ਨਸ਼ਾ ਮੁਕਤੀ ਮੁਹਿੰਮ : ਸਾਂਝੀ ਐਕਸ਼ਨ ਕਮੇਟੀ ਮੰਗਲਵਾਰ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਕਰਨ ਦੇ ਰੌਂਅ `ਚ ਪੱਕੇ ਧਰਨੇ `ਚ ਡਿਉਟੀਆਂ ਲਈ ਰੱਖੀ ਮੀਟਿੰਗ ਵਿੱਚ ਐਲਾਣ

 ਨਸ਼ਾ ਮੁਕਤੀ ਮੁਹਿੰਮ : ਸਾਂਝੀ ਐਕਸ਼ਨ ਕਮੇਟੀ ਮੰਗਲਵਾਰ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਕਰਨ ਦੇ ਰੌਂਅ ਚ ਪੱਕੇ ਧਰਨੇ `ਚ  ਡਿਉਟੀਆਂ ਲਈ ਰੱਖੀ ਮੀਟਿੰਗ ਵਿੱਚ ਐਲਾਣ 


ਮਾਨਸਾ - 2 ਸਤੰਬਰ -ਗੁਰਜੰਟ ਸਿੰਘ ਬਾਜੇਵਾਲੀਆ

ਨਸ਼ਾ ਬੰਦੀ ਲਈ ਮਾਨਸਾ ਵਿਖੇ ਚੱਲ ਰਹੀ ਮੁਹਿੰਮ ਆਰ ਪਾਰ ਦੀ ਲੜਾਈ ਵਿੱਚ ਪੁੱਜ ਗਈ ਹੈ।ਪਹਿਲੀ ਸਤੰਬਰ ਤੋਂ  ਜਿ਼ਲ੍ਹੇ ਦੇ ਤਿੰਨਾਂ ਵਿਧਾਇਕਾਂ ਦੇ ਘਰ ਘੇਰਨ ਦੇ ਕੀਤੇ ਐਲਾਣ ਬਾਅਦ ਹੋਰ ਤਿੱਖੀ ਹੋਈ ਮੁਹਿੰਮ ਦਾ ਸੇਕ ਜਿ਼ਲ੍ਹਾ ਪ੍ਰਸਾਸ਼ਨ ਅਤੇ ਰਾਜ ਕਰਦੀ ਪਾਰਟੀ ਦੇ ਮੁਖੀ ਤੱਕ ਜਾ ਪੁੱਜਾ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਬੁੱਧ ਰਾਮ ਸਮੇਤ ਜਦੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਪੱਕੇ ਧਰਨੇ ਵਿੱਚ ਆ ਕੇ ਜਨਤਕ ਤੌਰ `ਤੇ ਮੰਗਲਵਾਰ ਤੱਕ ਮਸਲਾ ਹੱਲ ਕਰਨ ਦਾ ਵਿਸ਼ਵਾਸ਼ ਤਾਂ ਦਿਵਾਇਆ ਪਰ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਮਸਲਾ ਹੱਲ ਹੋਣ ਬਾਅਦ ਹੀ ਯਕੀਨ ਕਰਨ ਦੀ ਗੱਲ ਕਹੀ। ਅੱਜ ਬਾਬਾ ਬੂਝਾ ਸਿੰਘ ਭਵਨ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਜਥੇਬੰਦੀ ਦੇ ਸੂਬਾ ਪ੍ਰਧਾਨ ਧੰਨ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਨ ਸਰਬਸੰਮਤੀ ਨਾਲ ਫੈਸਲੇ ਕਰਦਿਆਂ ਸਾਂਝੀ ਐਕਸ਼ਨ ਕਮੇਟੀ ਨੇ ਐਲਾਣ ਕੀਤਾ ਕਿ ਜੇਕਰ ਮੰਗਲਵਾਰ ਨੂੰ ਵੀ ਸਰਕਾਰ ਵਾਰ ਵਾਰ ਵਾਅਦਿਆਂ ਤੋਂ ਮੁਕਰਨ ਵਾਲੀ ਆਦਤ ਕਾਇਮ ਰੱਖਦੀ ਹੈ ਤਾਂ ਬੁੱਧਵਾਰ ਤੱਕ ਹੰਗਾਮੀ ਮੀਟਿੰਗ ਰੱਖ ਕੇ ਹੋਰ ਤਿੱਖੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਿਸੀਪਲ ਬੁੱਧ ਰਾਮ ਦੇ ਨਾਲ ਨਾਲ ਬਾਕੀ ਦੋਵੇਂ ਵਿਧਾਇਕਾਂ ਦੇ ਘਰਾਂ ਅੱਗੇ ਵੀ ਪੱਕੇ ਮੋਰਚੇ ਗੱਡ ਦਿੱਤੇ ਜਾਣਗੇ। ਜੇਕਰ ਪਰਮਿੰਦਰ ਝੋਟੇ ਦੀ ਰਿਹਾਈ ਅਤੇ ਨਸ਼ਾ ਬੰਦੀ `ਚ ਸਰਕਾਰ ਨੇ ਕੋਈ ਹੋਰ ਦੇਰੀ ਕੀਤੀ ਤਾਂ ਮੋਰਚੇ ਦਾ ਰੁਖ ਹੋਰ ਤਿੱਖਾ ਹੋ ਸਕਦਾ ਹੈ। ਆਗੂਆਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨਾਲ ਨਸ਼ਾ ਬੰਦੀ ਦੇ ਵਾਅਦੇ  ਰਾਜ ਕਰਦੀ ਪਾਰਟੀ ਨੇ ਕੀਤੇ ਸਨ ਪਰ ਨਸ਼ਾ ਬੰਦੀ ਕਰਨੀ ਆਮ ਲੋਕਾਂ ਨੂੰ ਪੈ ਰਹੀ ਹੈ।ਉਨ੍ਹਾਂ ਕਿਹਾ ਅੱਜ ਮਸਲਾ ਇਕੱਲਾ   ਨਸ਼ੇ ਤੋਂ ਪੀੜਤ ਨੌਜਵਾਨਾਂ ਦਾ ਨਹੀਂ ਰਿਹਾ।  ਮਸਲਾ ਸਰਕਾਰੀ ਸਹਿ ਨਾਲ ਸ਼ਰੇਆਮ ਨਸ਼ਾ ਵੇਚ ਰਹੇ ਲੋਕਾਂ ਦਾ ਆਮ ਨਾਗਰਿਕਾਂ ਦੀ ਦਿਨ ਦਿਹਾੜੇ ਲੁੱਟ  ਕਰਨਾ ਅਤੇ ਮਾਰਧਾੜ ਕਰਨ ਤੱਕ ਪੁੱਜ ਗਿਆ ਹੈ। ਆਗੂਆਂ ਦੱਸਿਆ ਪਹਿਲਾਂ ਸਿਰਫ ਨੌਜਵਾਨ ਬੱਚਿਆਂ ਦੇ ਮਾਪੇ ਹੀ ਪ੍ਰੇਸ਼ਾਨ ਸਨ ਪਰ ਹੁਣ ਇਹ ਪ੍ਰੇਸ਼ਾਨੀ ਭੋਲੇ ਭਾਲੇ ਅਤੇ ਬਜੁਰਗ ਲੋਕਾਂ ਦੀ ਦਿਨ ਦਿਹਾੜੇ ਲੁੱਟ ਖੋਹ ਅਤੇ ਔਰਤਾਂ ਨਾਲ ਮਾੜੇ ਵਿਹਾਰ ਨੇ ਹਰ ਪਰਿਵਾਰ ਵਿੱਚ ਪੈਦਾ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਅੱਜ਼ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਨਸ਼ਾ ਬੰਦੀ ਲਈ ਅਤੇ ਸਮਗਲਰਾਂ ਨੂੰ ਫੜਕੇ ਜੇਲ `ਚ ਸੁੱਟਣ ਦੀ ਮੰਗ ਨੂੰ ਲੈ ਕੇ ਮੁਜਾਹਰੇ ਹੋ ਰਹੇ ਹਨ । ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਗੁਰਜੰਟ ਸਿੰਘ , ਅਮਰੀਕ ਸਿੰਘ ,ਬੋਘ ਸਿੰਘ, ਪ੍ਰਸ਼ੋਤਮ ਸਿੰਘ, ਦਰਸਨ ਸਿੰਘ, ਕ੍ਰਿਸ਼ਨ ਚੌਹਾਨ, ਗਗਨ ਸ਼ਰਮਾ, ਅਮਨ ਪਟਵਾਰੀ, ਬਲਵਿੰਦਰ ਕੌਰ,ਮਹਿੰਦਰ ਸਿੰਘ ਭੈਣੀ, ਗੁਰਸੇਵਕ ਸਿੰਘ ਜਵਾਹਰਕੇ ਸਮੇਤ ਸਮੂਹ ਜਥੇਬੰਦੀਆ ਦੇ ਆਗੂਆਂ ਨੇ ਸੰਬੋਧਨ ਕੀਤਾ ।

Post a Comment

0 Comments