ਪਰਾਲੀ ਦੀ ਸੁਚੱਜੀ ਸੰਭਾਲ ਕਰਦਾ ਹੈ ਪਿੰਡ ਬੋਹਾ ਦਾ ਅਗਾਂਹਵਧੂ ਕਿਸਾਨ ਜਰਨੈਲ ਸਿੰਘ

 ਪਰਾਲੀ ਦੀ ਸੁਚੱਜੀ ਸੰਭਾਲ ਕਰਦਾ ਹੈ ਪਿੰਡ ਬੋਹਾ ਦਾ ਅਗਾਂਹਵਧੂ ਕਿਸਾਨ ਜਰਨੈਲ ਸਿੰਘ

 ਕਿਸਾਨ ਨੇ 10 ਏਕੜ ਦੀ ਰਹਿੰਦ ਖੂੰਹਦ ਦੀਆਂ ਗੱਠਾਂ ਬਣਵਾ ਕੇ ਪਰਾਲੀ ਦਾ ਯੋਗ ਪ੍ਰਬੰਧਨ ਕੀਤਾ

*ਪਿਛਲੇ 5 ਸਾਲ ਤੋਂ ਨਹੀਂ ਲਗਾਈ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)

ਬੋਹਾ ਦਾ ਅਗਾਂਹਵਧੂ ਕਿਸਾਨ ਜਰਨੈਲ ਸਿੰਘ ਲਗਭਗ 20 ਏਕੜ ਵਿਚ ਖੇਤੀ ਕਰਦਾ ਹੈ, ਜਿਸ ਦੇ 12 ਏਕੜ ਵਿਚ ਉਹ ਝੋਨੇ ਦੀ ਬਿਜਾਈ ਕਰਦਾ ਹੈ। ਕਿਸਾਨ ਨੇ 10 ਏਕੜ ਦੀ ਪਰਾਲੀ ਦੀਆਂ ਗੱਠਾਂ ਬਣਵਾ ਕੇ ਪਰਾਲੀ ਦਾ ਸੁਚਾਰੂ ਢੰਗ ਨਾਲ ਪ੍ਰਬੰਧਨ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਕਿਸਾਨ ਜਰਨੈਲ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਪੁਰਾਣੇ ਸਮੇ ਤੋ ਜੁੜਿਆ ਹੋਇਆ ਹੈ ਅਤੇ ਹਰ ਇੱਕ ਤਕਨੀਕ ਨੂੰ ਪਹਿਲ ਦੇ ਅਧਾਰ ’ਤੇ ਅਪਣਾਉਦਾ ਹੈ। ਕਿਸਾਨ ਦੇ ਦੱਸਣ ਮੁਤਾਬਿਕ ਉਹ ਵਾਤਾਵਰਨ ਅਤੇ ਪੰਛੀਆਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਪਿਛਲੇ ਪੰਜ ਸਾਲ ਤੋ ਕਦੇ ਵੀ ਆਪਣੇ ਖੇਤ ਵਿੱਚ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀ ਲਗਾਈ। ਕਿਸਾਨ ਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਕਾਫੀ ਸਮੇਂ ਤੋ ਜੁੜਿਆ ਹੋਇਆ ਹੈ ਅਤੇ ਵਿਭਾਗ ਵੱਲੋ ਲਗਾਏ ਜਾ ਰਹੇ ਜਾਗਰੂਕਤਾ ਕੈਂਪ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਹੈ।

ਅਗਾਂਹਵਧੂ ਕਿਸਾਨ ਨੇ ਖੇਤੀਬਾੜੀ ਵਿਭਾਗ ਰਾਹੀਂ ਸਬਸਿਡੀ ’ਤੇ ਜੀਰੋ-ਟਿੱਲ ਡਰਿੱਲ ਮਸ਼ੀਨ ਲਈ ਸੀ, ਜਿਸ ਨਾਲ ਉਹ ਆਪਣੇ ਖੇਤ ਵਿਚ ਸਾਰੀ ਬਿਜਾਈ ਕਰਦਾ ਹੈ। ਕਿਸਾਨ ਨੇ ਦੱਸਿਆ ਕਿ ਇਸ ਸਾਲ ਵੀ ਉਸ ਨੇ ਖੇਤ ਵਿੱਚ ਪਰਾਲੀ ਨਹੀ ਸਾੜੀ ਸਗੋਂ ਸਾਰੇ ਖੇਤ ਵਿੱਚ ਬੇਲਰ ਮਸ਼ੀਨ ਨਾਲ ਗੱਠਾਂ ਬਣਵਾ ਦਿੱਤੀਆ ਹਨ।

ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਗੁਰਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਪੱਖੋ ਪਰਾਲੀ ਦੀ ਸਾਂਭ ਸੰਭਾਲ ਵਿਚ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਆਉਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।

Post a Comment

0 Comments