ਡਿਪਟੀ ਕਮਿਸ਼ਨਰ ਨੇ ਕੂੜਾ ਪ੍ਰਬੰਧਨ ਲਈ ਲਗਾਈਆਂ 5 ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

 ਡਿਪਟੀ ਕਮਿਸ਼ਨਰ ਨੇ ਕੂੜਾ ਪ੍ਰਬੰਧਨ ਲਈ ਲਗਾਈਆਂ 5 ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣਾ ਹਰ ਨਾਗਰਿਕ ਦੀ ਨੈਤਿਕ ਜਿੰਮੇਵਾਰੀ-ਪਰਮਵੀਰ ਸਿੰਘ


ਮਾਨਸਾ, 05 ਸਤੰਬਰ: ਗੁਰਜੰਟ ਸਿੰਘ ਬਾਜੇਵਾਲੀਆ 

ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਸੈਂਟਰਲ ਪਾਰਕ ਮਾਨਸਾ ਤੋਂ ਕੂੜਾ ਪ੍ਰਬੰਧਨ ਲਈ ਨਵੀਆਂ 5 ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਵੀ ਮੌਜੂਦ ਸਨ।

ਵੈਨਾਂ ਦੇ ਡਰਾਇਵਰਾਂ ਨੂੰ ਚਾਬੀਆਂ ਸੌਂਪਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵੈਨਾਂ ਸ਼ਹਿਰ ਮਾਨਸਾ ਦੇ ਘਰਾਂ ਤੋਂ ਕੂੜਾ ਇਕੱਠਾ ਕਰਨ ਲਈ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁੱਥਰਾ ਰੱਖਣਾ ਹਰ ਨਾਗਰਿਕ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ, ਜਦੋਂ ਆਲਾ ਦੁਆਲਾ ਸਾਫ ਹੋਵੇਗਾ ਤਾਂ ਸ਼ਹਿਰ ਆਪਣੇ ਆਪ ਸਵੱਛ ਹੋ ਜਾਵੇਗਾ।

ਉਨ੍ਹਾਂ ਮਿਊਂਸਪਲ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕੂੜਾ ਇਕੱਤਰ ਕਰਨ ਲਈ ਲਗਾਈਆਂ ਇੰਨ੍ਹਾਂ ਵੈਨਾਂ ਦੀ ਰੋਜਾਨਾ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਲਈ। ਉਨ੍ਹਾਂ ਵੈਨਾਂ ਲਈ ਲਗਾਏ ਡਰਾਇਵਰਾਂ ਨਾਲ ਗੱਲਬਾਤ ਕਰਨ ਮੌਕੇ ਮਿਊਂਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਉਨ੍ਹਾਂ ਲਈ ਡਰੈੱਸ ਅਤੇ ਜੁੱਤੇ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।

ਇਸ ਉਪਰੰਤ ਉਨ੍ਹਾਂ ਸੈਂਟਰਲ ਪਾਰਕ ਦਾ ਜਾਇਜ਼ਾ ਲੈਂਦਿਆਂ ਇੱਥੇ ਬਣੇ ਸਵੀਮਿੰਗ ਪੂਲ ਨੂੰ ਸੁਰੱਖਿਆ ਅਤੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਚਾਲੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਵੀਮਿੰਗ ਪੂਲ ਕੋਲ ਰਾਤ ਦੇ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਚੌਂਕੀਦਾਰ ਵੀ ਤੈਨਾਤ ਕੀਤਾ ਜਾਵੇ। ਉਨ੍ਹਾਂ ਪਾਰਕ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਣ ਦੀ ਹਦਾਇਤ ਕੀਤੀ ਤਾਂ ਜੋ ਇੱਥੇ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਵਧੀਆ ਵਾਤਾਵਰਣ ਮਿਲ ਸਕੇ। ਇਸ ਮੌਕੇ ਉਨ੍ਹਾਂ ਪਾਰਕ ਵਿਖੇ ਪੌਦਾ ਲਗਾ ਕੇ ਲੋਕਾਂ ਨੂੰ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ।

ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਾਨਸਾ ਵਿਜੈ ਸਿੰਗਲਾ, ਉਪ ਪ੍ਰਧਾਨ ਸੁਨੀਲ ਕੁਮਾਰ ਨੀਨੂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ, ਕਾਰਜਸਾਧਕ ਅਫ਼ਸਰ ਮਾਨਸਾ ਬਿਪਨ ਕੁਮਾਰ, ਐਮ.ਸੀ. ਵਿਸ਼ਾਲ ਗੋਲਡੀ, ਡਾ. ਸ਼ੇਰਜੰਗ ਸਿੰਘ ਸਿੱਧੂ, ਐਡਵੋਕੇਟ ਰਣਦੀਪ ਸ਼ਰਮਾ, ਐਡਵੋਕੇਟ ਨਵਲ ਗੋਇਲ, ਰਾਘਵ ਸਿੰਗਲਾ, ਸੰਜੀਵ ਪਿੰਟਾ, ਸਤੀਸ਼ ਮਹਿਤਾ, ਜਸਵਿੰਦਰ ਸਿੰਘ, ਤਰਸੇਮ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ। 

Post a Comment

0 Comments