ਪੰਜਾਬ ਦੀ ਜ਼ਮੀਨ ਹੇਠਲੇ ਪਾਣੀ 'ਚ ਵਧੀ ਆਰਸੈਨਿਕ ਦੀ ਮਾਤਰਾ, ਚਮੜੀ-ਫੇਫੜੇ-ਅਮਾਸ਼ਯ ਤੇ ਗੁਰਦਿਆਂ ਦੇ ਕੈਂਸਰ ਦਾ ਖ਼ਤਰਾ

 ਪੰਜਾਬ ਦੀ ਜ਼ਮੀਨ ਹੇਠਲੇ ਪਾਣੀ 'ਚ ਵਧੀ ਆਰਸੈਨਿਕ ਦੀ ਮਾਤਰਾ, ਚਮੜੀ-ਫੇਫੜੇ-ਅਮਾਸ਼ਯ ਤੇ ਗੁਰਦਿਆਂ ਦੇ ਕੈਂਸਰ ਦਾ ਖ਼ਤਰਾ 


 ਚੰਡੀਗੜ੍ਹ : ਪੰਜਾਬ ਇੰਡੀਆ ਨਿਊਜ਼ ਬਿਊਰੋ      ‌             ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦੋ ਤੋਂ ਤਿੰਨ ਦਹਾਕਿਆਂ ਤੋਂ ਹੇਠਾਂ ਜਾ ਰਿਹਾ ਹੈ। ਇਸ 'ਤੇ ਪਹਿਲਾਂ ਵੀ ਕਈ ਰਿਪੋਰਟਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਹ ਤੱਥ ਪੰਜਾਬ ਲਈ ਨਵੇਂ ਨਹੀਂ ਹਨ ਪਰ ਪੰਜਾਬ ਦੀ ਚਿੰਤਾ ਇਸ ਲਈ ਵੀ ਵਧ ਰਹੀ ਹੈ ਕਿ ਪੰਜਾਬ ਦੇ ਪੰਜ ਅਜਿਹੇ ਬਲਾਕਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਆਰਸੈਨਿਕ ਦੀ ਮਾਤਰਾ ਵੱਧ ਪਾਈ ਜਾ ਰਹੀ ਹੈ।

ਆਰਸੈਨਿਕ ਦਾ ਖਤਰਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਪੰਜਾਬ ਵਿਚ ਪਹਿਲਾਂ ਹੀ ਮਾਲਵਾ ਖੇਤਰ ਵਿਚ ਕੈਂਸਰ ਦਾ ਕਹਿਰ ਵਧ ਰਿਹਾ ਹੈ ਤੇ ਆਰਸੈਨਿਕ ਨਾਲ ਦੂਸ਼ਿਤ ਪਾਣੀ ਪੀਣ ਕਾਰਨ ਚਮੜੀ ਦਾ ਕੈਂਸਰ ਤੇ ਹੋਰ ਅੰਦਰੂਨੀ ਅੰਗਾਂ ਤੇ ਫੇਫੜੇ, ਅਮਾਸ਼ਯ ਤੇ ਗੁਰਦਿਆਂ ਦਾ ਕੈਂਸਰ ਹੋ ਸਕਦਾ ਹੈ।

