ਸ਼੍ਰੋਮਣੀ ਅਕਾਲੀ ਦਲ ਨੂੰ 2024 ਲੋਕ ਸਭਾ ਚੋਣਾਂ 'ਚ ਵੱਡਾ ਫ਼ਤਵਾ ਮਿਲੇਗਾ: ਬ੍ਰਹਮਪੁਰਾ

 ਸ਼੍ਰੋਮਣੀ ਅਕਾਲੀ ਦਲ ਨੂੰ 2024 ਲੋਕ ਸਭਾ ਚੋਣਾਂ 'ਚ ਵੱਡਾ ਫ਼ਤਵਾ ਮਿਲੇਗਾ: ਬ੍ਰਹਮਪੁਰਾ 

'ਆਪ' ਨੇ 3 ਸੂਬਿਆਂ 'ਚ ਨੋਟਾ ਨਾਲੋਂ ਘੱਟ ਵੋਟਾਂ ਹਾਸਲ ਕੀਤੀਆਂ: ਬ੍ਰਹਮਪੁਰਾ

'ਆਪ' ਨੇ ਚੋਣ ਵਾਅਦੇ ਪੂਰੇ ਨਾ ਕਰਕੇ ਪੰਜਾਬ ਦੀਆਂ ਮਹਿਲਾਵਾਂ ਦਾ ਮਜ਼ਾਕ ਉਡਾਇਆ


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼     
              ਤਰਨ ਤਾਰਨ, 06 ਦਸੰਬਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ 'ਆਪ' ਸਰਕਾਰ ਦੀ ਕਾਰਗੁਜ਼ਾਰੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ੍ਰ. ਬ੍ਰਹਮਪੁਰਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ 2024 ਦੀਆਂ ਸੰਸਦੀ ਚੋਣਾਂ ਵਿੱਚ 'ਆਪ' ਦਾ ਮੁਕੰਮਲ ਸਫ਼ਾਇਆ ਹੋਣ ਦੀ ਭਵਿੱਖਬਾਣੀ ਕੀਤੀ ਹੈ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ, ਸ੍ਰ. ਬ੍ਰਹਮਪੁਰਾ ਨੇ ਹਾਲ ਹੀ ਵਿੱਚ ਹੋਈਆਂ ਹੋਰਨਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹੋਏ ਮਹੱਤਵਪੂਰਨ ਨੁਕਸਾਨ ਦਾ ਜ਼ਿਕਰ ਕੀਤਾ ਜਿੱਥੇ ਉਨ੍ਹਾਂ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ 205 ਸੀਟਾਂ 'ਤੇ ਚੋਣ ਲੜੀ ਸੀ। 'ਆਪ' ਪਾਰਟੀ ਨੂੰ ਨੋਟਾ ਵਿਕਲਪ ਨਾਲੋਂ ਵੀ ਘੱਟ ਵੋਟਾਂ ਮਿਲੀਆਂ ਜੋ ਉਨ੍ਹਾਂ ਦੇ ਬੇਇਮਾਨ ਇਰਾਦਿਆਂ ਨੂੰ ਪ੍ਰਗਟ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਸਿਰਫ਼ ਪੰਜਾਬ ਸੂਬੇ ਨੂੰ ਲੁੱਟਣ ਲਈ ਆਈ ਹੈ।

ਸ੍ਰ. ਬ੍ਰਹਮਪੁਰਾ ਨੇ ਆਮ ਆਦਮੀ ਪਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਚਾਲਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਫਲ ਸ਼ਾਸਨ ਨੂੰ ਯਾਦ ਕਰ ਰਹੇ ਹਨ ਅਤੇ ਆਉਣ ਵਾਲੀਆਂ 2024 ਲੋਕ ਸਭਾ ਚੋਣਾਂ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਨ ਦਾ ਦ੍ਰਿੜ ਇਰਾਦਾ ਬਣਾਈ ਬੈਠੇ ਹਨ।

'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਬ੍ਰਹਮਪੁਰਾ ਨੇ ਹਾਲ ਹੀ 'ਚ ਤਿੰਨ ਸੂਬਿਆਂ 'ਚ ਹੋਈਆਂ ਚੋਣਾਂ ਦੌਰਾਨ ਪੰਜਾਬ ਦੇ ਖਜ਼ਾਨੇ 'ਚੋਂ ਬੇਲੋੜੇ ਖ਼ਰਚੇ ਨੂੰ ਬੇਹੱਦ ਸ਼ਰਮਨਾਕ ਅਤੇ ਲੁੱਟ ਕਰਾਰ ਦਿੰਦੇ ਹੋਏ ਇਸ ਦੀ ਆਲੋਚਨਾ ਕੀਤੀ।

ਉਨ੍ਹਾਂ ਨੇ 'ਆਪ' ਸਰਕਾਰ ਦੇ ਸੱਤਾ 'ਚ ਆਉਣ ਦੇ 1 ਸਾਲ ਅਤੇ 9 ਮਹੀਨਿਆਂ ਦੇ ਅੰਦਰ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਭੱਤਾ ਦੇਣ ਦੇ ਅਧੂਰੇ ਵਾਅਦੇ 'ਤੇ ਵੀ ਚਿੰਤਾ ਪ੍ਰਗਟਾਈ।

ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਬ੍ਰਹਮਪੁਰਾ ਨੇ ਸਵਾਲ ਕੀਤਾ ਕਿ ਕਿਉਂ ਭਗਵੰਤ ਮਾਨ ਪੰਜਾਬ ਦੀਆਂ ਮਹਿਲਾਵਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦੂਜੇ ਰਾਜਾਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਕਰਨ ਲਈ ਕਰੋੜਾਂ ਰੁਪਏ ਬਰਬਾਦ ਕੀਤੇ ਜਦਕਿ ਸੂਬੇ ਦੀ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਸ੍ਰ. ਬ੍ਰਹਮਪੁਰਾ ਨੇ ਇਹ ਕਹਿੰਦਿਆਂ ਸਿੱਟਾ ਕੱਢਿਆ ਕਿ ਮੌਜੂਦਾ ਸਰਕਾਰ ਵਿੱਚ ਗੈਰ-ਸੰਜੀਦਾ ਲੋਕ ਸ਼ਾਮਲ ਹਨ ਜਿੰਨ੍ਹਾਂ ਨੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨਾਲ ਧੋਖਾ ਕੀਤਾ ਹੈ।


Post a Comment

0 Comments