ਐਮਰਜੈਂਸੀ 108 ਐਂਬੂਲੈਂਸ ਸੇਵਾਵਾਂ ਠੱਪ ਕਰਦਿਆਂ ਸਾਰੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜ੍ਹਤਾਲ

 ਐਮਰਜੈਂਸੀ 108 ਐਂਬੂਲੈਂਸ ਸੇਵਾਵਾਂ ਠੱਪ ਕਰਦਿਆਂ  ਸਾਰੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜ੍ਹਤਾਲ 

ਸੂਬਾ ਸਰਕਾਰ 108 ਐਂਬੂਲੈਂਸਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਹਰਿਆਣਾ ਦੀ ਤਰਜ 'ਤੇ 35 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਵੇ।

 


ਬਰਨਾਲਾ,5 ,ਦਸੰਬਰ/ਕਰਨਪ੍ਰੀਤ ਕਰਨ               ਪੰਜਾਬ 'ਚ 108 ਐਂਬੂਲੈਂਸ ਸੇਵਾਵਾਂ ਨੂੰ ਠੱਪ ਕਰਦੇ ਹੋਏ ਇਹਨਾਂ ਸੇਵਾਵਾਂ ਦੇ ਸਾਰੇ ਮੁਲਾਜ਼ਮਾਂ ਨੇ ਕਲਮ ਛੋੜ ਹੜ੍ਹਤਾਲ ਕਰ ਦਿੱਤੀ ਹੈ। ਹੁਣ ਜੇਕਰ ਤੁਹਾਨੂੰ ਐਮਰਜੈਂਸੀ 108 ਐਂਬੂਲੈਂਸ ਸੇਵਾ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਆਪਣੇ ਪੱਧਰ 'ਤੇ ਆਪਣਾ ਸਾਧਨ ਕਰਕੇ ਆਪਣੇ ਮਰੀਜ਼ ਨੂੰ ਲਿਜਾ ਸਕਦੇ ਹੋ ਕਿਉਂਕਿ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਸਰਕਾਰ ਦੀ ਆਪਣੀਆਂ ਮੰਗਾਂ ਪ੍ਰਤੀ ਬੇਰੁਖੀ ਕਾਰਨ ਹੜਤਾਲ ਕਰ ਦਿੱਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ 108 ਐਂਬੂਲੈਂਸ ਸਟਾਫ਼ ਦੇ ਜ਼ਿਲ੍ਹਾ ਪ੍ਰਧਾਨ ਬਲਦੀਪ ਬਰਨਾਲਾ,ਜਨਰਲ ਸਕੱਤਰ ਜਸ਼ਨਦੀਪ ਧੂਰਕੋਟ ਅਤੇ ਖਜ਼ਾਨਚੀ ਜਸਵੰਤ ਪੱਖੋਂ ਨੇ ਦੱਸਿਆ ਕਿ ਉਹ 108 ਐਂਬੂਲੈਂਸ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਪਰ 108 ਐਂਬੂਲੈਂਸ ਚਲਾ ਰਹੀ ਕੰਪਨੀ ਸਰਕਾਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਾਅਦਾ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਉਨ੍ਹਾਂ ਦੀ ਤਨਖਾਹ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ 108 ਐਂਬੂਲੈਂਸਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਹਰਿਆਣਾ ਦੀ ਤਰਜ 'ਤੇ 35 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਵੇ। ਉਨ੍ਹਾਂ ਕਿਹਾ ਕਿ ਫਾਰਮੇਸੀ/ਨਰਸਿੰਗ ਕੀਤੀ ਹੋਣ ਦੇ ਬਾਵਜੂਦ ਕੰਪਨੀ ਵੱਲੋਂ ਸਿਰਫ 9500 ਰੁਪਏ ਮਹੀਨਾ ਤਨਖਾਹ ਮਿਲ ਰਹੀ ਹੈ ਜਦਕਿ ਕੰਪਨੀ ਸਰਕਾਰ ਤੋਂ ਜ਼ਿਆਦਾ ਪੈਸੇ ਲੈ ਰਹੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਸਾਰੇ ਮੁਲਾਜ਼ਮਾਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ ਅਤੇ ਡਿਊਟੀ ਦਾ ਸਮਾਂ 12 ਘੰਟੇ ਦੀ ਬਜਾਏ 8 ਘੰਟੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਲ 2011 ਤੋਂ ਇਕ ਨਿੱਜੀ ਕੰਪਨੀ ਜੈਡਐਚ ਪੰਜਾਬ ਰਾਜ ਵਿਚ 108 ਐਂਬੂਲੈਂਸ ਸੇਵਾ ਨੂੰ ਇਕਰਾਰਨਾਮੇ ਤਹਿਤ ਸੰਭਾਲ ਰਹੀ ਹੈ ਅਤੇ ਸਾਰੀਆਂ ਭਰਤੀਆਂ ਦਾ ਇਸ਼ਤਿਆਰ ਕੱਢਣ ਤੋਂ ਬਾਅਦ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਨੌਕਰੀ ਵਿਚ ਭਰਤੀ ਕੀਤਾ ਗਿਆ ਸੀ ਪਰ ਪਿਛਲੇ ਇਕ ਦਹਾਕੇ ਤੋਂ ਕਿਸੇ ਵੀ ਕਰਮਚਾਰੀ ਨੂੰ ਨਾ ਤਾਂ ਕਦੇ ਤਨਖਾਹ ਵਿਚ ਵਾਧਾ ਕੀਤਾ ਅਤੇ ਨਾ ਹੀ ਬੋਨਸ ਮਿਲਿਆ ਹੈ ਤੇ ਨਾ ਹੀ ਸਹੀ ਮਿਆਰ ਦੇ ਅਨੁਸਾਰ ਤਨਖਾਹ ਦਾ ਭੁਗਤਾਨ ਕੀਤਾ ਗਿਆ ਹੈ। ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ 108 ਐਂਬੂਲੈਂਸ ਮੁਲਾਜ਼ਮ ਤਿਖਾ ਸੰਘਰਸ਼ ਵਿੱਢਣਗੇ।ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ 108 ਐਂਬੂਲੈਂਸ ਨਾਲ ਸਬੰਧਤ ਸਟਾਫ਼ ਵੱਲੋਂ ਜ਼ਿਲ੍ਹਾ ਕਮੇਟੀ ਦਾ ਪੁਨਰਗਠਨ ਵੀ ਕੀਤਾ ਗਿਆ।

Post a Comment

0 Comments