ਪੰਜ ਬਲਾਕਾਂ ਦੇ ਪਾਣੀ 'ਚ ਆਰਸੈਨਿਕ ਦੀ ਮੌਜੂਦਗੀ : ਰਿਪੋਰਟ

ਕੇਂਦਰੀ ਭੂਜਲ ਬੋਰਡ ਨੇ ਸਾਲ 2022-23 ਦੀ ਜਿਹੜੀ ਰਿਪੋਰਟ ਜਾਰੀ ਕੀਤੀ ਹੈ, ਉਸ ਵਿਚ ਦੇਸ਼ ਭਰ ਵਿਚ ਹੇਠਾਂ ਜਾ ਰਹੇ ਪਾਣੀ ਦੇ ਪੱਧਰ ’ਤੇ ਚਿੰਤਾ ਜਤਾਈ ਗਈ ਹੈ, ਨਾਲ ਹੀ ਵੱਖ-ਵੱਖ ਥਾਵਾਂ ਦੀ ਸੈਂਪਲਿੰਗ ਕਰ ਕੇ ਇਹ ਵੀ ਪਤਾ ਲਾਇਆ ਹੈ ਕਿ ਕਿੰਨੇ ਬਲਾਕਾਂ ਵਿਚ ਭੂਜਲ ਪੀਣ ਲਾਇਕ ਵੀ ਨਹੀਂ ਰਹਿ ਗਿਆ ਹੈ ਜਾਂ ਇਹ ਦੂਸ਼ਿਤ ਪਾਣੀ ਪੀਣ ਨਾਲ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਪੰਜਾਬ ਦੇ ਜਿਨ੍ਹਾਂ ਪੰਜ ਬਲਾਕਾਂ ਦੇ ਪਾਣੀ ਵਿਚ ਆਰਸੈਨਿਕ ਦੀ ਮੌਜੂਦਗੀ ਪਾਈ ਗਈ ਹੈ, ਉਨ੍ਹਾਂ ਵਿਚ ਅੰਮ੍ਰਿਤਸਰ ਦੇ ਅਜਨਾਲਾ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ ਦਾ ਮੁਕੇਰੀਆਂ, ਰੋਪੜ ਦਾ ਬਲਾਕ ਰੋਪੜ ਤੇ ਤਰਨਤਾਰਨ ਜ਼ਿਲ੍ਹੇ ਦਾ ਬਲਾਕ ਭਿੱਖੀਵਿੰਡ ਸ਼ਾਮਿਲ ਹਨ।

ਪੰਜ ਬਲਾਕਾਂ ਦੇ ਪਾਣੀ 'ਚ ਫਲੋਰਾਈਡ ਦੀ ਮਾਤਰਾ ਵੱਧ

ਇਸ ਤੋਂ ਇਲਾਵਾ ਪੰਜ ਬਲਾਕ ਅਜਿਹੇ ਵੀ ਹਨ ਜਿਥੇ ਫਲੋਰਾਈਡ ਦੀ ਮਾਤਰਾ ਵੱਧ ਹੈ। ਪਾਣੀ ਵਿਚ ਫਲੋਰਾਈਡ ਦੀ ਵੱਧ ਮਾਤਰਾ ਫਲੋਰੋਸਿਸ ਨੂੰ ਜਨਮ ਦਿੰਦੀ ਹੈ। ਇਸ ਦਾ ਅਸਰ ਦੰਦਾਂ ਤੇ ਹੱਡੀਆਂ ’ਤੇ ਪੈਂਦਾ ਹੈ। ਅੱਠ ਸਾਲ ਦੀ ਉਮਰ ਦੇ ਬਾਅਦ ਬੱਚਿਆਂ ਦੇ ਦੰਦਾਂ ’ਤੇ ਇਸ ਦਾ ਪ੍ਰਭਾਵ ਸਾਫ ਦਿਖਾਈ ਦੇਣ ਲੱਗਦਾ ਹੈ। ਦੰਦ ਪੀਲੇ ਹੋਣ ਲੱਗਦੇ ਹਨ। ਪੰਜਾਬ ਦੇ ਜਿਨ੍ਹਾਂ ਬਲਾਕਾਂ ਦੇ ਭੂਜਲ ਵਿਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੈ, ਉਨ੍ਹਾਂ ਵਿਚ ਬਠਿੰਡਾ ਦਾ ਨਥਾਣਾ, ਮਾਨਸਾ ਦਾ ਭੀਖੀ, ਮੋਗਾ ਦਾ ਮੋਗਾ-2, ਸੰਗਰੂਰ ਦਾ ਲਹਿਰਾਗਾਗਾ, ਤਰਨਤਾਰਨ ਦਾ ਪੱਟੀ ਸ਼ਾਮਿਲ ਹਨ।

