ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਧਿਕਾਰੀ-ਵਿਧਾਇਕ ਬੁੱਧ ਰਾਮ

 ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਧਿਕਾਰੀ-ਵਿਧਾਇਕ ਬੁੱਧ ਰਾਮ

ਵਿਧਾਇਕ ਬੁੱਧ ਰਾਮ ਨੇ ਬੁਢਲਾਡਾ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ


ਗੁਰਜੰਟ ਸਿੰਘ ਬਾਜੇਵਾਲੀਆ ‌             
             ਮਾਨਸਾ, 12 ਦਸੰਬਰ:ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਅਤੇ ਹਰ ਇਲਾਕੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਰੱਖ ਰਹੀ ਹੈ। ਹਲਕਾ ਬੁਢਲਾਡਾ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ-ਕਮ-ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।

ਉਨ੍ਹਾਂ ਸਬ ਡਵੀਵਜ਼ ਬੁਢਲਾਡਾ ਵਿੱਚ ਇਲਾਕੇ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ, ਜਿਸ  ਵਿੱਚ ਡਰੇਨਜ਼ ਵਿਭਾਗ ਨਾਲ ਸਬੰਧਤ ਚਾਂਦਪੁਰਾ ਬੰਨ੍ਹ ਨੂੰ ਦੋ ਹਜ਼ਾਰ ਫੁੱਟ ਪੱਕਾ ਕਰਨਾ, ਚਾਂਦਪੁਰਾ ਬੰਨ੍ਹ ’ਤੇ ਬਰਸਾਤ ਦੇ ਮੌਸਮ ਵੇਲੇ ਪੋਕਲੇਨ ਮਸ਼ੀਨ ਪੱਕੇ ਤੌਰ ’ਤੇ ਰੱਖਣ ਲਈ ਖਰੀਦ ਕਰਨ, ਲਿੰਕ ਡਰੇਨ ’ਤੇ ਪਿੰਡ ਖੱਤਰੀ ਵਾਲਾ ਅਤੇ ਬਹਾਦਰਪੁਰ ਵਿਚਕਾਰ ਪੁਲ ਬਣਾਉਣ, ਪਿੰਡ ਧਰਮਪੁਰਾ ਕੋਲ ਡਰੇਨ ’ਤੇ ਪੁਲ ਬਣਾਉਣ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਮੰਢਾਲੀ ਅਤੇ ਹਸਨਪੁਰ ਕੋਲ ਸਰਹਿੰਦ ਚੋਅ ਡਰੇਨ ’ਤੇ ਨਵੀਂ ਉਸਾਰੀ ਤਹਿਤ ਪੁਲਾਂ ਨੂੰ ਉੱਚਾ ਅਤੇ ਚੌੜਾ ਕਰਨ ਦੇ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ, ਨਹਿਰੀ ਵਿਭਾਗ ਨਾਲ ਸਬੰਧਤ ਵਿਸ਼ਰਾਮ ਘਰਾਂ ਦੀ ਮੁਰੰਮਤ, ਖੇਤੀਬਾੜੀ ਲਈ ਸਿੰਚਾਈ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ, ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਨਾਲ ਸਬੰਧਤ ਪਿੰਡਾਂ ਵਿੱਚ ਵਾਟਰ ਵਰਕਸਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਲਈ ਜ਼ਮੀਨਦੋਜ਼ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਨਿਰੰਤਰ ਜਾਰੀ ਰੱਖਣ, ਸ਼ਹਿਰਾਂ ਅਤੇ ਪਿੰਡਾਂ ਵਿੱਚ ਸੀਵਰੇਜ ਸਪਲਾਈ ਦੇ ਚੱਲਦੇ ਕੰਮਾਂ ਨੂੰ ਜਲਦੀ ਮੁਕੰਮਲ ਕਰਵਾਉਣ, ਪੰਚਾਇਤ ਵਿਭਾਗ ਨਾਲ ਸਬੰਧਤ ਜਿਹੜੇ ਪਿੰਡਾਂ ਵਿੱਚ ਛੱਪੜਾਂ ਦਾ ਨਵੀਨੀਕਰਨ ਦਾ ਕੰਮ, ਨਰੇਗਾ ਨਾਲ ਸਬੰਧਿਤ ਕੰਮ, ਗਲੀਆਂ ਨਾਲੀਆਂ ਦਾ ਕੰਮ ਸਮੇਂ ਸਿਰ ਮੁਕੰਮਲ ਕਰਵਾਉਣਾ, ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਮੁਰੰਮਤ ਅਤੇ ਨਵੇਂ ਸਿਰੇ ਤੋਂ ਬਣਨ ਵਾਲੀਆਂ ਸੜ੍ਹਕਾਂ ਅਤੇ ਪੁਲਾਂ ਕੋਲ ਮਿੱਟੀ ਪਾਉਣੀ, ਬੁਢਲਾਡਾ ਦੀ ਪੁਰਾਣੀ ਕਚਹਿਰੀ ਦੀ ਇਮਾਰਤ ਨੂੰ ਨਵੀਨੀਕਰਨ ਕਰਨਾ ਅਤੇ ਇਸ ਵਿੱਚ ਵੱਖ ਵੱਖ ਵਿਭਾਗਾਂ ਦੇ ਦਫਤਰ ਬਣਾਉਣ ਦੀ ਪ੍ਰਕਿਰਿਆ ਨੂੰ ਜਲਦੀ ਕਰਵਾਉਣਾ, ਬਰੇਟਾ ਮੰਡੀ ਵਿੱਚ ਨਵੇਂ ਬਨਣ ਵਾਲੇ ਅੰਡਰ ਬਰਿਜ ਦੀ ਉਸਾਰੀ ਜਲਦੀ ਸ਼ੁਰੂ ਕਰਵਾਉਣਾ, ਪ੍ਰਦੂਸ਼ਣ ਬੋਰਡ ਨਾਲ ਸਬੰਧਤ ਕੰਮਾਂ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਲਾਸਟਿਕ ਲਿਫਾਫਿਆਂ ਅਤੇ ਹੋਰ ਤਰੀਕਿਆਂ ਨਾਲ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਬਾਰੇ ਵਿਭਾਗੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ।

ਉੁਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇੰਨ੍ਹਾਂ ਕੰਮਾਂ ਲਈ ਲੋੜੀਂਦੇ ਫੰਡ ਜਾਰੀ ਹੋ ਚੁੱਕੇ ਹਨ, ਫਿਰ ਵੀ ਜੇਕਰ ਕਿਸੇ ਵਿਭਾਗ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਡਰੇਨਜ਼ ਵਿਭਾਗ ਦੇ ਐਸ.ਈ. ਮਨੋਜ ਬਾਂਸਲ , ਐਕਸੀਅਨ ਸਰੂਪ ਸਿੰਘ, ਐਸ.ਡੀ.ਓ. ਸਤਗੁਰ ਸਿੰਘ , ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਐਕਸੀਅਨ ਅਮਨਦੀਪ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਹਮੇਸ਼ ਮਿੱਤਲ, ਨਹਿਰੀ ਵਿਭਾਗ ਦੇ ਐਸ.ਡੀ.ਓ.ਗੁਰਜੀਤ ਸਿੰਘ, ਪੰਚਾਇਤ ਵਿਭਾਗ ਦੇ ਸਰਬਜੀਤ ਸਿੰਘ ਪੰਚਾਇਤ ਅਫਸਰ, ਮੰਡੀਕਰਨ ਬੋਰਡ ਦੇ ਐਸ.ਡੀ.ਓ.ਚਮਕੌਰ ਸਿੰਘ, ਜੇ.ਈ. ਮਨਿੰਦਰ ਸਿੰਘ, ਬਲਦੇਵ ਸਿੰਘ , ਪ੍ਰਦੂਸ਼ਣ ਬੋਰਡ ਦੇ ਐਕਸੀਅਨ ਰਮਨ ਸਿੱਧੂ ,ਮਾਲ ਵਿਭਾਗ ਵੱਲੋਂ ਕਾਨੂੰਗੋ ਜਸਵੰਤ ਸਿੰਘ , ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਰਣਜੀਤ ਸਿੰਘ ਫਰੀਦ ਕੇ, ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਗੁਰਦਰਸ਼ਨ ਸਿੰਘ ਪਟਵਾਰੀ, ਬਲਵਿੰਦਰ ਸਿੰਘ ਔਲਖ ਪੀ.ਏ.ਹਾਜ਼ਰ ਸਨ।


Post a Comment

0 Comments