ਪਿੰਡ ਭੈਣੀਬਾਘਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਇੱਕ ਅਧਿਆਪਕ ਦੀ ਬਦਲੀ ਕਰਨ ਦੇ ਖਿਲਾਫ ਪਿੰਡ ਵਾਸੀਆਂ ਵੱਲ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ
ਮਾਨਸਾ 16 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ
ਪਿੰਡ ਭੈਣੀਬਾਘਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਇੱਕ ਅਧਿਆਪਕ ਦੀ ਬਦਲੀ ਕਰਨ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਸਕੂਲ ਦੇ ਗੇਟ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕ ਦੀ ਬਦਲੀ ਦੇ ਆਰਡਰ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਵੱਡੇ ਸਕੂਲ ਵਿੱਚ ਪਿੰਡ ਭੈਣੀਬਾਘਾ ਅਤੇ ਹੋਰ ਆਸ-ਪਾਸ ਦੇ ਪਿੰਡਾਂ ਦੇ 662 ਬੱਚੇ ਵਿੱਦਿਆ ਹਾਸਲ ਕਰਨ ਆਉਂਦੇ ਹਨ ਪਰ ਇਸ ਸਕੂਲ ਵਿੱਚ ਪਹਿਲਾਂ ਹੀ ਟੀਚਰਾਂ ਦੀ ਵੱਡੀ ਘਾਟ ਹੈ ਉਹਨਾਂ ਦੱਸਿਆ ਕਿ ਅੰਗਰੇਜੀ, ਬਾਇਓਲਾਜੀ, ਮੈਥ, ਹਿਸਟਰੀ ਦੇ ਲੈਕਚਰਾਰ ਦੀਆਂ ਪੋਸਟਾਂ ਖਾਲੀ ਹਨ। ਜਦੋਂ ਕਿ ਵੋਕੇਸ਼ਨਲ ਮਾਸਟਰ, ਡੀ.ਪੀ.ਆਈ ਫਿਜੀਕਲ ਦੀਆਂ ਪੋਸਟਾਂ ਖਾਲੀ ਹਨ। ਕੋਈ ਅਧਿਆਪਕ ਇਹਨਾਂ ਪੋਸਟਾਂ ਤੇ ਨਹੀਂ ਭੇਜਿਆ ਜਾ ਰਿਹਾ। ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਕੂਲ ਵਿੱਚ ਕੋਈ ਪ੍ਰਿੰਸੀਪਲ ਵੀ ਨਹੀਂ ਹੈ। ਸਰਕਾਰ ਵੱਲੋਂ ਖਾਲੀ ਪੋਸਟਾਂ ਤੇ ਟੀਚਰ ਭੇਜਣ ਦੀ ਬਜਾਏ ਪਹਿਲਾਂ ਪੜ੍ਹਾ ਰਹੇ ਟੀਚਰਾਂ ਨੂੰ ਜਬਰੀ ਹੋਰਨਾਂ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਅਧਿਆਪਕਾਂ ਨੂੰ ਸਕੂਲ ਅੰਦਰ ਨਹੀਂ ਜਾਣ ਦਿੱਤਾ। ਪਿੰਡ ਵਾਸੀਆਂ ਨਾਲ ਧਰਨੇ ਵਿੱਚ ਵਿਦਿਆਰਥੀ ਵੀ ਸ਼ਾਮਿਲ ਹੋਏ। ਲੰਬਾ ਸਮਾਂ ਧਰਨਾ ਚੱਲਣ ਤੋਂ ਬਾਅਦ ਜਿਲ੍ਹਾ ਸਿੱਖਿਆ ਅਫਸਰ ਹਰਿੰਦਰ ਸਿੰਘ ਭੁੱਲਰ ਮੌਕੇ ਤੇ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ ਬਦਲੀ ਕੀਤੀ ਗਈ ਟੀਚਰ ਮੀਨਾ ਕੁਮਾਰੀ ਨੂੰ ਇੱਥੋਂ ਨਹੀਂ ਭੇਜਿਆ ਜਾਵੇਗਾ। ਬਦਲੀ ਦੇ ਆਰਡਰ ਰੱਦ ਕਰਵਾਉਣ ਲਈ ਸਰਕਾਰ ਨੂੰ ਲਿਖਤੀ ਭੇਜਿਆ ਜਾਵੇਗਾ। ਭਰੋਸੇ ਮਗਰੋਂ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਗੇਟ ਅੱਗੇ ਲੱਗਿਆ ਧਰਨਾ ਚੁੱਕ ਲਿਆ ਗਿਆ ਅਤੇ ਨਾਲ ਹੀ ਚਿਤਾਵਨੀ ਦਿੱਤੀ ਜੇਕਰ ਬਦਲੀ ਦੇ ਆਰਡਰ ਰੱਦ ਨਾ ਕੀਤੇ ਤਾਂ ਮੁੜ ਸਕੂਲ ਨੂੰ ਜਿੰਦਰਾ ਲਗਾਇਆ ਜਾਵੇਗਾ। ਇਸ ਮੌਕੇ ਜਗਸੀਰ ਸਿੰਘ ਭੈਣੀਬਾਘਾ, ਕੁਲਦੀਪ ਸਿੰਘ ਭੈਣੀਬਾਘਾ, ਅੰਤਰ ਸਿੰਘ ਭੈਣੀਬਾਘਾ, ਗੁਰਪ੍ਰੀਤ ਸਿੰਘ ਭੈਣੀਬਾਘਾ, ਵਧਾਵਾ ਸਿੰਘ, ਕਮਲ ਸਿੰਘ ਭੈਣੀਬਾਘਾ ਆਦਿ ਹਾਜਰ ਸਨ।
0 Comments