ਚਾਰ ਬਲਾਕਾਂ 'ਚ ਲਵਣ ਵੱਧ, ਪੀਣਯੋਗ ਨਹੀਂ ਪਾਣੀ

ਇਹੀ ਨਹੀਂ, ਰਿਪੋਰਟ ਵਿਚ ਉਨ੍ਹਾਂ ਚਾਰ ਬਲਾਕਾਂ ਬਾਰੇ ਵੀ ਦੱਸਿਆ ਗਿਆ ਹੈ ਜਿਥੇ ਪਾਣੀ ਵਿਚ ਲਵਣ ਵੱਧ ਹਨ। ਇਹ ਵੀ ਪਾਣੀ ਪੀਣਯੋਗ ਨਹੀਂ ਹੈ ਜਾਂ ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਸ ਪਾਣੀ ਨੂੰ ਪੀਣ ਕਾਰਨ ਲੀਵਰ ਖਰਾਬ ਹੋਣ ਦੀ ਸਮੱਸਿਆ ਆ ਸਕਦੀ ਹੈ। ਇਨ੍ਹਾਂ ਬਲਾਕਾਂ ਵਿਚ ਸੰਗਤ ਮੰਡੀ, ਬਠਿੰਡਾ, ਤਲਵੰਡੀ ਸਾਬੋ, ਫਰੀਦਕੋਟ, ਫਾਜ਼ਿਲਕਾ, ਖੁਈਆਂ ਸਰਵਰ, ਅਬੋਹਰ, ਜਲਾਲਾਬਾਦ, ਮਾਨਸਾ, ਝੁਨੀਰ, ਲੰਬੀ, ਬੁੱਢਲਾਡਾ, ਮੁਕਤਸਰ ਤੇ ਮਲੋਟ ਸ਼ਾਮਿਲ ਹਨ।

117 ਬਲਾਕ ਡਾਰਕ ਜ਼ੋਨ 'ਚ

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ 143 ਬਲਾਕਾਂ ਵਿਚੋਂ 117 ਬਲਾਕ ਡਾਰਕ ਜ਼ੋਨ ਵਿਚ ਆ ਗਏ ਹਨ ਜਿਥੇ ਜਿੰਨਾ ਪਾਣੀ ਹਰ ਸਾਲ ਰੀਚਾਰਜ ਹੁੰਦਾ ਹੈ, ਉਸ ਦਾ ਸੌ ਫੀਸਦੀ ਜ਼ਮੀਨ ਹੇਠਾਂ ਕੱਢ ਲਿਆ ਜਾਂਦਾ ਹੈ। ਇਸ ਕਾਰਨ ਹਰੇਕ ਸਾਲ ਇਨ੍ਹਾਂ ਬਲਾਕਾਂ ਵਿਚ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਹਾਲਾਂਕਿ ਰਿਪੋਰਟ ਵਿਚ 10 ਉਨ੍ਹਾਂ ਬਲਾਕਾਂ ਦਾ ਜ਼ਿਕਰ ਤਾਂ ਕੀਤਾ ਗਿਆ ਹੈ ਜਿਥੇ ਪਾਣੀ ਨੂੰ ਰਿਚਾਰਜ ਕਰਨ ਦੀ ਯੋਜਨਾ ਚਲਾਈ ਗਈ ਹੈ ਤੇ ਪਾਣੀ ਕੁਝ ਹੱਦ ਤੱਕ ਉੱਪਰ ਆਇਆ ਹੈ ਪਰ ਇਨ੍ਹਾਂ ਦੇ ਨਾਵਾਂ ਦਾ ਰਿਪੋਰਟ ਵਿਚ ਜ਼ਿਕਰ ਨਹੀਂ ਹੈ। ਇਸ ਤੋਂ ਇਲਾਵਾ ਛੇ ਅਜਿਹੇ ਬਲਾਕ ਵੀ ਹਨ ਜਿਥੇ ਪਾਣੀ ਪਿਛਲੇ ਸਾਲ ਦੀ ਤੁਲਨਾ ਵਿਚ ਹੋਰ ਹੇਠਾਂ ਗਿਆ ਹੈ।

