ਕਰਨ /ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿੰਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਹਰ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਅਤੇ ਛੱਪੜਾਂ ਦੇ ਨਵੀਨੀਕਰਨ ਦਾ ਟੀਚਾ ਹੈ। 

        ਇਹ ਪ੍ਰਗਟਾਵਾ ਜਲ ਸਰੋਤ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਭੱਦਲਵੱਡ ਵਿੱਚ ਥਾਪਰ ਮਾਡਲ ਤਹਿਤ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ 53.10 ਲੱਖ ਦੀ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਾਈ, ਜਿਨ੍ਹਾਂ ਵਿੱਚ ਛੱਪੜ ਦੇ ਨਵੀਨੀਕਰਨ ’ਤੇ 46.90 ਲੱਖ, ਵਾਲੀਬਾਲ ਮੈਦਾਨ ’ਤੇ 4.70 ਲੱਖ ਰੁਪਏ ਤੇ ਧਰਮਸ਼ਾਲਾ ਦੀ ਮੁਰੰਮਤ ਲਈ 1.50 ਲੱਖ ਰੁਪਏ ਦੀ ਲਾਗਤ ਆਵੇਗੀ। 

        ਮੰਤਰੀ ਮੀਤ ਹੇਅਰ ਨੇ ਕਿਹਾ ਕਿ ਜਿੱੱਥੇ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ/ਕਮਿਊਨਿਟੀ ਹਾਲ ਉਸਾਰੇ ਜਾ ਰਹੇ ਹਨ, ਉਥੇ ਪਿੰਡਾਂ ਦੇ ਛੱਪੜਾਂ ਦੇ ਪਾਣੀ ਨੂੰ ਸੋਧਣ ਲਈ ਥਾਪਰ ਮਾਡਲ ਤਹਿਤ ਨਵਿਆਇਆ ਜਾ ਰਿਹਾ ਹੈ। 

      ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਜਲੂਰ, ਰੂੜੇਕੇ ਕਲਾਂ,ਅਸਪਾਲ ਕਲਾਂ, ਜੰਗੀਆਣਾ, ਭੋਤਨਾ, ਸਹਿਜੜਾ, ਪੰਡੋਰੀ, ਕੁਰੜ ਵਿੱਚ ਥਾਪਰ ਮਾਡਲ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਜਦੋਂਕਿ ਫਰਵਾਹੀ, ਠੁੱਲੇਵਾਲ, ਸ਼ਹਿਣਾ, ਚੁਹਾਨਕੇ ਕਲਾਂ ਵਿੱਚ ਕੰਮ ਜਾਰੀ ਹੈ, ਜੋ ਛੇਤੀ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ’ਤੇ ਹੁਣ ਤੱਕ ਕਰੀਬ 394.96 ਲੱਖ ਦੀ ਰਾਸ਼ੀ ਖ਼ਰਚ ਕੀਤੀ ਜਾ ਚੁੱਕੀ ਹੈੇ ਤੇ ਕੁੱਲ 430.70 ਲੱਖ ਦੀ ਰਾਸ਼ੀ ਖਰਚ ਹੋਣ ਦਾ ਅਨੁਮਾਨ ਹੈ।   

     ਇਸ ਤੋਂ ਇਲਾਵਾ ਭੱਦਲਵੱਡ ਸਣੇ ਹੋਰ ਕਈ ਪਿੰਡਾਂ ਵਿੱਚ ਆਉਂਦੇ ਸਮੇਂ ਵਿੱਚ ਛੱਪੜਾਂ ਨੂੰ ਥਾਪਰ ਮਾਡਲ ਵਜੋਂ ਨਵਿਆਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। 

 ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਗੁਰਦੀਪ ਸਿੰਘ ਬਾਠ, ਮੰਤਰੀ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ, ਵੱਖ-ਵੱਖ ਅਧਿਕਾਰੀ, ਪੰਚਾਇਤ ਮੈਂਬਰ ਤੇ ਪਤਵੰਤੇ ਹਾਜ਼ਰ ਸਨ।

Post a Comment

0 Comments