ਪੀਰਮੁਹੰਮਦ ਨੇ 'ਬੰਦੀ ਛੋੜ ਦਿਵਸ' ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਖਿਲਾਫ ਧਾਰਮਿਕ ਕਾਰਵਾਈ ਦੀ ਮੰਗ ਕੀਤੀ

ਪੀਰਮੁਹੰਮਦ ਨੇ 'ਬੰਦੀ ਛੋੜ ਦਿਵਸ' ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਖਿਲਾਫ ਧਾਰਮਿਕ ਕਾਰਵਾਈ ਦੀ ਮੰਗ ਕੀਤੀ


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼
 

ਅੰਮ੍ਰਿਤਸਰ 13 ਨਵੰਬਰ ਕਰਨੈਲ ਸਿੰਘ ਪੀਰ ਮੁਹੰਮਦ ਨੇ ‘ਬੰਦੀ ਛੋੜ ਦਿਵਸ’ ਅਤੇ ਦੀਵਾਲੀ ਮੌਕੇ ਨਿਹੰਗ ਸਿੰਘਾਂ ਦੇ ਸੰਬੋਧਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਅਜਿਹੇ ਸ਼ਖਸ ਖਿਲਾਫ਼ ਧਾਰਮਿਕ ਕਾਰਵਾਈ ਕੀਤੀ ਜਾਵੇ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 'ਬੰਦੀ ਛੋੜ ਦਿਵਸ' ਮਨਾਉਣ ਲਈ ਹੋਏ ਪਵਿੱਤਰ ਸਮਾਗਮ ਦੌਰਾਨ ਇੱਕ ਨਿਹੰਗ ਸਿੰਘ ਬਾਣੇ ਵਾਲੇ ਵਿਅਕਤੀ ਵੱਲੋਂ ਜ਼ਬਰਦਸਤੀ ਮਾਈਕ ਖੋਹਣ ਅਤੇ ਮਰਿਆਦਾ ਵਿਰੁੱਧ ਬੋਲੇ ਜਾਣ ਦੀ ਘਟਨਾ ਨੂੰ ਬੇਹੱਦ ਅਫਸੋਸਜਨਕ ਕਰਾਰ ਦਿੱਤਾ ਹੈ।

ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਬੇਨਤੀ ਕੀਤੀ ਹੈ। ਇਸ ਦਾ ਉਦੇਸ਼ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸਰਵਉੱਚ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦੀ ਰਾਖੀ ਕਰਨਾ ਹੈ।

ਸ੍ਰ. ਪੀਰ ਮੁਹੰਮਦ ਨੇ ਕਿਹਾ ਕਿ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਚਾਰ ਸਿੰਘ ਸਿੰਘ ਸਾਹਿਬਨ ਸੰਗਤਾਂ ਨੂੰ ਸੰਬੋਧਨ ਕਰਨ ਦਾ ਅਧਿਕਾਰ ਹੈ ਅਤੇ ਜੇਕਰ ਕੋਈ ਹੋਰ ਵਿਅਕਤੀ ਸਿੱਖ ਪੰਥ ਨਾਲ ਸਬੰਧਤ ਆਪਣੇ ਵਿਚਾਰ ਜਾਂ ਸੁਝਾਅ ਦੇਣਾ ਚਾਹੁੰਦੇ ਹਨ, ਉਹ ਲਿਖ਼ਤੀ ਰੂਪ ਵਿੱਚ ਮਾਣਯੋਗ ਸਿੰਘ ਸਾਹਿਬਾਨ ਨੂੰ ਦੇ ਸਕਦੇ ਹਨ।

ਉਨ੍ਹਾਂ ਅੱਗੇ ਅਪੀਲ ਕੀਤੀ ਕਿ ਇਸ ਸੰਬੰਧ ਵਿੱਚ ਧਾਰਮਿਕ ਰਵਾਇਤਾਂ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਫ਼ਿਰਕੂ ਤਾਕਤਾਂ ਸਰਬ ਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਪੰਥ ਦੀ ਮਰਿਆਦਾ ਨੂੰ ਢਾਹ ਨਾ ਲੱਗਣ ਦੇਣ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਰਪੱਖ ਜਾਂਚ ਅਤੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਜੋ ਕਿ ਸਿੱਖ ਮਸਲਿਆਂ ਪ੍ਰਤੀ ਆਪਣੇ ਸੁਹਿਰਦ ਸਮਰਪਣ ਲਈ ਜਾਣੇ ਜਾਂਦੇ ਹਨ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਵਜੋਂ ਸਿੱਖ ਭਾਈਚਾਰੇ ਦੇ ਮਾਮਲਿਆਂ ਵਿੱਚ ਸਰਗਰਮੀ ਨਾਲ ਮਾਮਲੇ ਉਠਾਉਂਦੇ ਹਨ। 

ਉਨ੍ਹਾਂ ਅੰਤ ਵਿੱਚ ਕਿਹਾ ਕਿ ਇਹ ਮਰਿਆਦਾ ਦੀ ਉਲੰਘਣਾ ਦਾ ਬੇਹੱਦ ਅਹਿਮ ਮਾਮਲਾ ਹੈ ਜਿਸ ਤੇ ਸਖ਼ਤ ਨੋਟਿਸ ਲੈਣਾ ਬੇਹੱਦ ਜਰੂਰੀ ਹੈ।

Post a Comment

0 Comments