ਜ਼ਿਲ੍ਹੇ ਅੰਦਰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ 377 ਟੀਮਾਂ, 15 ਮੋਬਾਇਲ ਟੀਮਾਂ ਅਤੇ 14 ਟਰਾਂਜ਼ਿਟ ਟੀਮਾਂ ਦਾ ਗਠਨ-ਡਿਪਟੀ ਕਮਿਸ਼ਨਰ

 ਜ਼ਿਲ੍ਹੇ ਅੰਦਰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ 377 ਟੀਮਾਂ, 15 ਮੋਬਾਇਲ ਟੀਮਾਂ ਅਤੇ 14 ਟਰਾਂਜ਼ਿਟ ਟੀਮਾਂ ਦਾ ਗਠਨ-ਡਿਪਟੀ ਕਮਿਸ਼ਨਰ

*10 ਤੋਂ 12 ਦਸੰਬਰ ਤੱਕ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ


ਮਾਨਸਾ 05 ਦਸੰਬਰ: ਗੁਰਜੰਟ ਸਿੰਘ ਬਾਜੇਵਾਲੀਆ 

ਪਲਸ ਪੋਲੀਓ ਸਬੰਧੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2011 ਤੋਂ ਬਾਅਦ ਭਾਰਤ ਵਿੱਚ ਭਾਵੇਂ ਕੋਈ ਪੋਲੀਓ ਦਾ ਕੇਸ ਨਹੀਂ ਮਿਲਿਆ ਪ੍ਰੰਤੂ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੀ ਬਿਮਾਰੀ ਹੋਣ ਕਾਰਨ ਅਸੀਂ ਆਪਣੇ ਬੱਚਿਆਂ ਦੀ ਬਿਮਾਰੀ ਪ੍ਰਤੀ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾ ਰਹੇ ਹਾਂ।

ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ 10 ਦਸੰਬਰ ਤੋਂ 12 ਦਸੰਬਰ ਤੱਕ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਅੰਦਾਜ਼ਨ 67151 ਬੱਚਿਆਂ ਨੂੰ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਸਾਰੇ ਪਿੰਡਾਂ, ਕਸਬਿਆਂ, ਝੁੱਗੀ ਝੋਪੜੀਆਂ, ਸ਼ੈਲਰ, ਭੱਠੇ, ਫੈਕਟਰੀਆਂ ਅਤੇ ਮਾਇਗਰੇਟ ਆਬਾਦੀ ’ਚ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 377 ਟੀਮਾਂ, 15 ਮੋਬਾਇਲ ਟੀਮਾਂ ਅਤੇ 14 ਟਰਾਂਜ਼ਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 73 ਸੁਪਰਵਾਈਜ਼ਰ ਲਗਾਏ ਗਏ ਹਨ। ਇਸ ਦੌਰਾਨ 149 ਸ਼ੈਲਰ ਅਤੇ 102 ਭੱਠੇ ਵੀ ਕਵਰ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਪੋਲੀਓ ਬੂੰਦਾਂ ਪਿਲਾਉਣ ਲਈ ਮੁਹਿੰਮ ਤਿੰਨ ਦਿਨ ਚੱਲੇਗੀ। ਪਹਿਲੇ ਦਿਨ ਬੂਥਾਂ ’ਤੇ ਬੈਠ ਕੇ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ ਅਤੇ ਬਾਕੀ ਦੋ ਦਿਨ ਘਰ ਘਰ ਜਾ ਕੇ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਆਸ਼ਾ ਵਰਕਰ ਰਹਿੰਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 10 ਤਰੀਕ ਨੂੰ ਬੂਥਾਂ ’ਤੇ ਪਹੁੰਚ ਕੇ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣ ਤਾਂ ਜੋ ਇਸ ਨਾਮੁਰਾਦ ਬੀਮਾਰੀ ਤੋਂ ਹਮੇਸ਼ਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਛੁਟਕਾਰਾ ਮਿਲ ਸਕੇ।

ਇਸ ਮੌਕੇ ਐਸ.ਪੀ. ਸ੍ਰੀ ਜਸਕੀਰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਰੂਬੀ ਬਾਂਸਲ, ਡਾ. ਨਵੇਦਿਤਾ ਡਬਲਿਊ.ਐਚ.ਓ., ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਚੇਤਨ ਪ੍ਰਕਾਸ਼, ਡਾ. ਬਲਜੀਤ ਕੌਰ, ਡਾਕਟਰ ਵੇਦ ਪਰਕਾਸ਼ ਸੰਧੂ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਅਤੇ ਪਵਨ ਕੁਮਾਰ, ਸਮੂਹ ਬਲਾਕ ਐਜੁਕੇਟਰ ਅਤੇ ਐੱਲ.ਐਚ.ਵੀ.ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Post a Comment

0 Comments