ਖੋਖਰ ਕਲਾਂ ਦਾ ਕਿਸਾਨ ਕਾਕਾ ਸਿੰਘ 4 ਏਕੜ ਵਿਚ ਬਿਨ੍ਹਾਂ ਅੱਗ ਲਗਾਏ ਕਰ ਰਿਹੈ ਪੀਲੀ ਪੂਸਾ ਵਰਾਇਟੀ ਦੀ ਸਾਂਭ ਸੰਭਾਲ

 ਖੋਖਰ ਕਲਾਂ ਦਾ ਕਿਸਾਨ ਕਾਕਾ ਸਿੰਘ 4 ਏਕੜ ਵਿਚ ਬਿਨ੍ਹਾਂ ਅੱਗ ਲਗਾਏ ਕਰ ਰਿਹੈ ਪੀਲੀ ਪੂਸਾ ਵਰਾਇਟੀ ਦੀ ਸਾਂਭ ਸੰਭਾਲ

*ਵਧੀਕ ਡਿਪਟੀ ਕਮਿਸ਼ਨਰ ਨੇ ਖੋਖਰ ਕਲਾਂ, ਭੈਣੀ ਬਾਘਾ, ਰਮਦਿੱਤੇਵਾਲਾ ਤੇ ਕੋਟਧਰਮੁ ਵਿਖੇ ਕਿਸਾਨ ਮਿਲਣੀਆਂ ਕੀਤੀਆਂ

*ਪਿੰਡ ਕੋਟ ਧਰਮੁ ਦੇ ਖੇਤਾਂ ਵਿਚ ਸਾੜੀ ਜਾ ਰਹੀ ਪਰਾਲੀ ਨੂੰ ਵਧੀਕ ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਫਾਇਰ ਬ੍ਰਿਗੇਡ ਬੁਲਾਅ ਕੇ ਬੁਝਾਇਆ

*ਕਿਸਾਨਾਂ ਨੂੰ ਪਰਾਲੀ ਦਾ ਮਸ਼ੀਨਰੀ ਨਾਲ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ


 ਮਾਨਸਾ, 07 ਨਵੰਬਰ: ਗੁਰਜੰਟ ਸਿੰਘ ਸ਼ੀਂਹ 

ਪਿੰਡ ਖੋਖਰ ਕਲਾਂ ਦਾ ਕਿਸਾਨ ਕਾਕਾ ਸਿੰਘ 4 ਏਕੜ ਰਕਬੇ ਵਿਚ ਬਿਨ੍ਹਾਂ ਅੱਗ ਲਗਾਏ ਪੀਲੀ ਪੂਸਾ ਵਰਾਇਟੀ ਦੀ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਹੱਥਾਂ ਨਾਲ ਸਾਂਭ ਸੰਭਾਲ ਕਰ ਰਿਹਾ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਨੇ ਪਿੰਡ ਖੋਖਰ ਕਲਾਂ, ਭੈਣੀ ਬਾਘਾ, ਰਮਦਿੱਤੇਵਾਲਾ ਅਤੇ ਕੋਟਧਰਮੁ ਵਿਖੇ ਕਿਸਾਨ ਮਿਲਣੀ ਦੌਰਾਨ ਕੀਤਾ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ। ਉਨ੍ਹਾਂ ਕਿਹਾ ਕਿ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਵੱਲੋਂ ਖੇਤੀ ਮਸ਼ੀਨਰੀ ਮੁਫ਼ਤ ਵਿਚ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਦਾ ਲੋੜਵੰਦ ਕਿਸਾਨਾਂ ਨੂੰ ਲਾਹਾ ਲੈ ਕੇ ਪਰਾਲੀ ਦੀ ਸਾਂਭ ਸੰਭਾਲ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜੈਵਿਕ ਖਾਦ ਸੜ ਕੇ ਖ਼ਤਮ ਹੋ ਜਾਂਦੀ ਹੈ ਇਸ ਦੇ ਨਾਲ ਧਰਤੀ ਵਿਚਲੇ ਸੂਖਮਜੀਵ ਵੀ ਮਰ ਜਾਂਦੇ ਹਨ, ਜਿਸ ਨਾਲ ਫਸਲਾਂ ਦਾ ਝਾੜ ਘਟ ਜਾਂਦਾ ਹੈ।

ਉਨ੍ਹਾਂ ਪਿੰਡ ਭੈਣੀ ਬਾਘਾ ਵਿਖੇ ਕੋਆਪਰੇਟਿਵ ਸੋਸਾਇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕਿਸਾਨਾਂ ਨੂੰ ਸੋਸਾਇਟੀ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਉਂਦਿਆਂ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਪਿੰਡ ਖੋਖਰ ਕਲਾਂ ਵਿਖੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਵਾਈ ਅਤੇ ਖੋਖਰ ਕਲਾਂ ਦੀ ਪੰਚਾਇਤ ਨਾਲ ਮੀਟਿੰਗ ਕਰਕੇ ਪਰਾਲੀ ਪ੍ਰਬੰਧਨ ਦਾ ਸੁਨੇਹਾ ਦੇ ਰਹੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਪਿੰਡ ਕੋਟ ਧਰਮੁ ਵਿਖੇ ਖੇਤਾਂ ਵਿਚ ਸਾੜੀ ਜਾ ਰਹੀ ਪਰਾਲੀ ਨੂੰ ਮੌਕੇ ’ਤੇ ਫਾਇਰ ਬ੍ਰਿਗੇਡ ਬੁਲਾਅ ਕੇ ਬੁਝਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਮੈਨੇਜਮੈਂਟ ਬਾਰੇ ਪੈਦਾ ਕੀਤੀ ਜਾ ਰਹੀ ਜਾਗਰੂਕਤਾ ਦਾ ਮਕਸਦ ਵਾਤਾਵਰਣ ਪ੍ਰਦੂਸ਼ਣ ਮੁਕਤ ਸਮਾਜ ਦੀ ਸਿਰਜਣ ਕਰਨਾ ਹੈ, ਜਿਸ ਵਿਚ ਸਭ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਅਗਾਂਹਵਧੂ ਕਿਸਾਨਾਂ ਦੇ ਸਰਕਾਰੀ ਵਿਭਾਗਾਂ ਅੰਦਰ ਤਰਜੀਹੀ ਨਾਲ ਕੰਮ ਕਰਵਾਏ ਜਾਣਗੇ।

Post a Comment

0 Comments