ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਸਪੀਕਰ ਸੰਧਵਾਂ ਦੀ ਨਿਵੇਕਲੀ ਪਹਿਲ
ਸਫਾਈ ਸੇਵਕਾਂ ਨਾਲ ਚਾਹ ਦੀ ਪਿਆਲੀ ਸਾਂਝੀ ਕਰਦਿਆਂ ਕੀਤੇ ਕੁਝ ਅਹਿਮ ਐਲਾਨ
ਵਧੀਆ ਸਫਾਈ ਪ੍ਰਬੰਧਾਂ ਵਾਲੇ ਵਾਰਡ ਦੇ ਕਰਮਚਾਰੀ 50,000 ਰੁਪਏ ਨਗਦ ਇਨਾਮ ਨਾਲ ਹੋਣਗੇ ਸਨਮਾਨਿਤ
ਕੋਟਕਪੂਰਾ, 24 ਅਕਤੂਬਰ ਚੀਫ ਬਿਊਰੋ:- ਨੇਕੀ ਦੀ ਬਦੀ ’ਤੇ ਜਿੱਤ ਦੇ ਪ੍ਰਤੀਕ ਮੰਨੇ ਜਾਂਦੇ ਦੁਸਹਿਰੇ ਦੇ ਤਿਉਹਾਰ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਨਿਵੇਕਲੀ ਪਹਿਲ ਕਰਦਿਆਂ ਸ਼ਹਿਰ ਦੇ ਸਮੂਹ ਸਫਾਈ ਸੇਵਕਾਂ ਨੂੰ ਆਪਣੀ ਰਿਹਾਇਸ਼ ’ਤੇ ਬੁਲਾ ਕੇ ਜਿੱਥੇ ਚਾਹ ਦੀ ਪਿਆਲੀ ਸਾਂਝੀ ਕੀਤੀ ਅਤੇ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਬਣਾਉਣ ਲਈ ਵਿਚਾਰ ਚਰਚਾ ਹੋਈ, ਉੱਥੇ ਸ਼ਹਿਰ ਦੀ ਸਫਾਈ ਨੂੰ ਮੁੱਖ ਰੱਖਦਿਆਂ ਸਪੀਕਰ ਸੰਧਵਾਂ ਨੇ ਅਹਿਮ ਐਲਾਨ ਕੀਤਾ ਕਿ ਜਿਸ ਵੀ ਵਾਰਡ ਵਿੱਚ ਸਭ ਤੋਂ ਵੱਧ ਸਫਾਈ ਹੋਵੇਗੀ, ਉਸ ਵਾਰਡ ਦੇ ਸਫਾਈ ਕਰਮਚਾਰੀਆਂ ਨੂੰ ਦੀਵਾਲੀ ਵਾਲੇ ਦਿਨ ਆਪਣੇ ਕੋਲੋਂ 50 ਹਜਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸਪੀਕਰ ਸੰਧਵਾਂ ਨੇ ‘ਜਿੱਥੇ ਸਫਾਈ-ਉੱਥੇ ਖੁਦਾਈ’ ਵਰਗੀਆਂ ਅਨੇਕਾਂ ਉਦਾਹਰਨਾ ਦੇ ਕੇ ਉਹਨਾ ਦਾ ਵਖਿਆਣ ਕਰਦਿਆਂ ਆਖਿਆ ਕਿ ਹਰ ਸਾਲ ਸਰਕਾਰੀ ਜਾਂ ਗੈਰ ਸਰਕਾਰੀ ਪੱਧਰ ’ਤੇ ਸਫਾਈ ਮੁਹਿੰਮ ਦੌਰਾਨ ਦੇਸ਼ ਭਰ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਸ਼ਹਿਰਾਂ ਦੀ ਚੋਣ ਕੀਤੀ ਜਾਂਦੀ ਹੈ ਤੇ ਉਕਤ ਚਰਚਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਭਾਰਤ ਦੇਸ਼ ਦੇ ਵਸਨੀਕਾਂ ਤੋਂ ਇਲਾਵਾ ਉਹਨਾਂ ਨਾਲ ਤਾਲਮੇਲ ਰੱਖਣ ਵਾਲੇ ਪਰਿਵਾਰਾਂ ਵਿੱਚ ਵੀ ਛਿੜਦੀ ਹੈ ਤਾਂ ਅਸੀਂ ਰਲ-ਮਿਲ ਕੇ ਕੋਟਕਪੂਰੇ ਸ਼ਹਿਰ ਨੂੰ ਵੀ ਸਾਫ ਸੁਥਰਾ ਅਤੇ ਸੁੰਦਰ ਬਣਾ ਸਕਦੇ ਹਾਂ, ਜੇਕਰ ਸਫਾਈ ਸਬੰਧੀ ਅਸੀਂ ਸਾਰੇ ਆਪਣੀ ਬਣਦੀ ਜਿੰਮੇਵਾਰੀ ਨਿਭਾਈਏ। ਸਫਾਈ ਸੇਵਕਾਂ ਵਲੋਂ ਨਫਰੀ ਦੀ ਘਾਟ ਦੇ ਕੀਤੇ ਸਵਾਲ ਦੇ ਜਵਾਬ ਵਿੱਚ ਸਪੀਕਰ ਸੰਧਵਾਂ ਨੇ ਆਖਿਆ ਕਿ ਹੋਰ ਸਫਾਈ ਸੇਵਕਾਂ ਦੀ ਭਰਤੀ ਜਾਰੀ ਹੈ ਅਤੇ ਇਸ ਸਬੰਧੀ ਸਾਰੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ।
