ਭੋਲਾ ਸਿੰਘ ਵਿਰਕ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਤੇ ਪੱਖਪਾਤ ਦੇ ਦੋਸ਼ ਲਾਉਂਦੀਆਂ ਕਿਹਾ ਕਿ ਜਾਂਚ ਅਧਿਕਾਰੀ ਵੱਲੋਂ 20 ਸਾਲ ਦਾ ਰਿਕਾਰਡ ਸਿਰਫ ਇੱਕ ਘੰਟੇ 'ਚ ਪੇਸ਼ ਕਰਨ ਦੇ ਨਾਦਰਸ਼ਾਹੀ ਹੁਕਮ ਦਿੱਤੇ

 ਭੋਲਾ ਸਿੰਘ ਵਿਰਕ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਤੇ ਪੱਖਪਾਤ ਦੇ ਦੋਸ਼ ਲਾਉਂਦੀਆਂ ਕਿਹਾ ਕਿ ਜਾਂਚ ਅਧਿਕਾਰੀ ਵੱਲੋਂ 20 ਸਾਲ ਦਾ ਰਿਕਾਰਡ ਸਿਰਫ ਇੱਕ ਘੰਟੇ 'ਚ ਪੇਸ਼ ਕਰਨ ਦੇ ਨਾਦਰਸ਼ਾਹੀ ਹੁਕਮ ਦਿੱਤੇ 

"ਆਪ" ਆਗੂਆਂ ਨੇ ਦਾਅਵੇਦਾਰਾਂ ਨੂੰ ਸਮਾਜਿਕ ਸੰਸਥਾਵਾਂ ਦੇ ਮੁਖੀਆਂ ਦੀ ਕੁਰਸੀ 'ਤੇ ਬਿਠਾਉਣ ਦੇ ਲੌਲੀਪੋਪ ਦਿਖਾਉਣੇ ਸ਼ੁਰੂ ਕਰ ਦਿੱਤੇ -ਭੋਲਾ ਵਿਰਕ 

ਜਲਦ ਜ਼ਿਲ੍ਹਾ ਪ੍ਰਸ਼ਾਸਨ, ਮਿਊਂਸਪਲ ਕਮੇਟੀ ਅਤੇ ਹੋਰ ਅਦਾਰਿਆਂ 'ਚ ਹੋਏ ਵੱਡੇ ਭ੍ਰਿਸ਼ਟਾਚਾਰ ਦੀਆਂ ਪੋਲਾਂ ਖੋਲ੍ਹੀਆਂ ਜਾਣਗੀਆਂ 


ਬਰਨਾਲਾ, 7,ਅਕਤੂਬਰ/ਕਰਨਪ੍ਰੀਤ ਕਰਨ

 ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਬਰਨਾਲਾ ਦੀ ਪ੍ਰਧਾਨਗੀ ਅਤੇ ਫੰਡਾਂ ਦੇ ਹਿਸਾਬ ਕਿਤਾਬ ਦਾ ਮਾਮਲਾ ਨੂੰ ਇਕ ਨਵਾਂ ਮੋੜ ਦਿੰਦਿਆਂ ਡੰਕੇ ਦੀ ਚੋਟ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਜ਼ਿਲ੍ਹਾ ਪ੍ਰਸ਼ਾਸਨ `ਤੇ ਕਾਲਜ ਦੇ ਮਾਮਲੇ ਵਿੱਚ ਉਨਾਂ ਦਾ ਪੱਖ ਨਾ ਸੁਣਨ ਦੇ ਦੋਸ਼ ਲਗਾਏ ਹਨ । ਗੋਬਿੰਦ ਟੂਰ ਐਂਡ ਟ੍ਰੈਵਲਜ  ਬਾਜਾਖਾਨਾ ਰੋਡ ਤੇ ਆਪਣੇ ਨਿੱਜੀ ਦਫ਼ਤਰ ਚ ਖੁੱਲ੍ਹੇ ਪੰਡਾਲ ਵਿੱਚ ਆਪਣੇ ਹਮਾਇਤੀਆਂ ਦਾ ਪ੍ਰਭਾਵਸ਼ਾਲੀ ਇਕੱਠ ਕਰਕੇ ਭੋਲਾ ਸਿੰਘ ਵਿਰਕ ਨੇ ਮੰਚ ਤੋਂ ਗਰਜਵੀਂ ਦਹਾੜ ਤੇ ਪ੍ਰੈਸ ਕਾਨਫਰਸ ਦੌਰਾਨ ਸੰਘੇੜਾ ਕਾਲਜ ਦੇ ਮਾਮਲੇ `ਚ ਕੜੀ ਦਰ ਕੜੀ ਜੁੜੇ ਪੇਚਾਂ ਦਾ ਜਿਕਰ ਕੀਤਾ।                                                    ਉਹਨਾਂ ਕਿਹਾ ਕਿ ਕਾਲਜ ਦੇ ਬਾਹਰ ਬੈਠੇ ਧਰਨਾਕਾਰੀਆਂ ਨੇ ਇੱਕ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਹੋਈ ਹੈ ਜਿਸ ਦੀ ਪੜ੍ਹਤਾਲ ਐਸ.ਡੀ.ਐਮ ਬਰਨਾਲਾ ਕੋਲ ਹੈ ਅਤੇ ਐਸਡੀਐਮ ਬਰਨਾਲਾ ਵੱਲੋਂ ਇਸ ਮਾਮਲੇ 'ਚ ਇਕਤਰਫ਼ਾ ਪੱਖ ਹੀ ਰੱਖਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉਹਨਾਂ ਨੇ ਇਸ ਸਮੁੱਚੇ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਖਲ ਕੀਤੀ ਹੈ। ਭੋਲਾ ਸਿੰਘ ਵਿਰਕ ਨੇ ਬਰਨਾਲਾ ਦੇ ਮੌਜੂਦਾ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਤੇ ਪੱਖਪਾਤ ਦੇ ਦੋਸ਼ ਵੀ ਲਗਾਏ । ਉਹਨਾਂ ਕਿਹਾ ਕਿ ਜਾਂਚ ਅਧਿਕਾਰੀ ਵੱਲੋਂ ਕਾਲਜ ਦਾ 20 ਸਾਲ ਦਾ ਰਿਕਾਰਡ ਸਿਰਫ ਇੱਕ ਘੰਟੇ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਜਾ ਰਹੇ, ਜਿਸ ਤੋਂ ਬਾਅਦ ਇਸ ਮਾਮਲੇ 'ਚ ਹਾਈਕੋਰਟ ਦਾ ਸਹਾਰਾ ਲਿਆ ਗਿਆ ਹੈ । ਵਿਰਕ ਦੇ ਦੱਸਣ ਮੁਤਾਬਕ ਮਾਨਯੋਗ ਹਾਈਕੋਰਟ ਨੇ ਇਸ ਮਾਮਲੇ `ਚ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਂਚ 'ਤੇ ਸਟੇਅ ਆਰਡਰ ਜਾਰੀ ਕੀਤੇ ਹਨ।