ਭੂਜਲ ਹੇਠਾਂ ਜਾਣ ਦੀ ਵਜ੍ਹਾ ਸਿੰਚਾਈ ਲਈ ਪਾਣੀ ਦੀ ਵਰਤੋਂ

ਰਿਪੋਰਟ ਵਿਚ ਭੂਜਲ ਹੇਠਾਂ ਜਾਣ ਦਾ ਕਾਰਨ ਸਿੰਚਾਈ ਲਈ ਪਾਣੀ ਦੀ ਵਰਤੋਂ ਜ਼ਿਆਦਾ ਕਰਨੀ ਦੱਸਿਆ ਗਿਆ ਹੈ ਹਾਲਾਂਕਿ ਇਸ ਲਈ ਇੰਡਸਟਰੀ ਤੇ ਘਰੇਲੂ ਸੈਕਟਰ ਵੀ ਜ਼ਿੰਮੇਵਾਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਥੇ ਦੇਸ਼ ਭਰ ਵਿਚ ਭੂਜਲ ਕੱਢਣ ਦੀ ਔਸਤ 59.6 ਹੈ, ਉਥੇ ਪੰਜਾਬ ਸਮੇਤ ਕਈ ਸੂਬੇ ਸੌ ਫੀਸਦੀ ਤੋਂ ਵੀ ਵੱਧ ਪਾਣੀ ਜ਼ਮੀਨ ਹੇਠੋਂ ਕੱਢ ਰਹੇ ਹਨ। ਪੰਜਾਬ ਵਿਚ 90 ਫੀਸਦੀ ਭੂਜਲ ਸਿੰਚਾਈ ਲਈ ਉਪਯੋਗ ਹੋ ਰਿਹਾ ਹੈ ਜਦਕਿ ਇੰਡਸਟਰੀ ਤੇ ਘਰੇਲੂ ਸੈਕਟਰ ਲਈ ਇਹ ਦਸ ਫੀਸਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਭੂਜਲ 18.84 ਬਿਲੀਅਨ ਕਿਊਬਿਕ ਮੀਟਰ (ਬੀਸੀਐੱਮ) ਔਸਤਨ ਰਿਚਾਰਜ ਹੁੰਦਾ ਹੈ। ਅਜਿਹੇ ਵਿਚ 16.97 ਬੀਸੀਐੱਮ ਹੀ ਕੱਢਣਯੋਗ ਹੈ ਪਰ ਪੰਜਾਬ ਵਿਚ ਇਹ 27.8 ਬੀਸੀਐੱਮ ਕੱਢਿਆ ਜਾ ਰਿਹਾ ਹੈ ਜੋ 163 ਫੀਸਦੀ ਬਣਦਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁੱਲ 143 ਬਲਾਕਾਂ ਵਿਚੋਂ 114 ਦਿਹਾਤੀ ਤੇ ਤਿੰਨ ਸ਼ਹਿਰੀ ਬਲਾਕ (ਕੁੱਲ 76.47 ਫੀਸਦੀ ਖੇਤਰ) ਨੂੰ ਅਤਿ-ਸ਼ੋਸ਼ਤ ਹੈ। ਭਾਵ ਇਸ ਵਿਚੋਂ ਲੋੜ ਤੋਂ ਕਿਤੇ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਤਿੰਨ ਬਲਾਕਾਂ ਨੂੰ ਘੱਟ ਗੰਭੀਰ, 13 ਬਲਾਕਾਂ ਦਾ ਗੰਭੀਰ ਰੂਪ ’ਚ ਵਰਗੀਕਰਨ ਕੀਤਾ ਗਿਆ ਹੈ। ਸਿਰਫ 20 ਬਲਾਕ ਹੀ ਸੁੱਰਖਿਅਤ ਐਲਾਨੇ ਗਏ ਹਨ।

Post a Comment

0 Comments