ਅੰਗਹੀਣਾਂ ਨੇ ਰੋਸ ਮਾਰਚ ਕਰਕੇ ਮਨਾਈ ਕਾਲੀ ਦਿਵਾਲੀ
ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ, ਮੰਗਾਂ ਦਾ ਹੱਲ ਨਾ ਹੋਣ 'ਤੇ ਪੱਕਾ ਮੋਰਚਾ ਲਗਾ ਕੇ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ
ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼
ਸਰਦੂਲਗੜ੍ਹ, 13 ਨਵੰਬਰ, ਸਮੇਂ ਦੀਆਂ ਸਰਕਾਰਾਂ ਵੱਲੋਂ ਅਪਣਾਏ ਜਾ ਰਹੇ ਨਾਕਾਰਾਤਮਕ ਰਵੱਈਏ ਤੋਂ ਪੇ੍ਸ਼ਾਨ ਅੰਗਹੀਣਾਂ ਵੱਲੋਂ ਆਪਣੇ ਮੱਥਿਆਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਦੂਲਗੜ੍ਹ ਸ਼ਹਿਰ ਵਿੱਚ ਰੋਹ ਭਰਪੂਰ ਰੋਸ ਮਾਰਚ ਕਰਕੇ ਕਾਲੀ ਦਿਵਾਲੀ ਮਨਾਈ ਗਈ। ਇਸ ਦੌਰਾਨ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ।
ਇਸ ਦੌਰਾਨ ਪ੍ਦਰਸ਼ਨਕਾਰੀ ਅੰਗਹੀਣਾਂ ਦੇ ਹੱਥਾਂ ਵਿੱਚ ਮੰਗਾਂ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ। ਜਦੋਂ ਉਹ ਰੋਸ ਮਾਰਚ ਕਰਕੇ ਬਜਾਰਾਂ ਵਿੱਚੋਂ ਗੁਜਰ ਰਹੇ ਸਨ ਤਾਂ ਉਨ੍ਹਾਂ ਦੇ ਸਰੀਰਕ ਅੰਗਾਂ ਦੀ ਥੁੜ ਨੇ ਆਮ ਲੋਕਾਂ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ, ਉਹ ਵੀ ਇਨ੍ਹਾਂ ਪ੍ਤੀ ਪੰਜਾਬ ਸਰਕਾਰ ਦੇ ਰਵੱਈਏ ਨੂੰ ਕੋਸ ਰਹੇ ਸਨ। ਪ੍ਦਰਸ਼ਨਕਾਰੀ ਅੰਗਹੀਣਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਹ ਸੂਬੇ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਉਹ ਅੰਗਹੀਣਾਂ ਪ੍ਤੀ ਮੀਚੀਆਂ ਅੱਖਾਂ ਨੂੰ ਖੋਲ੍ਹ ਕੇ ਉਨ੍ਹਾਂ ਦੇ ਦਰਦਾਂ ਨੂੰ ਮਹਿਸੂਸ ਕਰੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰੇ।
ਇਸ ਤੋਂ ਪਹਿਲਾਂ ਸਰਦੂਲਗੜ੍ਹ ਬਲਾਕ ਦੇ ਵੱਖ ਵੱਖ ਪਿੰਡਾਂ 'ਚੌਂ ਸ਼ਹੀਦ ਉਦਮ ਸਿੰਘ ਧਰਮਸ਼ਾਲਾ ਵਿੱਖੇ ਇਕੱਤਰ ਹੋਏ ਅੰਗਹੀਣਾਂ ਨੂੰ ਸੰਬੋਧਨ ਕਰਦਿਆਂ ਜਿਲੵਾ ਪ੍ਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਸੂਬੇ ਦੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਦੇਸ਼ ਦੇ ਪ੍ਮੁੱਖ ਤਿਉਹਾਰ ਮੌਕੇ ਸੜਕਾਂ ਉੱਤੇ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਉਨ੍ਹਾਂ ਵੱਲ ਨਹੀਂ ਗਿਆ ਹੈ ਅਤੇ ਆਪ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਖੋਖਲੀਆਂ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 19 ਮਹੀਨੇ ਬੀਤਣ ਮਗਰੋਂ ਵੀ ਉਨ੍ਹਾਂ ਦੇ ਹਿੱਤ ਵਿੱਚ ਇੱਕ ਵੀ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਰਵੇ ਕਰਵਾਉਣ ਦੇ ਬਹਾਨੇ ਅੰਗਹੀਣਾਂ ਦੇ ਹੱਕ ਮਾਰਨ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜਿਲੵਾ ਸਮਾਜਕ ਸੁਰੱਖਿਆ ਅਫਸਰ
ਵੱਲੋਂ ਮਨਮਰਜ਼ੀ ਕਰਦੇ ਹੋਏ ਅੰਗਹੀਣਾਂ ਦੇ ਆਸ਼ਰਿਤ ਅਤੇ ਨਿਆਸਰਿਤਾਂ ਦੀ ਪੈਨਸ਼ਨ ਲਗਾਉਣੀ ਬੰਦ ਕਰ ਦਿੱਤੀ ਹੈ, ਜਿਸ ਦੇ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਲਾਕ ਪ੍ਧਾਨ ਅਸੀਮ ਗੋਇਲ, ਨਿੱਕਾ ਦਾਸ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੜੵੇ-ਲਿਖੇ ਅੰਗਹੀਣਾਂ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ, ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਆਪਣਾ ਰੋਜਗਾਰ ਚਲਾਉਣ ਲਈ ਬਿਨਾ ਵਿਆਜ ਅਤੇ ਸਬਸਿਡੀ ਸਹਿਤ ਕਰਜ਼ਾ ਦੇਣ 'ਤੇ ਇਸ ਦੀ ਗਰੰਟੀ ਖੁਦ ਸਰਕਾਰ ਦੇਵੇ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਫੋਕੇ ਐਲਾਨਾਂ ਦੇ ਸਹਾਰੇ ਸਮਾਂ ਪੂਰਾ ਕਰ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਅੰਗਹੀਣਾਂ ਦੀਆਂ ਸਰਕਾਰੀ ਨੌਕਰੀਆਂ ਸਮੇਤ ਪੈਨਸ਼ਨ ਵਾਧੇ ਅਤੇ ਹੋਰਨਾਂ ਮੰਗਾਂ ਨੂੰ ਤੁਰੰਤ ਅਮਲ ਵਿੱਚ ਨਾ ਲਿਆਂਦਾ ਗਿਆ ਤਾਂ ਆਉਣ ਵਾਲੇ ਕੁਝ ਦਿਨਾਂ ਅੰਦਰ ਹੀ ਇੱਕ ਮੀਟਿੰਗ ਕਰਕੇ ਮਾਨਸਾ ਵਿਖੇ ਪੱਕਾ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਦੀਪ ਸਿੰਘ ਦੀਪਾ, ਸ਼ਹਿਰੀ ਉਪ ਪ੍ਰਧਾਨ ਜਸਮੇਰ ਸਿੰਘ ਭੱਟੀ, ਸਕੱਤਰ ਬਲਵਿੰਦਰ ਸਿੰਘ ਸਿੰਦ, ਸੁਰੇਸ਼ ਕੁਮਾਰ
ਪ੍ਰੈਸ ਸਕੱਤਰ ਵੀਰਪਾਲ ਕੌਰ ਮੀਰਪੁਰ, ਜਸਵੀਰ ਕੌਰ, ਮਨੋਜ ਚੋਪੜਾ, ਹੇਮਰਾਜ, ਕਿਰਪਾਲ ਕੌਰ, ਮਨਜੀਤ ਕੌਰ, ਰਾਮ ਸਰੂਪ, ਪਰਮਜੀਤ ਕੌਰ ਬਲਾਡਾ, ਤੇਜ ਕੌਰ, ਮਾਇਆ ਕੌਰ, ਰਾਣੀ ਕੌਰਕਲਾਵਤੀ ਕੌਰ, ਭਜਨਾ ਸਿੰਘ ਮੀਰਪੁਰ ਗੁਰਦੀਪ ਸਿੰਘ ਝੰਡਾ, ਰਾਸ਼ਟਰੀ ਦਿਵਆਂਗ ਐਸੋਸੀਏਸ਼ਨ ਦੇ ਸੁਖਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਸੁਖਵਿੰਦਰ ਸਿੰਘ ਵੀ ਮੌਜੂਦ ਸਨ।
0 Comments