ਜ਼ਿਲ੍ਹਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਸਮਾਗਮ ਪੰਜਾਬ ਪੁਲਿਸ ਨੇ ਹਮੇਸ਼ਾਂ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਦਿੱਤੀਆਂ ਹਨ ਵੱਡੀਆਂ ਕੁਰਬਾਨੀਆਂ,ਸੰਦੀਪ ਮਲਿਕ

 ਜ਼ਿਲ੍ਹਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਸਮਾਗਮ
ਪੰਜਾਬ ਪੁਲਿਸ ਨੇ ਹਮੇਸ਼ਾਂ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਦਿੱਤੀਆਂ ਹਨ ਵੱਡੀਆਂ ਕੁਰਬਾਨੀਆਂ,ਸੰਦੀਪ ਮਲਿਕ  


ਬਰਨਾਲਾ, 21 ਅਕਤੂਬਰ/ਕਰਨਪ੍ਰੀਤ ਕਰਨ *- ਦੇਸ਼ ਦੀ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਬਦੌਲਤ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨਾਂ ਕਰਕੇ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖੁਸ਼ਹਾਲੀ ਬਰਕਰਾਰ ਹੈ।

ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ  ਪੁਲਿਸ ਮੁੱਖੀ ਸ੍ਰੀ ਸੰਦੀਪ ਮਲਿਕ ਨੇ ਨੇ ਅੱਜ ਬਰਨਾਲਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਨੂੰ ਸਮਰਪਿਤ ਸਮਾਗਮ ਦੌਰਾਨ ਕੀਤਾ। ਇਸ ਮੌਕੇ ਬੋਲਦਿਆਂ ਸੰਦੀਪ ਮਲਿਕ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਗੌਰਵਮਈ ਅਤੇ ਸ਼ਾਨਾਮੱਤਾ ਹੈ, ਜਿਸ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਹਮੇਸ਼ਾ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਦ ਅੱਤਵਾਦ ਦਾ ਕਾਲਾ ਦੌਰ ਚੱਲ ਰਿਹਾ ਸੀ ਤਾਂ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਨੇ ਸ਼ਹਾਦਤਾਂ ਦਾ ਜਾਮ ਪੀ ਕੇ ਦੇਸ਼ ਅੰਦਰ ਅਮਨ-ਸ਼ਾਂਤੀ ਕਾਇਮ ਰੱਖੀ।

          ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸ਼ਹੀਦ ਹੋਏ ਪਰਿਵਾਰਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਈਏ ਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੀਏ। ਆਪਣੀ ਡਿਊਟੀ ਨੇਕ ਨੀਅਤੀ, ਪੂਰੀ ਮਿਹਨਤ , ਲਗਨ ਤੇ ਤਨਦੇਹੀ ਨਾਲ ਨਿਭਾਈਏ।   

     ਉਨ੍ਹਾਂ 21 ਅਕਤੂਬਰ ਦਿਨ ਦਾ ਇਤਿਹਾਸ ਦੱਸਦਿਆਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿਚ ਸੀ.ਆਰ.ਪੀ.ਐਫ. ਤੇ ਇਨਟੈਲੀਜੈਂਸ ਬਿਊਰੋ ਦੀ ਸਾਂਝੀ ਪੈਟਰੋਲਿੰਗ ਪਾਰਟੀ ਭਾਰਤ-ਚੀਨ ਦੀ ਸਰਹੱਦ 'ਤੇ ਗਸ਼ਤ ਕਰ ਰਹੀ ਸੀ ਤੇ ਇਸ ਪਾਰਟੀ ਵਿਚ ਕਰੀਬ 10 ਜਵਾਨ ਸ਼ਾਮਿਲ ਸਨ ਤੇ ਚੀਨੀ ਫੌਜਾਂ ਨੇ ਹਮਲਾ ਕਰ ਦਿੱਤਾ, ਪਰ ਜਵਾਨਾਂ ਨੇ ਬਹੁਤ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਤੇ ਉਨ੍ਹਾਂ ਨੂੰ ਆਪਣੀ ਮਾਤਰ ਭੂਮੀ ਵਿੱਚ ਦਾਖਿਲ ਨਹੀਂ ਹੋਣ ਦਿੱਤਾ। ਉਸੇ ਦਿਨ ਦੀ ਯਾਦ ਵਿਚ ਪੂਰੇ ਭਾਰਤ ਵਿਚ  'ਪੁਲਿਸ ਸ਼ਹੀਦੀ ਦਿਵਸ’ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1960 ਵਿੱਚ ਕੀਤੀ ਗਈ।

ਇਸ ਮੌਕੇ ਸੋਗ ਪ੍ਰੇਡ ਦੀ ਕਮਾਂਡ ਕਰਨ ਸ਼ਰਮਾ ਪੀ.ਪੀ.ਐੱਸ. ਉੱਪ ਕਪਤਾਨ ਪੁਲਿਸ ਬਰਨਾਲਾ ਵੱਲੋਂ ਕੀਤੀ ਗਈ। ਇਸ ਮੌਕੇ  ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਬੀ.ਐੱਸ.ਤੇਜੀ,  ਐੱਸ.ਐੱਸ.ਪੀ ਸ੍ਰੀ ਸੰਦੀਪ ਕੁਮਾਰ ਮਲਿਕ ਤੇ ਐੱਸ.ਪੀ. ਸ੍ਰੀ ਮੇਜਰ ਸਿੰਘ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸੀ.ਜੇ.ਐੱਮ. ਸ੍ਰੀ ਮੁਨੀਸ਼ ਗਰਗ ਸੀ.ਜੇ.ਐੱਮ. ਕਮ  ਸਕੱਤਰ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀ ਗੁਰਬੀਰ ਸਿੰਘ, ਏ.ਡੀ.ਸੀ. ਸ੍ਰੀ ਸਤਵੰਤ ਸਿੰਘ, ਏ.ਡੀ.ਸੀ. ਸ੍ਰੀ ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ੍ਰੀ ਸੁਖਪਾਲ ਸਿੰਘ ਤੋਂ ਇਲਾਵਾ ਸਮੂਹ ਪੁਲਿਸ ਗਜ਼ਟਿਡ ਅਧਿਕਾਰੀ, ਜ਼ਿਲ੍ਹਾ ਸਿਵਲ ਪ੍ਰਸ਼ਾਸਨ, ਜੁਡੀਸ਼ੀਅਲ ਅਧਿਕਾਰੀ, ਸਮੂਹ ਮੁੱਖ ਅਫ਼ਸਰ ਥਾਣਾ, ਇੰਚਾਰਜ ਸੀ.ਆਈ.ਏ. ਸਟਾਫ਼, ਬਰਨਾਲਾ, ਰਿਟਾਇਰਡ ਪੁਲਿਸ ਕਰਮਚਾਰੀ ਅਤੇ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Post a Comment

0 Comments