ਬਲਾਕ ਕਮੇਟੀ ਡੈਮੋਕਰੇਟਿਕ ਟੀਚਰਜ਼ ਫਰੰਟ ਮੋਗਾ 1 ਦੀ 26 ਨਵੰਬਰ ਦੀ ਲਾਮਬੰਦੀ ਲਈ ਹੋਈ ਮੀਟਿੰਗ
ਮੋਗਾ : [ ਕੈਪਟਨ] := ਬਲਾਕ ਕਮੇਟੀ ਡੈਮੋਕਰੇਟਿਕ ਟੀਚਰਜ਼ ਫਰੰਟ ਮੋਗਾ 1 ਦੀ ਮੀਟਿੰਗ ਬਲਾਕ ਪ੍ਰਧਾਨ ਅਮਰਦੀਪ ਸਿੰਘ ਬੁੱਟਰ ਦੀ ਪ੍ਰਧਾਨਗੀ ਵਿੱਚ ਸ ਸੀ ਸ ਸ ਬੁੱਘੀਪੁਰਾ ਵਿਖੇ ਹੋਈ।ਇਸ ਮੀਟਿੰਗ ਵਿੱਚ 26 ਨਵੰਬਰ ਨੂੰ ਸੰਯੁਕਤ ਅਧਿਆਪਕ ਫਰੰਟ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਲਾਮਬੰਦੀ ਲਈ ਯੋਜਨਾ ਤਿਆਰ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਸਕੱਤਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵਾਂਗ ਆਪ ਸਰਕਾਰ ਵੀ ਮੁਲਾਜ਼ਮ ਮਾਰੂ ਨੀਤੀਆਂ ਉੱਪਰ ਚੱਲ ਰਹੀ ਹੈ ਅਤੇ ਇਸਦਾ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਸਬੰਧੀ ਰੱਵਈਆ ਬਹੁਤ ਨਕਾਰਾਤਮਕ ਹੈ।ਕੁਝ ਸਮਾਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਦੇ ਸਬਜ਼ਬਾਗ ਦਿਖਾ ਕੇ ਸਰਕਾਰ ਵਾਅਦੇ ਤੋਂ ਮੁੱਕਰ ਗਈ ਹੈ ਅਤੇ ਇਸ ਸਬੰਧ ਵਿੱਚ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਜਾਣਕਾਰੀ ਦਿੰਦਿਆਂ ਮੈਡਮ ਮਮਤਾ ਕੌਸ਼ਲ ਨੇ ਦੱਸਿਆ ਕਿ ਆਪ ਸਰਕਾਰ ਵੀ ਪੰਜਾਬ ਦੇ ਨਵੇਂ ਰੈਗੂਲਰ ਭਰਤੀ ਮੁਲਾਜ਼ਮਾਂ ਤੇ ਜਬਰੀ ਕੇਂਦਰੀ ਪੇ ਸਕੇਲ ਥੋਪ ਰਹੀ ਹੈ ਅਤੇ 15-01-15 ਦਾ ਨੋਟੀਫਿਕੇਸ਼ਨ ਮਾਣਯੋਗ ਹਾਈਕੋਰਟ ਵਲੋਂ ਡਬਲ ਬੈਂਚ ਤੇ ਵੀ ਰੱਦ ਕੀਤਾ ਗਿਆ ਹੈ ਅਤੇ ਬਕਾਏ ਸਮੇਤ ਪੂਰੀ ਤਨਖਾਹ ਦੇਣ ਦਾ ਫੈਸਲਾ ਕੀਤਾ ਗਿਆ ਹੈ,ਪਰ ਸਰਕਾਰ ਇਸ ਦੇ ਉਲਟ ਸੁਪਰੀਮ ਕੋਰਟ ਵਿੱਚ ਚਲੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਮਨ ਸ਼ਾਰਦਾ ਅਤੇ ਹਰਕੀਰਤ ਸਿੰਘ ਮਹਿਣਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਤਰੱਕੀਆਂ ਨਹੀਂ ਹੋਈਆਂ,ਪੇ ਸਕੇਲ ਪੂਰਨ ਰੂਪ ਵਿੱਚ ਲਾਗੂ ਨਹੀਂ ਹੋਇਆ। ਪੇਂਡੂ ਭੱਤੇ ਸਮੇਤ 36 ਪ੍ਰਕਾਰ ਦੇ ਭੱਤੇ ਬਹਾਲ ਕਰਵਾਉਣੇ, ਕੰਪਿਊਟਰ ਅਧਿਆਪਕਾਂ ਤੇ ਪੇ ਕਮਿਸ਼ਨ ਲਾਗੂ ਕਰਵਾਉਣਾ,ਏ ਸੀ ਪੀ ਲਾਗੂ ਕਰਵਾਉਣਾ,ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣਾ ਆਦਿ ਅਧਿਆਪਕਾਂ ਦੇ ਮੁੱਖ ਮਸਲੇ ਹਨ। ਇਹਨਾਂ ਮੰਗਾਂ ਦੀ ਪੂਰਤੀ ਲਈ ਅਰਵਿੰਦਰ ਮਹਿਣਾ ਨੇ ਅਧਿਆਪਕਾਂ ਨੂੰ ਸੰਯੁਕਤ ਅਧਿਆਪਕ ਫਰੰਟ ਵੱਲੋਂ 26 ਨਵੰਬਰ ਨੂੰ ਸੰਗਰੂਰ ਵਿਖੇ ਕੀਤੇ ਜਾ ਰਹੇ ਸਟੇਟ ਪੱਧਰੀ ਧਰਨੇ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਲਈ ਅਪੀਲ ਕੀਤੀ।ਬਾਅਦ ਵਿੱਚ ਕਮੇਟੀ ਮੈਂਬਰਾਂ ਦੀਆਂ ਡਿਊਟੀਆਂ ਲਾਮਬੰਦੀ ਕਰਨ ਲਈ ਲਗਾਈਆਂ ਗਈਆਂ, ਅਤੇ ਇਹ ਯਕੀਨੀ ਬਣਾਇਆ ਗਿਆ ਕੇ ਬਲਾਕ ਦੇ ਹਰੇਕ ਅਧਿਆਪਕ ਤੱਕ ਇਸ ਸਬੰਧੀ ਪਹੁੰਚ ਕੀਤੀ ਜਾਵੇ।ਇਸ ਮੌਕੇ ਤੇ ਜ਼ਿਲ੍ਹਾ ਸਕੱਤਰ ਮੈਡਮ ਜਗਵੀਰਨ ਕੌਰ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਬਲਾਕ ਦੀਆਂ ਤਿਆਰੀਆਂ ਤੇ ਤਸੱਲੀ ਪ੍ਰਗਟਾਈ। ਮੀਟਿੰਗ ਵਿੱਚ ਮੈਡਮ ਮਨਜੀਤ ਕੌਰ, ਜਗਦੇਵ ਮਹਿਣਾ,ਵਾਸ ਮਸੀਹ, ਅਜੀਤਪਾਲ ਸਿੰਘ ਆਦਿ ਆਗੂ ਹਾਜ਼ਰ ਸਨ।
0 Comments