ਪੰਜਾਬ-ਹਰਿਆਣਾ ਦੀ ਹੱਦ ਤੇ ਲੱਗਦੇ ਪਿੰਡਾਂ ਵਿੱਚ ਹਰਪ੍ਰੀਤ ਬਹਿਣੀਵਾਲ ਨੇ ਵੰਡਿਆ ਪੰਜਾਬੀ ਬੋਲੀ ਦਾ ਉਸਾਰੂ ਸਾਹਿਤ
ਸਰਹੱਦੀ ਪਿੰਡਾਂ ਵਿੱਚ ਪੰਜਾਬੀ ਬੋਲਣ, ਲਿਖਣ ਅਤੇ ਪੜ੍ਹਣ ਲਈ ਕੀਤਾ ਪ੍ਰੇਰਿਤ
ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਪੰਜਾਬੀ ਬੋਲੀ, ਭਾਸ਼ਾ ਨੂੰ ਪ੍ਰਫੁਲਿੱਤ ਕਰਨ ਲਈ ਰੁੱਝੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਪੰਜਾਬ-ਹਰਿਆਣਾ ਦੀ ਹੱਦ ਤੇ ਪਿੰਡ ਕਲਾਲਵਾਲਾ ਵਿਖੇ ਏਸ਼ੀਅਨ ਰੋਇੰਗ ਖੇਡਾਂ ਵਿੱਚ ਸਿਲਵਰ ਮੈਡਲ ਦੇ ਵਿਜੇਤਾ ਚਰਨਜੀਤ ਸਿੰਘ ਨਾਲ ਜਾ ਕੇ ਪ੍ਰਚਾਰ ਕੀਤਾ। ਕੈਦੇ, ਕਿਤਾਬਾਂ ਅਤੇ ਪੰਜਾਬੀ ਭਾਸ਼ਾ ਨੂੰ ਦਰਸਾਉਂਦੀ ਹੋਰ ਸਮੱਗਰੀ ਵੰਡੀ। ਇਸ ਪਿੰਡ ਦੀ ਹੱਦ ਤੇ ਹਰਿਆਣਾ ਦੇ ਪਿੰਡ ਲੱਗਦੇ ਹਨ, ਹਰਪ੍ਰੀਤ ਬਹਿਣੀਵਾਲ ਨੇ ਇਸ ਪਿੰਡ ਨੂੰ ਇਸ ਕਰਕੇ ਚੁਣਿਆ ਕਿ ਇਨ੍ਹਾਂ ਸਰਹੱਦੀ ਪਿੰਡਾਂ ਵਿੱਚ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਪੜ੍ਹਣ-ਲਿਖਣ ਦੀ ਵੱਡੀ ਜਰੂਰਤ ਹੈ। ਉਨ੍ਹਾਂ ਨੇ ਇਹ ਵੀ ਫਿਕਰਮੰਦੀ ਜਾਹਿਰ ਕੀਤੀ ਕਿ ਅਨੇਕਾਂ ਸਰਹੱਦੀ ਪਿੰਡਾਂ, ਕਸਬਿਆਂ ਆਦਿ ਵਿੱਚ ਪੰਜਾਬੀ ਦੇ ਵਿੱਚ ਹੋਰ ਭਾਸ਼ਾਵਾਂ ਰਲ ਕੇ ਬੋਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਕੋਈ ਵੀ ਮਾੜੀ ਨਹੀਂ। ਪਰ ਮਾਂ ਬੋਲੀ ਪੰਜਾਬੀ ਦਾ ਜੋ ਸਾਨੂੰ ਜਨਮ ਤੋਂ ਅਧਿਕਾਰ ਮਿਲਿਆ ਹੈ। ਉਹ ਬੋਲੀ ਪ੍ਰਫੁਲਿੱਤ ਹੋਣੀ ਚਾਹੀਦੀ ਹੈ। ਹਰਪ੍ਰੀਤ ਬਹਿਣੀਵਾਲ ਨੇ ਹੁਣ ਤੱਕ ਕੁਝ ਫਿਲਮੀ ਹਸਤੀਆਂ, ਸਾਹਿਤਕਾਰਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਇਹ ਸਮੱਗਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਚਰਨਜੀਤ ਸਿੰਘ ਨਾਲ ਇਹ ਪ੍ਰਚਾਰ ਕਰਨ ਦਾ ਜੋ ਸਬੱਬ ਬਣਿਆ ਹੈ, ਉਹ ਆਪਣੇ ਆਪ ਵਿੱਚ ਅਨੂਠਾ ਹੈ। ਹਰਪ੍ਰੀਤ ਬਹਿਣੀਵਾਲ ਅਤੇ ਖਿਡਾਰੀ ਚਰਨਜੀਤ ਸਿੰਘ ਨੇ ਕਿਹਾ ਕਿ ਅੱਜ ਜਦੋਂ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬੀ ਬੋਲਣ, ਪੜ੍ਹਣ ਅਤੇ ਲਿਖਣ ਵਾਲੇ ਮਿਲਦੇ ਹਨ ਤਾਂ ਲੱਗਦਾ ਹੈ ਇਹ ਭਾਸ਼ਾ ਤੇ ਬੋਲੀ ਸੁੰਗੜ ਨਹੀਂ ਰਹੀ ਬਲਕਿ ਫੈਲ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਉਨ੍ਹਾਂ ਦੇ ਇਨ੍ਹਾਂ ਯਤਨਾਂ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਨੂੰ ਪੰਜਾਬੀ ਮਾਂ-ਬੋਲੀ ਦੇ ਸਪੂਤ ਦੱਸਿਆ। ਇਸ ਮੌਕੇ ਉਨ੍ਹਾਂ ਪੰਜਾਬੀ ਵਿਆਕਰਨ, ਵਿਗਿਆਨ, ਸਿਹਤ, ਖੋਜਾਂ, ਗਣਿਤ ਅਤੇ ਸਮਾਜ ਦੇ ਵੱਖ-ਵੱਖ ਪਹਿਲੂਆਂ ਨਾਲ ਜੁੜੀ ਸਮੱਗਰੀ ਵੰਡੀ ਅਤੇ ਕਿਹਾ ਕਿ ਨਵੀਂ ਪੁੰਗਰ ਰਹੀ ਪਨੀਰੀ, ਬੱਚੇ ਇਸ ਨੂੰ ਅਪਣਾਉਣ, ਹੋਰ ਭਾਸ਼ਾਵਾਂ ਦੇ ਨਾਲ-ਨਾਲ ਆਪਣੇ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਬੋਲਣ, ਲਿਖਣ ਅਤੇ ਹੰਢਾਉਣ ਵਿੱਚ ਤਰਜੀਹ ਦੇਣ। ਹਰਪ੍ਰੀਤ ਨੇ ਦੱਸਿਆ ਕਿ ਇਹ ਪ੍ਰਚਾਰ ਪ੍ਰਤੀਦਿਨ ਵਧਦਾ ਜਾਵੇਗਾ ਅਤੇ ਨਵੰਬਰ ਮਹੀਨੇ ਤੋਂ ਇਸ ਦੀ ਹੋਰ ਹੱਲੇਦਾਰ ਸ਼ੁਰੂਆਤ ਹੋਵੇਗੀ।
0 Comments