ਪੁਲਿਸ ਦੀਆਂ ਰੋਕਾਂ ਤੋੜ ਕੇ ਡੀ ਸੀ ਦਫਤਰ ਅੱਗੇ ਸਾੜੀ ਭਗਵੰਤ ਮਾਨ ਦੀ ਅਰਥੀ

 ਪੁਲਿਸ ਦੀਆਂ ਰੋਕਾਂ ਤੋੜ ਕੇ ਡੀ ਸੀ ਦਫਤਰ ਅੱਗੇ ਸਾੜੀ ਭਗਵੰਤ ਮਾਨ ਦੀ ਅਰਥੀ

 ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਖਿਲਾਫ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ


ਗੁਰਜੰਟ ਸਿੰਘ ਬਾਜੇਵਾਲੀਆ                             ਮਾਨਸਾ :- ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਬਾਲਭਵਨ ਮਾਨਸਾ ਵਿਖੇ ਚੱਲ ਰਹੇ ਧਰਨੇ ਵਿੱਚ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ।             ‌‌                   ਪਿਛਲੇ ਦਿਨੀਂ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਤੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਸ਼ਰੇਆਮ ਨਸ਼ਾ ਵੇਚ ਰਹੇ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ, ਪਰਵਿੰਦਰ ਸਿੰਘ ਝੋਟਾ ਤੇ ਦਰਜ਼ ਪਰਚਾ ਰੱਦ ਕਰਨ ਦੇ ਹੋਏ ਸਮਝੌਤੇ ਤੋਂ ਪੰਜਾਬ ਸਰਕਾਰ ਵੱਲੋਂ ਵੱਟੀ ਘੇਸਲ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਖਿਲਾਫ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਪੁਲਿਸ ਪ੍ਰਸ਼ਾਸਨ ਵਲੋਂ ਲਾਈਆਂ ਰੋਕਾਂ ਪਾਰ ਕਰਕੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਸਾਹਮਣੇ ਅਰਥੀ ਫੂਕ ਮੁਜ਼ਾਹਰਾ ਕਰਦੇ ਨਾਅਰੇਬਾਜ਼ੀ ਕੀਤੀ।       ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਨਸ਼ਾ ਰੋਕੂ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਤੇ ਐਂਟੀ ਡਰੱਗ ਟਾਸਕ ਫੋਰਸ ਮਾਨਸਾ ਦੇ ਆਗੂ ਪਰਵਿੰਦਰ ਸਿੰਘ ਝੋਟਾ ਤੇ ਗਗਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮੀਟਿੰਗ ਚ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੇ ਹਨ, ਉਨ੍ਹਾਂ ਕਿਹਾ ਕਿ ਡੀ ਐਸ ਪੀ ਸੰਜੀਵ ਗੋਇਲ ਸਮੇਤ ਨਸ਼ਾ ਤਸਕਰਾਂ ਦਾ ਪੱਖ ਪੂਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਅਤੇ ਮਾਨਸਾ ਮੈਡੀਕੋਜ਼ ਵੱਲੋਂ ਨਸ਼ੀਲੀਆਂ ਗੋਲੀਆਂ ਵੇਚ ਕੇ ਬਣਾਈ ਪ੍ਰੋਪਰਟੀ ਦੀ ਜਾਂਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹੀਂ ਕਰਵਾਈ ਜਾ ਰਹੀ । ਜਿਹੜੇ ਵੀ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਨੂੰ ਐਂਟੀ ਡਰੱਗ ਟਾਸਕ ਫੋਰਸ ਵਲੋਂ ਫੜਾਇਆ ਜਾਂਦਾ ਹੈ ਉਸਨੂੰ ਘੰਟੇ ਬਾਅਦ ਹੀ ਪੁਲਿਸ ਠਾਣੇ ਵਿਚੋ ਛੱਡ ਦਿੱਤਾ ਜਾਂਦਾ ਹੈ ।ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਗਿਰਫ਼ਤਾਰ ਕਰਾਏ ਗਏ ਨਸ਼ਾ ਤਸਕਰਾਂ ਵੱਲੋਂ ਜ਼ਮਾਨਤਾਂ ਤੇ ਰਿਹਾਅ ਹੋਣ ਉਪਰੰਤ ਨਸ਼ੇ ਦਾ ਕਾਰੋਬਾਰ ਫੇਰ ਸ਼ੁਰੂ ਕਰ ਦਿੱਤਾ ਹੈ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।ਇਸ ਮੌਕੇ ਆਗੂਆਂ ਨੇ ਸੰਘਰਸ਼ ਨੂੰ ਮੁੜ ਤੇਜ਼ ਕਰਨ ਦਾ ਸੱਦਾ ਦਿੰਦਿਆਂ ਨਸ਼ਾ ਵਿਰੋਧੀ ਮੋਰਚੇ ਚ ਲਗਾਤਾਰ ਸ਼ਮੂਲੀਅਤ ਕਰਨ ਲਈ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਨੱਥ ਪਾਏ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਘੰਰਸ਼ ਨੂੰ ਹੋਰ ਤੇਜ਼ ਕਰਨ ਲਈ 18 ਦਸੰਬਰ ਨੂੰ 12 ਵਜੇ  ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਇਸ ਸਘੰਰਸ਼ ਨੂੰ ਪਿੰਡਾਂ ਤੱਕ ਲਿਜਾਣ ਲਈ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿਚ ਨੱਛਤਰ ਸਿੰਘ ਖੀਵਾ , ਬਲਜਿੰਦਰ ਚਹਿਲਾਵਾਲੀ, ਸੁਰਿੰਦਰ ਸ਼ਰਮਾਂ,ਮਾਸਟਰ ਛੱਜੂ ਰਾਮ , ਗੁਰਸੇਵਕ ਸਿੰਘ ਜਵਾਹਰਕੇ , ਗੁਰਜੰਟ ਸਿੰਘ ਮਾਨਸਾ, ਦੀਦਾਰ ਸਿੰਘ ਖਾਰਾ, ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ, ਜਗਦੇਵ ਸਿੰਘ ਭੈਣੀਬਾਘਾ, ਕੁਲਵਿੰਦਰ ਕਾਲੀ , ਅਮਨ ਪਟਵਾਰੀ, ਕੁਲਵਿੰਦਰ ਸੁੱਖੀ , ਸ਼ੀਰਾ ਜੋਗਾ , ਤਰਸੇਮ ਜੋਧਾ, ਮੀਹਾਂ ਸਿੰਘ, ਗਗਨ, ਖੜਕਸਿੰਘਵਾਲਾ, ਸੁਖਜੀਤ ਰਾਮਾਨੰਦੀ , ਚਤਿੰਨ ਸਿੰਘ, ਤਰਸੇਮ ਕੱਲੋ, ਸੂਬੇਦਾਰ ਦਰਸ਼ਨ ਸਿੰਘ, ਧੰਨਾ ਮੱਲ ਗੋਇਲ , ਭੋਲਾ ਰਾਮ, ਫੌਜੀ ਭੀਮ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਅੰਦੋਲਨ ਨੂੰ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ।

Post a Comment

0 Comments