           ਕਾਲਜ ਦੇ ਫੰਡਾਂ ਦੇ ਹਿਸਾਬ ਕਿਤਾਬ ਦਾ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਵਿਰਕ ਨੇ ਜਨਤਕ ਤੌਰ 'ਤੇ ਬਰਨਾਲੇ ਨਾਲ ਸੰਬੰਧਿਤ ਕੈਬਨਿਟ ਮੰਤਰੀ ਨੂੰ ਵੀ ਇਸ ਮਾਮਲੇ ਵਿੱਚ ਇਕਤਰਫ਼ਾ ਰੁੱਖ ਅਪਣਾਉਣ 'ਤੇ ਕਰਾਰੇ ਹੱਥੀ ਲਿਆ ਹੈ। ਵਿਰਕ ਨੇ ਕੈਬਨਟ ਮੰਤਰੀ 'ਤੇ ਅਸਿੱਧੇ ਹਮਲੇ ਕਰਦੇ ਹੋਏ ਮੌਜੂਦਾ ਸਰਕਾਰ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਕੰਮਾਂਕਾਰਾਂ ਵਿੱਚ ਭ੍ਰਿਸ਼ਟਾਚਾਰ ਦੇ ਬੋਲਬਾਲੇ ਦਾ ਜ਼ਿਕਰ ਵੀ ਖੁੱਲ੍ਹ ਕੇ ਕੀਤਾ। ਵਿਰਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਬਰਨਾਲਾ ਦੇ ਜ਼ਿਲ੍ਹਾ ਪ੍ਰਸ਼ਾਸਨ, ਮਿਊਂਸਪਲ ਕਮੇਟੀ ਅਤੇ ਹੋਰ ਅਦਾਰਿਆਂ 'ਚ ਹੋਏ ਵੱਡੇ ਭ੍ਰਿਸ਼ਟਾਚਾਰ ਦੀਆਂ ਪੋਲਾਂ ਆਉਣ ਵਾਲੇ ਦਿਨਾਂ 'ਚ ਖੋਲ੍ਹੀਆਂ ਜਾਣਗੀਆਂ । ਜ਼ਿਲ੍ਹੇ ਨਾਲ ਸਬੰਧਿਤ ਕੈਬਨਿਟ ਮੰਤਰੀ ਵੱਲੋਂ ਉਹਨਾਂ ਦੇ ਖ਼ਿਲਾਫ਼ ਜਾਂਚ ਦੀ ਸਿਫਾਰਸ਼ ਕੀਤੇ ਜਾਣ ਤੋਂ ਬਾਅਦ ਵਿਰਕ ਨੇ ਟਿੱਪਣੀ ਕੀਤੀ ਕਿ "ਭੱਜਦਿਆਂ ਨੂੰ ਵਾਹਣ ਇੱਕੋ ਜਿਹੇ” ਹੀ ਹੁੰਦੇ ਹਨ । ਵਿਰਕ ਨੇ ਕਿਹਾ ਕਿ ਸੰਘੇੜਾ ਕਾਲਜ ਦੇ ਬਾਹਰ ਧਰਨੇ 'ਤੇ ਬੈਠੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਹਨ ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਚੇਅਰਮੈਨੀਆਂ ਤੇ ਹੋਰ ਅਹੁਦੇਦਾਰੀਆਂ ਦਾ ਲਾਲਚ ਦਿੱਤਾ ਗਿਆ ਸੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਅਹੁਦਿਆਂ ਲਈ ਦਾਅਵੇਦਾਰਾਂ ਦੀ ਗਿਣਤੀ ਵਧ ਗਈ, ਇਸ ਲਈ ਜ਼ਿਲ੍ਹੇ ਦੀ ਕਮਾਂਡ ਕਰ ਰਹੇ "ਆਪ" ਆਗੂਆਂ ਨੇ ਦਾਅਵੇਦਾਰਾਂ ਨੂੰ ਸਮਾਜਿਕ ਸੰਸਥਾਵਾਂ ਦੇ ਮੁਖੀਆਂ ਦੀ ਕੁਰਸੀ 'ਤੇ ਬਿਠਾਉਣ ਦੇ ਲੌਲੀਪੋਪ ਦਿਖਾਉਣੇ ਸ਼ੁਰੂ ਕਰ ਦਿੱਤੇ । ਉਹਨਾਂ ਕਿਹਾ ਕਿ ਸੰਘੇੜਾ ਕਾਲਜ ਮੂਹਰੇ ਲੱਗਿਆ ਧਰਨਾ ਵੀ ਇਸੇ ਮਕਸਦ ਲਈ ਹੀ ਲੱਗਿਆ ਹੋਇਆ ਹੈ।

