ਟਰਾਈਡੈਂਟ ਵਲੋਂ ਮਨਾਏ ਦੀਵਾਲੀ ਮੇਲੇ ਦੇ ਆਖਰੀ ਦਿਨ ਪ੍ਰਸਿੱਧ ਸਿੰਗਰ ਗੁਰਦਾਸ ਮਾਨ ਨੇ ਲਾਈਆਂ ਰੌਣਕਾਂ, ਪੰਡਾਲ ਚ ਦਰਸ਼ਕਾਂ ਨੇ ਨੱਚ ਟੱਪ ਕੇ ਪਾਈਆਂ ਧੁੰਮਾਂ

 ਟਰਾਈਡੈਂਟ ਵਲੋਂ ਮਨਾਏ ਦੀਵਾਲੀ ਮੇਲੇ ਦੇ ਆਖਰੀ ਦਿਨ ਪ੍ਰਸਿੱਧ ਸਿੰਗਰ ਗੁਰਦਾਸ ਮਾਨ ਨੇ ਲਾਈਆਂ ਰੌਣਕਾਂ, ਪੰਡਾਲ ਚ ਦਰਸ਼ਕਾਂ ਨੇ ਨੱਚ ਟੱਪ ਕੇ ਪਾਈਆਂ ਧੁੰਮਾਂ

ਡਿਪਟੀ ਕਮਿਸ਼ਨਰ ਸਮੇਤ ਸਿਵਿਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਵੱਡੇ ਅਧਿਕਾਰੀਆਂ ਕੀਤੀ ਸ਼ਿਰਕਤ


ਬਰਨਾਲਾ, 7 ਨਵੰਬਰ  ਕਰਨਪ੍ਰੀਤ ਕਰਨ

-ਟਰਾਈਡੈਂਟ ਗਰੁੱਪ ਵਲੋਂ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਮੌਕੇ ਲਗਾਏ ਗਏ ਤਿੰਨ ਦਿਨਾਂ ਦੀਵਾਲੀ ਮੇਲੇ ਦੇ ਆਖਰੀ ਦਿਨ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਆਪਣੇ ਮਸ਼ਹੂਰ ਕੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।  ਸਭ ਤੋਂ ਪਹਿਲਾਂ ਗੁਰਦਾਸ ਮਾਨ ਆਪਣਾ ਧਾਰਮਿਕ ਗੀਤ 'ਮੇਰੀ ਰੱਖੀਓ ਲਾਜ਼ ਗੁਰਦੇਵ' ਪੇਸ਼ ਕੀਤਾ ਗਿਆ। ਉਪਰੰਤ ਇਸ਼ਕ ਦਾ ਗਿੱਧਾ, ਚਿੱਟੇ-ਚਿੱਟੇ ਦੰਦਾਂ ਵਿਚ ਸੋਨੇ ਦੀਆਂ ਮੇਖਾਂ,  ਛੱਲਾ, ਸਾਈਕਲ, ਦਿਲ ਦਾ ਮਾਮਲਾ, ਸਾਈਂ ਅਤੇ ਹੋਰ ਮਸ਼ਹੂਰ ਗੀਤਾਂ ਰਾਹੀਂ ਟਰਾਈਡੈਂਟ ਦੇ ਓਪਨ ਹਾਲ ਵਿਚ ਮੌਜੂਦ ਹਜ਼ਾਰਾਂ ਦੀ ਗਿਣਤੀ 'ਚ ਜੁੜੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਗੁਰਦਾਸ ਮਾਨ ਵਲੋਂ ਆਪਣੀ ਪੇਸ਼ਕਾਰੀ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਰੂਹਾਨੀਅਤ ਦੀ ਤਸਵੀਰ ਪੇਸ਼ ਕਰ ਕੇ ਦਰਸ਼ਕਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ।  ਉਨ੍ਹਾਂ ਵਲੋਂ ਪਿਛਲੇ ਦਿਨਾਂ ਦੌਰਾਨ ਦੁਨੀਆਂ ਨੂੰ ਅਲਵਿਦਾ ਕਹਿ ਗਏ ਪ੍ਰਸਿੱਧ ਫਨਕਾਰਾਂ ਸਿੱਧੂ ਮੂਸੇਵਾਲਾ, ਸਰਦੂਲ ਸਿਕੰਦਰ, ਸੁਰਿੰਦਰ ਛਿੰਦਾ ਅਤੇ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਨੂੰ ਵੀ ਯਾਦ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਟਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਰੁਪਿੰਦਰ ਗੁਪਤਾ, ਕਵੀਸ਼ ਢਾਂਡਾ, ਜਰਮਨਜੀਤ ਸਿੰਘ ਵਲੋਂ ਗੁਰਦਾਸ ਮਾਨ ਅਤੇ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ੍ਰੀ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਵਲੋਂ ਹਰ ਸਾਲ ਵੱਡੇ ਪੱਧਰ 'ਤੇ ਦੀਵਾਲੀ ਮੇਲਾ ਲਗਾਇਆ ਜਾਂਦਾ ਹੈ। ਜਿਸ ਵਿਚ ਜਿੱਥੇ ਬੱਚਿਆਂ ਦੇ ਮਨੋਰੰਜਨ ਲਈ ਖੇਡਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਥੇ ਟਰਾਈਡੈਂਟ ਦੇ ਉਤਪਾਦ ਜਿਵੇਂਕਿ ਤੋਲੀਏ, ਬੈੱਡ ਸ਼ੀਟਾਂ ਤੋਂ ਇਲਾਵਾ ਹੋਰ ਖਾਣ-ਪੀਣ ਅਤੇ ਹੋਰ ਸਟਾਲਾਂ ਲਗਾਈਆਂ ਜਾਂਦੀਆਂ ਹਨ। ਇਸ ਸਾਲ ਇਹ ਮੇਲਾ ਤਿੰਨ ਦਿਨ ਲਈ ਲਗਾਇਆ ਗਿਆ ਸੀ, ਜਿਸ ਵਿਚ ਟਰਾਈਡੈਂਟ ਨਾਲ ਜੁੜੇ ਪਰਿਵਾਰਾਂ ਤੋਂ ਇਲਾਵਾ ਹਜ਼ਾਰਾਂ ਗਿਣਤੀ ਵਿਚ ਲੋਕਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਏ.ਡੀ.ਸੀ. ਸਤਵੰਤ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਡੀ.ਐਸ.ਪੀ. ਸਤਵੀਰ ਸਿੰਘ, ਡੀ.ਐਸ.ਪੀ. ਗੁਰਬਚਨ ਸਿੰਘ, ਡੀ.ਐਸ.ਪੀ. ਕਰਨ ਸ਼ਰਮਾ, ਇੰਸ: ਬਲਜੀਤ ਸਿੰਘ, ਕੌਂਸਲਰ ਰੁਪਿੰਦਰ ਸਿੰਘ ਬੰਟੀ, ਮਲਕੀਤ ਸਿੰਘ ਮਨੀ, ਭੁਪਿੰਦਰ ਭਿੰਦੀ, ਜਗਰਾਜ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਸੋਨੀ ਸੰਘੇੜਾ, ਟਰਾਈਡੈਂਟ ਅਧਿਕਾਰੀ ਸਵਿਤਾ, ਸਾਹਿਲ ਗੁਲਾਟੀ, ਦੀਪਕ ਗਰਗ, ਨਵਨੀਤ ਜਿੰਦਲ, ਵਿਨੋਦ ਗੋਇਲ ਆਦਿ ਪਤਵੰਤੇ ਵੀ ਹਾਜ਼ਰ ਸਨ।

Post a Comment

0 Comments