ਸਪੀਕਰ ਸੰਧਵਾਂ ਨੇ ਦੱਸਿਆ ਕਿ ਭਾਵੇਂ ਹੁਣ ਸਫਾਈ ਪ੍ਰਬੰਧਾਂ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ (ਐੱਨ.ਜੀ.ਟੀ.) ਵਲੋਂ ਵੀ ਸਖਤ ਕਦਮ ਚੁੱਕੇ ਜਾ ਰਹੇ ਹਨ ਪਰ ਸਾਨੂੰ ਸਫਾਈ ਪ੍ਰਬੰਧਾਂ ਲਈ ਸ਼ੁਰੂ ਕੀਤੀ ਉਕਤ ਮੁਹਿੰਮ ਵਿੱਚ ਵੀ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਸਫਾਈ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਭਾਵੇਂ ਬਹੁਤ ਸਾਰੀਆਂ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਵੀ ਸਫਾਈ ਪ੍ਰਬੰਧਾਂ ਨੂੰ ਲੈ ਕੇ ਚਿੰਤਤ ਅਤੇ ਇਸ ਦੇ ਹੱਲ ਲਈ ਯਤਨ ਕਰ ਰਹੀਆਂ ਹਨ ਪਰ ਸ਼ਹਿਰ ਦੇ ਹਰ ਨਾਗਰਿਕ ਨੂੰ ਗਿੱਲੇ ਅਤੇ ਸੁੱਕੇ ਕੂੜੇ ਦੀ ਪਛਾਣ ਕਰਕੇ ਵੱਖੋ ਵੱਖਰੇ ਡਸਟਬਿਨ ’ਚ ਪਾਉਣ, ਗਲੀ ਵਿੱਚ ਖੁੱਲਾ ਕੂੜਾ ਸੁੱਟਣ ਦੀ ਬਜਾਇ ਸਫਾਈ ਸੇਵਕਾਂ ਦੀਆਂ ਰੇਹੜੀਆਂ ਜਾਂ ਟਰਾਲੀਆਂ ਦੀ ਵਰਤੋਂ ਕਰਨ, ਨਾਲੀ-ਨਾਲਿਆਂ ਅਤੇ ਸੀਵਰੇਜ ਵਿੱਚ ਫਾਲਤੂ ਚੀਜਾਂ ਨਾ ਸੁੱਟਣ ਵਾਲੀਆਂ ਗੱਲਾਂ ਵੱਲ ਧਿਆਨ ਦੇ ਕੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਨਾਗਰਿਕ ਨਾ ਤਾਂ ਖੁਦ ਅਜਿਹੀ ਗਲਤੀ ਕਰੇਗਾ ਤੇ ਨਾ ਹੀ ਆਪਣੇ ਗੁਆਂਢੀ ਨੂੰ ਇਸ ਤਰਾਂ ਕਰਨ ਦੀ ਇਜਾਜਤ ਦੇਵੇਗਾ।
ਸਪੀਕਰ ਸੰਧਵਾਂ ਨੂੰ ਸਫਾਈ ਕਰਮਚਾਰੀਆਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਸੁੰਦਰ ਅਰਥਾਤ ਨਮੂਨੇ ਦਾ ਸ਼ਹਿਰ ਬਣਾਉਣ ਦੀ ਭਰਪੂਰ ਕੌਸ਼ਿਸ਼ ਕਰਨਗੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ., ਅਮਨਦੀਪ ਸਿੰਘ ਸੰਧੂ ਪੀ.ਏ., ਮਨਦੀਪ ਸਿੰਘ ਮੌਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ ਸਮੇਤ ਭਾਰੀ ਗਿਣਤੀ ਵਿੱਚ ਪਾਰਟੀ ਆਗੂ, ਮੈਂਬਰ ਤੇ ਹੋਰ ਪਤਵੰਤੇ ਵੀ ਹਾਜਰ ਸਨ।
0 Comments