                                                                    ਭੋਲਾ ਸਿੰਘ ਵਿਰਕ ਨੇ ਕਿਹਾ ਕਿ ਜਿਹੜੀਆਂ ਸ਼ਹਿਰ ਦੀਆਂ ਸਮਾਜਿਕ ਅਤੇ ਹੋਰ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਕਰਕੇ ਧੱਕੇ ਨਾਲ ਸੱਤਾਧਾਰੀਆਂ ਵੱਲੋਂ ਕਬਜ਼ਾ ਕੀਤਾ ਗਿਆ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਵਿਖੇ ਇੱਕ ਵੱਡੀ ਰੈਲੀ ਕੀਤੀ ਜਾਵੇਗੀ । ਕਾਲਜ ਅੱਗੇ ਧਰਨਾ ਲੱਗਣ ਤੋਂ ਬਾਅਦ ਪਹਿਲੀ ਵਾਰੀ ਮੈਦਾਨ ਵਿੱਚ ਆਏ ਭੋਲਾ ਸਿੰਘ ਵਿਰਕ ਨੇ "ਨੱਚਣ ਲੱਗੀ ਤਾਂ ਘੁੰਡ ਕੀ ਕੱਢਣਾ" ਦੀ ਕਹਾਵਤ ਅਨੁਸਾਰ ਕਿਹਾ ਕਿ ਉਹ ਸੱਤਾ ਦੇ ਧੱਕੇ ਖ਼ਿਲਾਫ਼ ਡਟ ਕੇ ਲੜਾਈ ਲੜਨਗੇ। ਜ਼ਿਕਰਯੋਗ ਹੈ ਕਿ ਭੋਲਾ ਸਿੰਘ ਵਿਰਕ ਨੂੰ ਸਿਆਸੀ ਤਿੜਕਮਬਾਜ਼ੀਆਂ ਦਾ ਮਾਹਰ ਮੰਨਿਆ ਜਾਂਦਾ ਹੈ ਅਤੇ ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਉਹ ਹਰ ਪਾਰਟੀ ਦੀ ਸਰਕਾਰ ਵਿੱਚ "ਜ਼ਿਕਰਯੋਗ ਮੁਲਾਹਜ਼ੇਦਾਰੀ" ਕਾਇਮ ਕਰ ਲੈਂਦੇ ਪ੍ਰੰਤੂ ਇਹ ਪਹਿਲੀ ਵਾਰ ਹੈ ਕਿ ਭੋਲਾ ਸਿੰਘ ਵਿਰਕ ਨੇ ਸਿੱਧੇ ਤੌਰ `ਤੇ ਸਮੇਂ ਦੀ ਸੱਤਾ ਦੇ ਖ਼ਿਲਾਫ਼ ਨਿਤਰਣ ਦਾ ਐਲਾਨ ਕੀਤਾ ਹੈ। ਵਿਰਕ ਦੇ ਇਸ ਰੁੱਖ ਨੂੰ ਹੈਰਾਨੀਜਨਕ ਤਰੀਕੇ ਨਾਲ ਵੀ ਵੇਖਿਆ ਜਾ ਰਿਹਾ ਹੈ ਕਿਉਂਕਿ "ਮੰਤਰੀ ਜੀ" ਨਾਲ ਵੀ ਵਿਰਕ ਦੇ ਚੰਗੇ ਸੰਬੰਧਾਂ ਦੀ ਚਰਚਾ ਅਕਸਰ ਹੁੰਦੀ ਰਹੀ ਹੈ ਪ੍ਰੰਤੂ "ਮੰਤਰੀ ਜੀ" ਵੱਲੋਂ ਵਿਰਕ ਦੇ ਖ਼ਿਲਾਫ਼ ਜਾਂਚ ਦੀ ਸਿਫਾਰਸ ਕੀਤੇ ਜਾਣ ਤੋਂ ਬਾਅਦ ਵਿਰਕ ਦੀਆਂ ਭਾਵਨਾਵਾਂ ਜ਼ਖਮੀ ਹੋਈਆਂ, ਜਿਸ ਦਾ ਮੁਜ਼ਾਹਰਾ ਵਿਰਕ ਨੇ ਅੱਜ ਆਪਣੇ ਹਮਾਇਤੀਆਂ ਦਾ ਪ੍ਰਭਾਵਸ਼ਾਲੀ ਇਕੱਠ ਕਰਕੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

Post a Comment

0 Comments