ਆਮ ਲੋਕਾਂ ਲਈ ਇਸ ਬਾਰ ਕੀਤੇ ਜਾ ਰਹੇ ਖਾਸ ਉਪਰਾਲੇ ਸਫਾਈ, ਪਲਾਸਟਿਕ ਮੁਕਤ ਸ਼ਹਿਰ, ਸੁਚਾਰੂ ਟਰੈਫਿਕ ਵਿਵਸਥਾ ਅਤੇ ਸੁਚੱਜੇ ਲੰਗਰ ਆਯੋਜਨ ਵੱਲ ਹੈ ਵਿਸ਼ੇਸ਼ ਤਵੱਜੋ
ਮੇਲੇ ਦੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਕੀਤੀ ਮੀਟਿੰਗ ਅਤੇ ਪ੍ਰੈਸ ਕਾਨਫਰੰਸ
ਫਰੀਦਕੋਟ 15 ਸਤੰਬਰ ਚੀਫ ਬਿਊਰੋ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਹਰਜੀਤ ਸਿੰਘ ਨੇ ਅੱਜ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਸਬੰਧੀ ਸਮੂਹ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕਰਨ ਉਪੰਰਤ ਪ੍ਰੈਸ ਦੇ ਨੁਮਾਇੰਦਿਆਂ ਨਾਲ ਰੂਬਰੂ ਹੋਏ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਪਿਛਲੇ ਸਾਲ ਮੇਲੇ ਦੌਰਾਨ ਰਹਿ ਗਈਆਂ ਤੁਰੱਟੀਆਂ ਤੋਂ ਸਿੱਖਿਆ ਪ੍ਰਾਪਤ ਕਰਕੇ ਬਿਹਤਰ ਢੰਗ ਨਾਲ ਇਸ ਸਾਲਾਨਾ ਸਮਾਗਮ ਨੂੰ ਨੇਪਰੇ ਚੜ੍ਹਾਇਆ ਜਾਵੇਗਾ।
ਮੀਟਿੰਗ ਅਤੇ ਪ੍ਰੈਸ ਕਾਨਫਰੰਸ ਦੌਰਾਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਲੋਕਾਂ ਵੱਲੋਂ ਸਹਿਯੋਗ ਮੰਗਦੇ ਹੋਏ ਡੀ.ਸੀ. ਅਤੇ ਐਸ.ਐਸ. ਪੀ. ਨੇ ਕਿਹਾ ਕਿ ਇਸ ਵਾਰ ਇਸ ਮੇਲੇ ਦੌਰਾਨ ਸ਼ਹਿਰ ਦੀ ਸਫਾਈ ਬਾਬਤ ਤਵੱਜੋਂ ਦੇਣ ਦੇ ਮੰਤਵ ਨਾਲ ਪ੍ਰੋਗਰਾਮ ਵਾਲੇ ਸਥਾਨਾਂ ਵੱਲ ਜਾਂਦੀਆਂ ਸਾਰੀਆਂ ਸੜਕਾਂ ਤੇ ਨਗਰ ਕੌਂਸਲ ਵੱਲੋਂ ਕੂੜਾ ਇਕੱਤਰ ਕਰਨ ਵਾਲੀਆਂ ਟਰੈਕਟਰ ਟਰਾਲੀਆਂ ਦੀ ਆਵਾਜਾਈ ਨਿਰਵਿਘਨ ਕੀਤੀ ਗਈ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਇਹ ਹੈ ਕਿ ਸੜਕਾਂ ਦੇ ਕਿਨਾਰੇ ਲੱਗਣ ਵਾਲੀਆਂ ਖਾਣ ਪੀਣ ਦੀਆਂ ਸਟਾਲਾਂ ਜਾਂ ਲੰਗਰ ਦੌਰਾਨ ਕੂੜਾ ਇੱਕਤਰ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਵਾਰ ਲੋਕਾਂ ਦੀ ਭਾਰੀ ਇੱਕਤਰਤਾ ਦੇ ਕਾਰਨ ਸਿੰਗਲ ਯੂਜ਼ ਪਲਾਸਟਿਕ ਦਾ ਵੱਡੀ ਮਾਤਰਾ ਵਿੱਚ ਇਸਤੇਮਾਲ ਹੋਣਾ ਸੁਭਾਵਿਕ ਹੁੰਦਾ ਹੈ। ਪਰੰਤੂ ਇਸ ਵਾਰ ਸਮੂਹ ਇਲਾਕਾ ਨਿਵਾਸੀਆਂ, ਸਮਾਜਿਕ ਸੰਸਥਾਵਾਂ ਅਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਖਾਣ ਪੀਣ ਦੀਆਂ ਚੀਜਾਂ ਨੂੰ ਆਮ ਘਰਾਂ ਵਿੱਚ ਵਰਤੇ ਜਾਣ ਵਾਲੇ ਭਾਂਡੇ ਜਾਂ ਮਿੱਟੀ ਦੇ ਕੁੱਲੜ, ਪੱਤਲ ਦੇ ਇਸਤੇਮਾਲ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਬਾਬਾ ਸ਼ੇਖ ਫਰੀਦ ਜਿੰਨਾ ਨੂੰ ਸੰਸਾਰ ਵਿੱਚ ਸ਼ੱਕਰਗੰਜ਼ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਹੈ, ਵੱਲੋਂ ਦਰਸਾਏ ਗਏ ਫਲਸਫ਼ੇ ਅਤੇ ਮਾਰਗ ਤੇ ਚੱਲਣ ਲਈ ਆਪਾਂ ਸਭ ਨੂੰ ਪੂਰਨ ਨਿਮਰਤਾ ਨਾਲ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ੱਕਰਗੰਜ਼ ਫਾਰਸੀ ਜੁਬਾਨ ਦਾ ਸ਼ਬਦ ਹੈ, ਜਿਸ ਦਾ ਅਰਥ ਮਿਠਾਸ ਦਾ ਖਜ਼ਾਨਾ ਅਤੇ ਮਿੱਠਤ ਅਤੇ ਨਿਮਰਤਾ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਹਨ।
ਇਸ ਮੌਕੇ ਟਰੈਫਿਕ ਅਤੇ ਆਵਾਜਾਈ ਸਮੱਸਿਆ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਵਾਰ ਪੁਰਜ਼ੋਰ ਕੋਸ਼ਿਸ਼ ਹੈ ਕਿ ਅਤੇ ਇਸ ਵੱਲ ਖਾਸ ਤਵੱਜੋਂ ਦਿੱਤੀ ਜਾਵੇਗੀ ਕਿ ਆਮ ਲੋਕਾਂ ਨੂੰ ਇਸ ਵਾਰ ਟਰੈਫਿਕ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸੰਭਾਵਿਤ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਥੋੜ੍ਹੀ ਸਖਤੀ ਅਮਲ ਵਿੱਚ ਲਿਆਉਣ ਦੀ ਗੁੰਜਾਇਸ਼ ਹੋ ਸਕਦੀ ਹੈ, ਪਰ ਕੋਸ਼ਿਸ਼ ਇਹੀ ਕੀਤੀ ਜਾਵੇਗੀ ਕਿ ਆਮ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਐਸ.ਪੀ. ਹੈਡਕੁਆਟਰ ਜਸਮੀਤ ਸਿੰਘ, ਐਸ.ਡੀ.ਐਮ.ਫਰੀਦਕੋਟ ਬਲਜੀਤ ਕੌਰ,ਐਸ.ਡੀ .ਐਮ. ਕੋਟਕਪੂਰਾ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਤੁਸ਼ਿਤਾ ਗੁਲਾਟੀ, ਸਿਵਲ ਸਰਜਨ ਡਾ. ਅਨਿਲ ਗੋਇਲ, ਡੀ.ਪੀ.ਆਰ. ਓ ਸ. ਗੁਰਦੀਪ ਸਿੰਘ ਮਾਨ, ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਮਨਦੀਪ ਸਿੰਘ, ਜਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਤੋਂ ਇਲਾਵਾ ਕਮੇਟੀਆਂ ਦੇ ਨੋਡਲ ਅਫਸਰ ਅਤੇ ਮੈਂਬਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
0 Comments