ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਤੇ DA ਦਾ ਮੁੱਦਾ, ਵਿਰੋਧੀਆਂ ਨੇ ਲਾਏ ਮਾਨ ਸਰਕਾਰ ਨੂੰ ਰਗੜੇ

ਪੰਜਾਬ ਵਿਧਾਨ ਸਭਾ‘ਚ ਗੂੰਜਿਆ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਤੇ DA ਦਾ ਮੁੱਦਾ, ਵਿਰੋਧੀਆਂ ਨੇ ਲਾਏ ਮਾਨ ਸਰਕਾਰ ਨੂੰ ਰਗੜੇ


ਚੰਡੀਗੜ੍ਹ:- ਪੰਜਾਬ ਇੰਡੀਆ ਨਿਊਜ਼ ਬਿਊਰੋ
 

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਦੂਜੇ ਦਿਨ ਸਭ ਤੋਂ ਪਹਿਲਾਂ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਰੋਧੀ ਧਿਰ ਨੇ ਮੁੱਦਾ ਉਠਾਇਆ, ਉੱਥੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵੀ ਸਰਕਾਰ ਨੂੰ ਸਵਾਲ ਕੀਤੇ ਅਤੇ ਪੁੱਛਿਆ ਕਿ ਤੁਸੀਂ ਪੁਰਾਣੀ ਪੈਨਸ਼ਨ ਬਹਾਲੀ ਦਾ ਅਧੂਰਾ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ?

ਇਸ ਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ ਵੀ ਇੱਕ ਸਾਲ ਹੋ ਚੁੱਕਿਆ ਹੈ, ਪਰ ਹੁਣ ਤੱਕ ਤੁਹਾਡੀ ਸਰਕਾਰ ਨੇ ਉਹਦੇ ਤੇ ਕੀ ਕੀਤਾ, ਇਸ ਬਾਰੇ ਨਾ ਤਾਂ ਸਰਕਾਰ ਜਾਂ ਫਿਰ ਕੋਈ ਮੰਤਰੀ ਅਪਡੇਟ ਕਰ ਰਿਹਾ ਹੈ ਅਤੇ ਨਾ ਹੀ ਕੋਈ ਅਧਿਕਾਰੀ।

ਜਿਸ ਦੇ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਦਸਣਾ ਬਣਦਾ ਹੈ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਅਤੇ ਮਹਿੰਗਾਈ ਭੱਤੇ ਦਾ ਮਸਲਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ।

ਸੈਸ਼ਨ ਦੌਰਾਨ ਬਾਜਵਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਡਰਾਮਾ ਸਰਕਾਰ ਨੇ ਇੱਕ ਸਾਲ ਪਹਿਲਾਂ ਕੀਤਾ ਸੀ, ਜਿਹੜਾ ਕਿ ਹੁਣ ਤੱਕ ਪੂਰਾ ਨਹੀਂ ਹੋ ਸਕਿਆ। ਬਾਜਵਾ ਨੇ ਸਵਾਲ ਕੀਤਾ ਕਿ ਇਸ ਸਾਲ ਮੁਲਾਜ਼ਮਾਂ ਨੂੰ ਡੀਏ ਕਿਉਂ ਨਹੀਂ ਦਿੱਤਾ ਗਿਆ ਜਦੋਂ ਕਿ ਸੈਂਟਰ ਵੱਲੋਂ ਕੇਂਦਰੀ ਮੁਲਾਜ਼ਮਾਂ ਨੂੰ ਦੋਹਰੇ ਤੋਹਫੇ ਦਿੱਤੇ ਜਾ ਰਹੇ ਹਨ।

ਉਹਨਾਂ ਇਹ ਵੀ ਕਿਹਾ ਕਿ ਰਹਿੰਦਾ ਬਕਾਇਆ ਸੂਬਾ ਸਰਕਾਰ ਮੁਲਾਜ਼ਮਾਂ ਨੂੰ ਕਦੋਂ ਜਾਰੀ ਕਰੇਗੀ, ਇਸ ਬਾਰੇ ਸਰਕਾਰ ਸਪਸ਼ਟ ਕਰੇ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ ਅਤੇ ਇੱਕ ਅਧੂਰਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਅਧੂਰਾ ਨੋਟੀਫਿਕੇਸ਼ਨ ਜਾਰੀ ਹੋਏ ਨੂੰ ਵੀ ਸਾਲ ਹੋ ਚੁੱਕਿਆ ਹੈ। ਪਰ ਪੁਰਾਣੀ ਪੈਨਸ਼ਨ ਸਕੀਮ ਹਾਲੇ ਤਕ ਬਹਾਲ ਨਹੀਂ ਹੋਈ।

ਬਾਜਵਾ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਹੁਣ ਤੱਕ 12% ਮਹਿੰਗਾਈ ਪੱਤੇ ਦਾ ਬਕਾਇਆ ਵੀ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਮਾਨ ਸਰਕਾਰ “ਐਲਾਨ ਦਰ ਐਲਾਨ” ਕਰ ਰਹੀ ਹੈ, ਪਰ ਉਹਨਾਂ ਨੂੰ ਜਮੀਨ ਤੇ ਲਾਗੂ ਨਹੀਂ ਕੀਤਾ ਜਾ ਰਿਹਾ। ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਦੂਜੇ ਪਾਸੇ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਡੀ ਏ ਦਾ ਬਕਾਇਆ ਦੇਣ ਵਾਸਤੇ ਸਰਕਾਰ ਪੱਲੇ ਪੈਸੇ ਨਹੀਂ ਹਨ।

Post a Comment

0 Comments