ਸ਼ਿਮਲਾ ਮਿਰਚ ਅਤੇ ਅਚਾਰੀ ਮਿਰਚ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਕਰਵਾਇਆ

 ਸ਼ਿਮਲਾ ਮਿਰਚ ਅਤੇ ਅਚਾਰੀ ਮਿਰਚ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਕਰਵਾਇਆ


ਮਾਨਸਾ, 25 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ 

ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਸ਼ਿਮਲਾ ਮਿਰਚ ਅਤੇ ਅਚਾਰੀ ਮਿਰਚ ਦੀ ਸਫ਼ਲ ਕਾਸ਼ਤ ਸਬੰਧੀ ਪਿੰਡ ਕੋਟ ਧਰਮੂ ਵਿਖੇ ਸਿਖਲਾਈ ਕੋਰਸ ਕਰਵਾਇਆ ਗਿਆ, ਜਿੱਥੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲਗਭਗ 25 ਸਬਜ਼ੀ ਉਤਪਾਦਕ ਕਿਸਾਨਾਂ ਨੇ ਭਾਗ ਲਿਆ।

ਇਸ ਮੌਕੇ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ. ਅਸ਼ੋਕ ਕੁਮਾਰ ਨੇ ਸਬਜ਼ੀਆਂ ਦੀ ਕਾਸ਼ਤ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਪਰਖ ਦੀ ਅਹਿਮੀਅਤ ਅਤੇ ਨਮੂਨੇ ਲੈਣ ਦੇ ਢੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਡਾ. ਬੀ ਐੱਸ ਸੇਖੋਂ ਨੇ ਮਾਨਸਾ ਜ਼ਿਲ੍ਹੇ ਵਿੱਚ ਸ਼ਿਮਲਾ ਮਿਰਚ ਅਤੇ ਅਚਾਰੀ ਮਿਰਚ ਦੀ ਫ਼ਸਲ ਦੀ ਮਹੱਤਤਾ ਅਤੇ ਭਵਿੱਖ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਅਚਾਰੀ ਮਿਰਚ ਦੀਆਂ ਸਿਫਾਰਸ਼ ਕਿਸਮਾਂ ਸੀ ਐੱਚ-52 ਅਤੇ ਸੀ ਐੱਚ-27 ਅਤੇ ਸ਼ਿਮਲਾ ਮਿਰਚ ਦੀ ਕਿਸਮ ਪੀ ਐੱਸ ਐੱਮ-1 ਬਾਰੇ ਦੱਸਦਿਆਂ ਕਿਹਾ ਕਿ ਇਹ ਕਿਸਮਾਂ ਵੱਧ ਝਾੜ ਦੇਣ ਦੇ ਨਾਲ-ਨਾਲ ਠੂਠੀ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਵੀ ਰੱਖਦੀਆਂ ਹਨ।

ਉਨ੍ਹਾਂ ਕਿਸਾਨਾਂ ਨੂੰ ਅਚਾਰੀ ਅਤੇ ਸ਼ਿਮਲਾ ਮਿਰਚ ਦੇ ਅਗੇਤੇ ਅਤੇ ਵਧੇਰੇ ਝਾੜ ਲਈ ਸਹੀ ਕਿਸਮਾਂ ਦੀ ਚੋਣ ਕਰਨ, ਸਮੇਂ ਸਿਰ ਪਨੀਰੀ ਦੀ ਬਿਜਾਈ ਕਰਨ ਅਤੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਾਸ਼ਤ ਤਕਨੀਕਾਂ ਅਪਨਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਠੂਠੀ ਰੋਗ ਅਤੇ ਬੂਟੇ ਸੁੱਕਣ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਹੈ, ਇਸ ਲਈ ਕਿਸਾਨ ਵੀਰਾਂ ਨੂੰ ਠੂਠੀ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਬੂਟੇ ਸੁੱਕਣ ਦੀ ਬੀਮਾਰੀ ਤੋਂ ਬਚਾਅ ਲਈ ਪਾਣੀ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਸਿਫ਼ਾਰਸ਼ ਉੱਲੀਨਾਸ਼ਕਾਂ ਦੀ ਸਹੀ ਮਾਤਰਾ ਅਤੇ ਸਹੀ ਚੋਣ ਕਰਕੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ।

ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ), ਇੰਜ ਅਲੋਕ ਗੁਪਤਾ ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਡਰਿੱਪ ਵਿਧੀ ਨਾਲ ਕਾਸ਼ਤ ਕਰਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਵਿਧੀ ਨਾਲ ਜਿੱਥੇ ਝਾੜ ਵਧਦਾ ਹੈ ਉਥੇ ਹੀ ਪਾਣੀ ਅਤੇ ਖਾਦ ਦੀ ਵੀ ਬੱਚਤ ਹੁੰਦੀ ਹੈ।

ਕੈਂਪ ਦੌਰਾਨ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਭੜੀ ਮਾਨਸਾ, ਮਨਜੀਤ ਸਿੰਘ ਘਰਾਂਗਣਾ, ਮਨਜੀਤ ਸਿੰਘ ਚੂਹੜੀਆਂ, ਜਸਪਾਲ ਸਿੰਘ ਚੂਹੜੀਆਂ ਅਤੇ ਦਿਲਪ੍ਰੀਤ ਸਿੰਘ ਜਟਾਣਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਿਸਾਨਾਂ ਨੂੰ ਮਿਰਚ ਦੀਆਂ ਉੱਨਤ ਕਿਸਮਾਂ ਸੀ ਐੱਚ-52, ਸੀ ਐੱਚ-27 ਅਤੇ ਸ਼ਿਮਲਾ ਮਿਰਚ ਦੀ ਕਿਸਮ ਪੀ ਐੱਸ ਐੱਮ-1 ਦਾ ਬੀਜ ਵੀ ਮੁਹੱਈਆ ਕਰਵਾਇਆ ਗਿਆ।

Post a Comment

0 Comments