ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ

 ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ 


ਮਾਨਸਾ 6 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ 

ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਧਿਆਪਕ ਦਿਵਸ 'ਗੁਰੂ ਬੰਦਨ, ਛਾਤਰ ਅਭਿਨੰਦਨ' ਦੇ ਰੂਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂਸਾ ਵਿਖੇ ਮਨਾਇਆ ਗਿਆ। ਇਸ ਸਨਮਾਨ ਸਮਾਰੋਹ ਮੌਕੇ ਸਕੂਲ ਦੇ ਸਾਰੇ ਹੀ ਅਧਿਆਪਕਾਂ ਅਤੇ ਪਿ੍ੰਸੀਪਲ ਸਾਹਿਬ ਨੂੰ ਵਿਦਿਆਰਥੀਆਂ ਵੱਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਵ: ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਸ੍ਰ. ਬਲਕੌਰ ਸਿੰਘ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਕਿਹਾ ਅਧਿਆਪਕ ਹੋਣਾ ਆਪਣੇ-ਆਪ ਵਿੱਚ ਮਾਣ ਦੀ ਗੱਲ ਹੈ ਅਤੇ ਜਦੋਂ ਅਧਿਆਪਕ ਨੂੰ ਕਿਸੇ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਉਸਦੀਆਂ ਸਮਾਜ ਪ੍ਰਤੀ ਜਿੰਮੇਵਾਰੀਆ ਹੋਰ ਵੀ ਵੱਧ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਵਿਦਿਆਰਥੀਆਂ 'ਤੇ ਪ੍ਰਭਾਵ ਪੈਣਾ ਸੁਭਾਵਿਕ ਹੈ। ਕਿਸੇ ਵੀ ਦੇਸ ਦੇ ਨਿਰਮਾਣ ਅਤੇ ਉਸਦੀ ਤਰੱਕੀ ਵਿੱਚ ਜਿੰਨੇ ਵੀ ਲੋਕ ਹਿੱਸਾ ਪਾਉਂਦੇ ਹਨ ਉਨ੍ਹਾਂ ਸਭ ਦਾ ਜਨਮ ਜਮਾਤ ਦੇ ਕਮਰੇ ਵਿੱਚੋਂ ਹੁੰਦਾ ਹੈ ਅਤੇ ਉਨ੍ਹਾਂ ਨੂੰ ਬਣਾਉਣ ਵਾਲਾ ਅਧਿਆਪਕ ਹੀ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਮਾਪੇ ਅਤੇ ਸਮਾਜ ਜਿਸ ਕਿਸਮ ਦਾ ਸਤਿਕਾਰ ਅਧਿਆਪਕ ਨੂੰ ਦੇਣਗੇ, ਅਧਿਆਪਕ ਉਸ ਤੋਂ ਕਿਤੇ ਵੱਧ ਉਸਦੀ ਕੀਮਤ ਸਮਾਜ ਨੂੰ ਅਦਾ ਕਰੇਗਾ। ਵਿਦਿਆਰਥੀਆਂ ਵੱਲੋਂ ਵੀ ਅਧਿਆਪਕ ਦਿਵਸ ਨਾਲ ਸੰਬੰਧਤ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ।  ਇਸ ਮੌਕੇ ਪ੍ਰਾਜੈਕਟ ਚੈਅਰਮੈਨ ਵਿਨੋਦ ਗੋਇਲ, ਸੈਕਟਰੀ ਅਰੁਣ ਗੁਪਤਾ,  ਸਟੇਟ ਕਮੇਟੀ ਮੈਂਬਰ ਰਾਜਿੰਦਰ ਗਰਗ, ਜੀ. ਡੀ ਭਾਟੀਆ, ਜਿਲ੍ਹਾ ਪ੍ਰਧਾਨ ਐੱਸ. ਪੀ. ਜਿੰਦਲ, ਸ਼੍ਰੀਮਤੀ ਸ਼ੰਤੋਸ਼ ਭਾਟੀਆ, ਅਮ੍ਰਿੰਤਪਾਲ ਗੋਇਲ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਸਾਂਝੇ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਕੈਸ਼ੀਅਰ ਈਸ਼ਵਰ ਗੋਇਲ ਨੇ ਨਿਭਾਈ। ਇਸ ਸਨਮਾਨ ਸਮਾਰੋਹ ਮੌਕੇ ਸਕੂਲ ਦਾ ਸਮੂਹ ਸਟਾਫ਼, ਇੰਚਾਰਜ਼ ਪ੍ਰਿੰਸੀਪਲ ਹਰਪ੍ਰੀਤ ਸਿੰਘ, ਸਮੂਹ ਵਿਦਿਆਰਥੀ, ਸਕੂਲ ਮੈਨੇਜਮੈਟ ਕਮੇਟੀ ਦੇ ਮੈਂਬਰ ਅਤੇ ਪ੍ਰੀਸ਼ਦ ਦੇ ਮੈਂਬਰ ਹਾਜ਼ਰ ਸਨ। ਇਸ ਤਰ੍ਹਾਂ ਅੱਜ ਦਾ ਇਹ ਅਧਿਆਪਕ ਸਨਮਾਨ ਸਮਾਰਿਹ ਯਾਦਗਾਰੀ ਹੋ ਨਿਬੜਿਆ।

Post a Comment

0 Comments