ਜ਼ਿਲ੍ਹਾ ਬਰਨਾਲਾ ਦੀਆਂ ਸਵੈ-ਸੇਵੀ ਸੰਸਥਾਵਾਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਲਈ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ: ਡਿਪਟੀ ਕਮਿਸ਼ਨਰ

 ਜ਼ਿਲ੍ਹਾ ਬਰਨਾਲਾ ਦੀਆਂ ਸਵੈ-ਸੇਵੀ ਸੰਸਥਾਵਾਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਲਈ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ: ਡਿਪਟੀ ਕਮਿਸ਼ਨਰ

--ਹੱਥੀਂ ਸਮਾਨ ਬਣਾਉਣ ਵਾਲਿਆਂ ਨੁੂੰ ਪੈਕਿੰਗ, ਮਾਰਕੀਟਿੰਗ ਸਬੰਧੀ ਦਿੱਤੀ ਜਾਵੇਗੀ ਸਿਖਲਾਈ

--ਮਹਿਲਾਵਾਂ, ਕਿਸਾਨ ਆਪਣੇ ਉਤਪਾਦਾਂ ਨੂੰ ਰਾਸ਼ਟਰੀ, ਅੰਤਰ ਰਾਸ਼ਟਰੀ ਪੱਧਰ ਤੱਕ ਵੇਚ ਸਕਣਗੇ


ਬਰਨਾਲਾ, 25 ਸਤੰਬਰ/ਕਰਨਪ੍ਰੀਤ ਕਰਨ /ਜ਼ਿਲ੍ਹਾ ਬਰਨਾਲਾ ਵਿੱਚ ਕੰਮ ਕਰ ਰਹੀਆਂ ਸਵੈ ਸੇਵੀ ਸੰਸਥਾਵਾਂ, ਕਿਸਾਨ ਉਤਪਾਦ ਸੰਸਥਾਵਾਂ, ਉਦਯੋਗਾਂ ਨੂੰ ਆਪਣੇ ਉਤਪਾਦਾਂ ਦੀ ਪੈਕਿੰਗ ਅਤੇ ਮਾਰਕੀਟਿੰਗ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਉਤਪਾਦ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਵੇਚ ਸਕਣ। 

ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਸਕੀਮ ਦਾ ਰਸਮੀਕਰਨ (ਪੀ ਐਮ ਐਫ ਐਮ ਈ) ਤਹਿਤ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਰਨਾਲਾ 'ਚ ਵੱਖ ਵੱਖ ਗਰੁੱਪ ਹੱਥੀਂ ਸਮਾਨ ਜਿਵੇਂ ਕਿ ਅਚਾਰ, ਮੁਰੱਬੇ, ਮੋਟੇ ਅਨਾਜ, ਆਰਗੈਨਿਕ ਆਟਾ ਆਦਿ ਬਣਾਉਣ ਦਾ ਕੰਮ ਬਹੁਤ ਸੁਚੱਜੇ ਢੰਗ ਨਾਲ ਕਰ ਰਹੇ ਹਨ ਪਰ ਇਨ੍ਹਾਂ ਤੋਂ ਹੋਣ ਵਾਲੀ ਆਮਦਨ ਘੱਟ ਹੈ ਕਿਉਂਕਿ ਬਾਜ਼ਾਰ ਵਿੱਚ ਇਸ ਤਰ੍ਹਾਂ ਦੇ ਹੀ ਖਾਦ ਪਦਾਰਥ ਵੱਖਰੀ ਜਿਹੀ ਪੈਕਿੰਗ 'ਚ ਮਿਲਦੇ ਹਨ। ਇਨ੍ਹਾਂ ਗਰੁੱਪਾਂ ਨੂੰ ਪੈਕਿੰਗ ਅਤੇ ਮਾਰਕੇਟਿੰਗ ਦੇ ਗੁਰ ਸਿਖਾਉਣ ਲਈ ਇਹ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਇੱਕ ਜ਼ਿਲ੍ਹਾ, ਇਕ ਉਤਪਾਦ ਸਕੀਮ ਤਹਿਤ ਜ਼ਿਲ੍ਹਾ ਬਰਨਾਲਾ ਨੂੰ ਪੋਲਟਰੀ ਲਈ ਚੁਣਿਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਜ਼ਿਲ੍ਹੇ ਦੇ ਪੋਲਟਰੀ ਫਾਰਮਾਂ ਨੁੂੰ ਵਿਸ਼ੇਸ਼ ਤਰੀਕੇ ਦੇ ਉਤਪਾਦ ਬਣਾਉਣ ਲਈ ਸਿਖਲਾਈ ਦਿੱਤੀ ਜਾਵੇਗੀ। 

ਉਨ੍ਹਾਂ ਗਰੁੱਪਾਂ ਦੇ ਮੈਂਬਰ ਅਤੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੇ ਸਮੇਂ ਵਿੱਚ ਪੀ ਐਮ ਵਿਸ਼ਵਕਰਮਾ ਯੋਜਨਾ ਅਧੀਨ ਆਪਣੀ ਅਤੇ ਆਪਣੇ ਵਰਕਰਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਸਕੀਮ ਅਧੀਨ ਵੱਖ ਵੱਖ ਕਾਰੀਗਰਾਂ ਨੂੰ ਸਿਖਲਾਈ ਅਤੇ ਘੱਟ ਦਰਾਂ 'ਤੇ ਕਰਜ਼ ਦਿੱਤੇ ਜਾਂਦੇ ਹਨ।

ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪ੍ਰੀਤ ਮੋਹਿੰਦਰ ਬਰਾੜ ਨੇ ਦੱਸਿਆ ਕਿ ਪੀ ਐਮ ਐਫ ਐਮ ਈ ਦਾ ਮੁੱਖ ਉਦੇਸ਼ ਛੋਟੀਆਂ ਇਕਾਈਆਂ ਨੂੰ ਉਤਸ਼ਾਹਿਤ ਕਰਨਾ ਅਤੇ ਇਨ੍ਹਾਂ ਨੂੰ ਮਾਰਕੀਟਿੰਗ ਸਬੰਧੀ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ। 

ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਖੇਤੀਬਾੜੀ ਅਫਸਰ ਸੁਖਪਾਲ ਸਿੰਘ, ਬਾਗਬਾਨੀ ਅਫਸਰ ਨਰਪਿੰਦਰ ਕੌਰ, ਲੀਡ ਬੈਂਕ ਤੋਂ ਅੰਬੂਜ ਕੁਮਾਰ, ਬਰਨਾਲਾ ਚੈਂਬਰ ਆਫ ਕਮਰਸ ਤੋਂ ਚੇਅਰਮੈਨ ਵਿਜੈ ਕੁਮਾਰ, ਵੱਖ ਵੱਖ ਸਵੈ ਸੇਵੀ ਸੰਸਥਾਵਾਂ ਤੋਂ ਆਏ ਗਰੁੱਪ ਮੈਂਬਰ, ਕਿਸਾਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।

Post a Comment

0 Comments