ਸੁਖ਼ਪਾਲ ਖ਼ਹਿਰਾ ਗ੍ਰਿਫ਼ਤਾਰ: ਪੁਰਾਣੇ ਐੱਨ.ਡੀ.ਪੀ.ਐੱਸ. ਮਾਮਲੇ ਵਿੱਚ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਹੋਈ ਗ੍ਰਿਫ਼ਤਾਰੀ
ਜਲਾਲਾਬਾਦ ਤੋਂ ਆਈ ਪੁਲਿਸ ਪਾਰਟੀ ਨੇ ਪਾਈ ਗ੍ਰਿਫ਼ਤਾਰੀ
ਚੰਡੀਗੜ੍ਹ, ਪੰਜਾਬ ਇੰਡੀਆ ਨਿਊਜ਼ ਬਿਊਰੋ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸ: ਸੁਖ਼ਪਾਲ ਸਿੰਘ ਖ਼ਹਿਰਾ ਨੂੰ ਅੱਜ ਪੰਜਾਬ ਪੁਲਿਸ ਦੀ ਇੱਕ ਪਾਰਟੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੰਜਾਬ ਪੁਲਿਸ ਦੀ ਇੱਕ ਪਾਰਟੀ ਵੀਰਵਾਰ ਸਵੇਰੇ 6 ਵਜੇ ਸ: ਖ਼ਹਿਰਾ ਦੀ ਚੰਡੀਗੜ੍ਹ ਦੇ ਸੈਕਟਰ 5 ਸਥਿਤ ਕੋਠੀ ਨੰਬਰ 6 ’ਤੇ ਪੁੱਜੀ ਅਤੇ ਕਾਫ਼ੀ ਸਮਾਂ ਬਹਿਸ ਮੁਬਹਿਸੇ ਤੋਂ ਬਾਅਦ 6 .30 ਵਜੇ ਸ: ਖ਼ਹਿਰਾ ਨੂੰ ਆਪਣੇ ਨਾਲ ਲੈ ਗਈ।
ਇਸ ਸੰਬੰਧੀ ਸ: ਖ਼ਹਿਰਾ ਦੇ ਪਰਿਵਾਰ ਵੱਲੋਂ ਵੀਡੀਉ ਸੋਸ਼ਲ ਮੀਡੀਆ ’ਤੇ ‘ਸ਼ੇਅਰ’ ਕੀਤੀ ਗਈ ਹੈ ਜਿਸ ਵਿੱਚ ਸ: ਖ਼ਹਿਰਾ, ਉਨ੍ਹਾਂ ਦੇ ਬੇਟੇ ਸ: ਮਹਿਤਾਬ ਸਿੰਘ ਖ਼ਹਿਰਾ ਐਡਵੋਕੇਟ ਅਤੇ ਹੋਰ ਪਰਿਵਾਰਕ ਮੈਂਬਰ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਹਨ।
ਇਸੇ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ ਸ: ਖ਼ਹਿਰਾ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਬਣੀ ਇੱਕ ਐੱਸ.ਆਈ.ਟੀ. ਨੂੰ ਉਹਨਾਂ ਦੇ ਖਿਲਾਫ਼ ਪੁਖ਼ਤਾ ਸਬੂਤ ਮਿਲੇ ਹਨ, ਜਿਸ ਆਧਾਰ ’ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਪਾਰਟੀ ਵਿੱਚ ਐੱਸ.ਪੀ., ਇੱਕ ਡੀ.ਐੱਸ.ਪੀ., ਇੰਸਪੈਕਟਰ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਵੀਡੀਉ ਵਿੱਚ ਸ: ਖ਼ਹਿਰਾ ਅਧਿਕਾਰੀਆਂ ਤੋਂ ਉਨ੍ਹਾਂ ਦੀ ਪਛਾਣ ਪੁੱਛਦੇ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਫ਼ਾਜ਼ਿਲਕਾ ਪੁਲਿਸ ਦੀ ਟੀਮ ਹੈ ਜਿਸ ਵਿੱਚ ਸ: ਮਨਜੀਤ ਸਿੰਘ ਐੱਸ.ਪੀ., ਸ੍ਰੀ ਅੱਛਰੂ ਰਾਮ ਸ਼ਰਮਾ ਡੀ.ਐਸ.ਪੀ., ਪੁਸ਼ਪ ਬਾਲੀ ਇੰਸਪੈਕਟਰ, ਅੰਗਰੇਜ਼ ਸਿੰਘ ਐੱਸ.ਐੱਚ.ਉ. ਤੇ ਹੋਰ ਕਈ ਅਧਿਕਾਰੀ ਤੇ ਪੁਲਿਸ ਕਰਮੀ ਸ਼ਾਮਲ ਸਨ।
ਸ: ਖ਼ਹਿਰਾ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ ਕਿ ਪੁਲਿਸ ਕੋਲ ਕੋਈ ਗ੍ਰਿਫਤਾਰੀ ਵਾਰੰਟ ਨਹੀਂ ਹਨ ਅਤੇ ਉਹਨਾਂ ਨੂੰ 2015 ਦੇ ਜਲਾਲਾਬਾਦ ਵਿੱਚ ਦਰਜ ਇੱਕ ਉਸ ਐੱਨ.ਡੀ.ਪੀ.ਐੱਸ. ਕੇਸ ਵਿੱਚ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਜਿਸ ਕੇਸ ਵਿੱਚ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਸੰਮਨ ‘ਕੁਐਸ਼’ ਕੀਤੇ ਹੋਏ ਹਨ।
ਸ: ਖ਼ਹਿਰਾ ਨੇ ਇਹ ਵੀ ਸਵਾਲ ਕੀਤਾ ਕਿ ਪੁਲਿਸ ਪਾਰਟੀ ਜਲਾਲਾਬਾਦ ਤੋਂ ਚੱਲ ਕੇ ਚੰਡੀਗੜ੍ਹ ਆਈ ਹੈ ਪਰ ਚੰਡੀਗੜ੍ਹ ਪੁਲਿਸ ਨੂੰ ਨਾਲ ਨਹੀਂ ਲੈ ਕੇ ਆਈ ਜਿਸ ’ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਚੰਡੀਗੜ੍ਹ ਪੁਲਿਸ ਨੂੰ ਸੂਚਨਾ ਦੇ ਕੇ ਆਏ ਹਨ।
ਪੁਲਿਸ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸ: ਖ਼ਹਿਰਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ 2015 ਦੇ ਇੱਕ ਪੁਰਾਣੇ ਕੇਸ ਵਿੱਚ ਸਿਆਸੀ ਬਦਲਾਖ਼ੋਰੀ ਦੇ ਤਹਿਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
0 Comments