ਪੁਲੀਸ ਦੀ ਟਾਲ ਮਟੋਲ ਤੋਂ ਖਫਾ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਮੰਗਲਵਾਰ ਤੋਂ ਘੇਰੇਗੀ ਵਿਧਾਇਕਾਂ ਦੇ ਘਰ
ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨਸ਼ਾ ਵਿਰੋਧੀ ਕਮੇਟੀ ਦੇ ਹੱਕ `ਚ ਡਟੇ, ਮੰਗਲਵਾਰ ਨੂੰ ਹੋ ਸਕਦੇ ਨੇ ਧਰਨੇ `ਚ ਸ਼ਾਮਿਲ
ਮਾਨਸਾ - 9 ਸਤੰਬਰ -ਗੁਰਜੰਟ ਸਿੰਘ ਬਾਜੇਵਾਲੀਆ
ਪਿਛਲੇ 55 ਦਿਨ ਤੋਂ ਪੂਰਨ ਨਸ਼ਾ ਬੰਦੀ ਅਤੇ ਪਰਮਿੰਦਰ ਸਿੰਘ ਝੋਟੇ ਦੀ ਬਿਨ੍ਹਾਂ ਸਰਤ ਰਿਹਾਈ ਨੂੰ ਲੈ ਕੇ ਪੱਕਾ ਮੋਰਚਾ ਗੱਡੀਂ ਬੈਠੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਪੁਲਿਸ ਪ੍ਰਸ਼ਾਸ਼ਨ ਦੀ ਟਾਮ ਮਟੋਲ ਵਾਲੀ ਨੀਤੀ ਦਾ ਗੰਭੀਰ ਨੋਟਿਸ ਲੈਂਦਿਆਂ ਐਲਾਣ ਕੀਤਾ ਹੈ ਜੇਕਰ ਸੋਮਵਾਰ ਨੂੰ ਸਾਰੀਆਂ ਕਾਨੂੰਨੀ ਅੜਚਨਾ ਦੂਰ ਨਾ ਕੀਤੀਆਂ ਗਈਆਂ ਤਾਂ ਉਹ ਮੰਗਲਵਾਰ ਤੋਂ ਜਿ਼ਲ੍ਹੇ ਦੇ ਵਿਧਾਇਕਾਂ ਦੇ ਘਰ ਘੇਰਨਗੇ । ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਹੰਗਾਮੀ ਮੀਟਿੰਗ ਦੌਰਾਨ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਐਲਾਣ ਕੀਤਾ ਕਿ ਜਿ਼ਲ੍ਹਾ ਪੁਲੀਸ ਪ੍ਰਸਾਸ਼ਨ ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਵਿੱਚ ਜਾਣਬੁੱਝ ਕੇ ਦੇਰੀ ਕਰ ਰਿਹਾ ਹੈ।ਉਨ੍ਹਾਂ ਕਿਹਾ ਜਿਹੜੇ ਬਿਆਨ ਮੈਜਿਸਟੇ੍ਰਟ ਦੀ ਮੌਜੂਦਗੀ `ਚ ਦਰਜ ਕੀਤੇ ਜਾ ਸਕਦਾ ਹੈ ਉਨ੍ਹਾਂ ਬਿਆਨਾਂ ਦੀ ਕਾਨੂੰਨੀ ਪ੍ਰਕ੍ਰਿਆ ਨੂੰ ਉਲਝਣਾ ਵਿੱਚ ਪਾ ਕੇ ਲਮਕਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਦੇ ਓ ਐਸ ਡੀ ਮਨਜੀਤ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵਿਧਾਇਕ ਬੁੱਧ ਰਾਮ ਅਤੇ ਵਿਧਾਇਕ ਗੁਰਪ੍ਰੀ਼ਤ ਸਿੰਘ ਬਣਾਂਵਾਲੀ ਐਕਸ਼ਨ ਕਮੇਟੀ ਨਾਲ ਵਿਸ਼ੇਸ਼ ਮੀਟਿੰਗ ਕਰਕੇ ਐਲਾਣ ਕਰਦੇ ਹਨ ਕਿ ਜਲਦੀ ਹੀ ਪਰਮਿੰਦਰ ਸਿੰਘ ਦੀ ਰਿਹਾਈ `ਚ ਆਏ ਸਾਰੇ ਕਾਨੂੰਨੀ ਅੜਿੱਕੇ ਦੂਰ ਕਰਕੇ ਰਿਹਾਈ ਕੀਤੀ ਜਾਵੇਗੀ ਤੇ ਦੂਸਰੇ ਪਾਸੇ ਪੁਲੀਸ ਪ੍ਰਸਾਸ਼ਨ ਕਦੇ ਸਥਾਨਿਕ ਧਰਨਿਆ ਅਤੇ ਕਦੇ ਜੱਜਾਂ ਦੀ ਛੁੱਟੀ ਦੀ ਗੱਲ ਆਖ ਕੇ ਰਾਜ ਕਰਦੀ ਪਾਰਟੀ ਦੇ ਹੁਕਮਾਂ ਨੂੰ ਦਰ ਕਿਨਾਰ ਕਰ ਰਿਹਾ ਹੈ। ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਅੱਜ ਜਦੋਂ ਅਸੀਂ ਫੋਨ `ਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਪੁਲੀਸ ਪ੍ਰਸਾਸ਼ਨ ਦੀ ਸੁਸਤੀ `ਤੇ ਤਿੱਖੇ ਪ੍ਰਤੀਕ੍ਰਮ ਦਿੰਦਿਆਂ ਕਿਹਾ ਜੇਕਰ ਸੋਮਵਾਰ ਤੱਕ ਮਸਲਾ ਹੱਲ ਨਾ ਕੀਤਾ ਗਿਆ ਤਾਂ ਮੈਂ ਖੁਦ ਸਾਂਝੀ ਐਕਸ਼ਨ ਕਮੇਟੀ ਵੱਲੋਂ ਲਗਾਏ ਪੱਕੇ ਧਰਨੇ ਵਿੱਚ ਸ਼ਾਮਿਲ ਹੋਵਾਂਗਾ ।ਗੁਰਸੇਵਕ ਸਿੰਘ ਜਵਾਹਰਕੇ ਅਤੇ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਅੱਜ ਫਿਰ ਪੁਲੀਸ ਪ੍ਰਸ਼ਾਸ਼ਨ ਵੱਲੋਂ ਸਾਂਝੀ ਐਕਸ਼ਨ ਕਮੇਟੀ ਨੂੰ ਮੀਟਿੰਗ ਕਰ ਲੈਣ ਦਾ ਸੱਦਾ ਆਇਆ ਸੀ ਜਿਸਨੂੰ ਸਰਬਸੰਮਤੀ ਨਾਲ ਨਕਾਰ ਦਿੱਤਾ ਗਿਆ । ਉਨ੍ਹਾਂ ਕਿਹਾ ਜਿਹੜਾ ਪੁਲੀਸ ਪ੍ਰਸ਼ਾਸ਼ਨ ਅੱਜ ਤੌਂ ਪਹਿਲਾਂ ਪੰਜ ਵਾਰ ਵਾਅਦੇ ਕਰਕੇ ਕਿਸੇ `ਤੇ ਵੀ ਪੂਰਾ ਨਹੀਂ ਉੱਤਰ ਸਕਿਆ ਉਸ ਨਾਲ ਵਾਰ ਵਾਰ ਮੀਟਿੰਗਾਂ ਕਰਨ ਦੀ ਕੋਈ ਤੁਕ ਹੀ ਨਹੀਂ ਰਹੀ । ਇਸ ਮੌਕੇ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ , ਕਿਸਾਨ ਆਗੂ ਪ੍ਰਸ਼ੋਤਮ ਸਿੰਘ,ਅਮਰੀਕ ਸਿੰਘ ਫਫੜੇ, ਸੁਖਜੀਤ ਸਿੰਘ ਰਾਮਾਨੰਦੀ,ਅਮਨ ਪਟਵਾਰੀ, ਗਗਨ ਸ਼ਰਮਾ, ਇੰਦਰਜੀਤ ਮੁਨਸ਼ੀ, ਜਗਦੇਵ ਸਿੰਘ ਭੈਣੀ, ਕੁਲਵਿੰਦਰ ਕਾਲੀ , ਮੱਖਣ ਸਿੰਘ ਭੈਣੀ,ਬਲਜਿੰਦਰ ਸਿੰਘ ,ਪਰਦੀਪ ਖਾਲਸਾ,ਗੁਰਦੇਵ ਸਿੰਘ ਮਾਨਸ਼ਾਹੀਆ,ਜੱਗਾ ਸਿੰਘ ਨੇ ਵੀ ਤਿੱਖ ਸੁਰ `ਚ ਸੰਬੋਧਨ ਕੀਤਾ ।
0 Comments