ਸੈਂਟਰਲ ਪਾਰਕ ਕਮੇਟੀ ਦੀ ਇਕ ਮੀਟਿੰਗ ਪ੍ਰਧਾਨ ਮੇਜਰ ਸਿੰਘ ਗਿੱਲ ਅਤੇ ਰਾਜਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਪਾਰਕ ਵਿਖੇ ਹੋਈ ।

 ਸੈਂਟਰਲ ਪਾਰਕ ਕਮੇਟੀ ਦੀ ਇਕ ਮੀਟਿੰਗ ਪ੍ਰਧਾਨ ਮੇਜਰ ਸਿੰਘ ਗਿੱਲ ਅਤੇ ਰਾਜਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਪਾਰਕ ਵਿਖੇ ਹੋਈ 


ਮਾਨਸਾ 10 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ

ਬੀਤੇ ਦਿਨੀਂ ਸੈਂਟਰਲ ਪਾਰਕ ਮਾਨਸਾ ਦੀ ਸੁਧਾਰ ਕਮੇਟੀ ਵੱਲੋਂ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਗਿੱਲ ਅਤੇ ਰਾਜਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਪਾਰਕ ਵਿਖੇ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਪਾਰਕ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਮ.ਐਸ. ਗਿੱਲ ਨੇ ਨਗਰ ਕੌਂਸਲ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪਾਰਕ ਵਿਖੇ ਲੰਮੇ ਸਮੇਂ ਤੋਂ ਪਿਆ ਸਵੀਮਿੰਗ ਪੂਲ ਤੁਰੰਤ ਚਲਾਇਆ ਜਾਵੇ ਤਾਂ ਜੋ ਜਿਲ੍ਹੇ ਵਿੱਚ ਵਧੀਆ ਕਿਸਮ ਦੇ ਤੈਰਾਕ ਪੈਦਾ ਕੀਤੇ ਜਾ ਸਕਣ। ਇਸ ਦੇ ਨਾਲ ਹੀ ਉਹਨਾਂ ਇਹ ਮੰਗ ਵੀ ਕੀਤੀ ਕਿ ਪਾਰਕ ਦੇ ਕੁੱਝ ਹਿੱਸਿਆਂ ਵਿੱਚ ਬੂਟਿਆਂ ਨੂੰ ਪਾਣੀ ਦੇਣ ਲਈ ਪਾਈਪਲਾਈਨ ਨਹੀਂ ਵਿਛਾਈ ਗਈ ਜਿਸ ਕਾਰਨ ਬੂਟੇ ਸੁੱਕ ਜਾਂਦੇ ਹਨ। ਸੋ ਇਹ ਪਾਈਪ ਲਾਈਨ ਤੁਰੰਤ ਵਿਛਾਈ ਜਾਵੇ। ਪਾਰਕ ਦੀ ਚਾਰ ਦਿਵਾਰੀ ਵੀ ਕੁੱਝ ਥਾਵਾਂ ਤੋਂ ਟੁੱਟੀ ਪਈ ਹੈ ਇਸ ਦੀ ਮੁਰੰਮਤ ਕਰਵਾਈ ਜਾਵੇ। ਰਾਜਵਿੰਦਰ ਰਾਣਾ ਨੇ ਕਿਹਾ ਕਿ ਪਾਰਕ ਦੇ ਮੇਨ ਗੇਟ ਦੇ ਬਾਹਰ ਕਾਰ ਪਾਰਕਿੰਗ ਅਤੇ ਗੇਟ ਦੇ ਅੰਦਰ ਸਕੂਟਰ ਸਟੈਂਡ ਕੱਚਾ ਹੈ। ਲੋਕਾਂ ਨੂੰ ਖਾਸ ਕਰਕੇ ਬਾਰਿਸਾਂ ਦੇ ਦਿਨਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਦੋਵੇਂ ਸਟੈਂਡ ਇੰਟਰਲਾਕਿੰਗ ਟਾਇਲਾਂ ਲਗਾ ਕੇ ਪੱਕੇ ਕੀਤੇ ਜਾਣ। ਇਸ ਤੋਂ ਇਲਾਵਾ ਉਹਨਾਂ ਮਾਰਕਿਟ ਕਮੇਟੀ, ਮਾਨਸਾ ਪਾਸੋਂ ਮੰਗ ਕੀਤੀ ਕਿ ਨਹਿਰ ਦੇ ਕਿਨਾਰੇ ਬਣੀ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ। ਇਸ ਦੀ ਥਾਂ ਇੱਥੇ ਕੰਕਰੀਟ ਦੀ ਚੌੜੀ ਸੜਕ ਬਣਾਈ ਜਾਵੇ ਅਤੇ ਇਸ ਦੇ ਕਿਨਾਰੇ ਤੇ ਲਾਈਟਾਂ ਲਗਾਈਆਂ ਜਾਣ, ਕਿਉਂਕਿ ਇਹ ਸੜਕ ਤੇ ਸਵੇਰੇ ਹਨੇਰੇ ਵਿੱਚ ਬਹੁਤ ਸਾਰੇ ਲੋਕ ਸੈਰ ਕਰਨ ਜਾਂਦੇ ਹਨ ਅਤੇ ਦੇਰ ਰਾਤ ਤੱਕ ਟ੍ਰੈਫਿਕ ਚਲਦਾ ਰਹਿੰਦਾ ਹੈ। ਬੁਲਾਰਿਆਂ ਵੱਲੋਂ ਪਾਰਕ ਵਿੱਚ ਵਾਲੀਬਾਲ ਗਰਾਊਂਡ ਬਣਾਉਣ ਅਤੇ ਸ਼ਹਿਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਦੀ ਮੰਗ ਵੀ ਕੀਤੀ ਗਈ ਤਾਂ ਜੋ ਸ਼ਹਿਰ ਵਿੱਚ ਹੋਣ ਵਾਲੀਆਂ ਚੋਰੀਆਂ ਨੂੰ ਰੋਕਿਆ ਜਾ ਸਕੇ। ਹੋਰ ਸੰਬੋਧਨ ਕਰਨ ਵਾਲਿਆਂ ਅਤੇ ਹਾਜਰ ਮੈਂਬਰਾਂ ਵਿੱਚ ਐਮ.ਸੀ. ਨੇਮ ਚੰਦ, ਪ੍ਰਵੀਨ ਟੋਨੀ, ਭੂਸ਼ਣ ਕੁਮਾਰ, ਚੰਦਰ ਸ਼ੇਖਰ ਨੰਦੀ, ਡਾ. ਮਨਜੀਤ ਰਾਣਾ, ਗੁਰਮੇਲ ਸਿੰਘ ਠੇਕੇਦਾਰ, ਮਹਿੰਦਰਪਾਲ ਸਿੰਘ, ਮੇਜਰ ਸਿੰਘ ਖੋਖਰ, ਸ਼ਮਸ਼ੇਰ ਸਿੰਘ, ਰਾਹੁਲ ਕੁਮਾਰ, ਹਰਮਨ ਭੰਮੇ, ਸਿੱਧੂ ਬ੍ਰਦਰਜ, ਮੇਜਰ ਸਿੰਘ ਗੇਹਲੇ, ਮਹਿੰਦਰਪਾਲ ਸ਼ਰਮਾ, ਲੱਖਾ ਸਿੰਘ, ਕੁਲਦੀਪ ਸਿੰਘ ਡੀ.ਪੀ.ਈ., ਅਮਰੀਕ ਸਿੰਘ ਭੋਲਾ, ਮੋਹਿਤ, ਸਰਬਜੀਤ ਸਿੰਘ ਆਦਿ ਸ਼ਾਮਿਲ ਸਨ।

Post a Comment

0 Comments