ਖੇਤੀ ਮਾਹਿਰਾਂ ਦੀ ਟੀਮ ਵੱਲੋ ਪ੍ਰਭਾਵਿਤ ਕਣਕ ਦੇ ਖੇਤਾਂ ਦਾ ਦੌਰਾ

 ਖੇਤੀ ਮਾਹਿਰਾਂ ਦੀ ਟੀਮ ਵੱਲੋ ਪ੍ਰਭਾਵਿਤ ਕਣਕ ਦੇ ਖੇਤਾਂ ਦਾ ਦੌਰਾ


ਬਿਊਰੋ ਪੰਜਾਬ ਇੰਡੀਆ ਨਿਊਜ਼
                      ਫਰੀਦਕੋਟ 26 ਦਸੰਬਰ ਵੱਖ ਵੱਖ ਕਿਸਾਨਾਂ ਵੱਲੋ ਜਿਲ੍ਹਾ ਫਰੀਦਕੋਟ ਅੰਦਰ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਉਪਰੰਤ ਵਿਸਥਾਰਿਤ ਰਿਪੋਰਟ ਤਿਆਰ ਕਰਨ ਲਈ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਦੀ ਅਗਵਾਈ ਵਿੱਚ ਡਾ. ਨਵਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਗੁਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦੇ ਖੇਤੀ ਸਾਇੰਸਦਾਨ ਡਾ. ਪਵਿੱਤਰਦੀਪ ਸਿੰਘ, ਡਾ. ਫਤਿਹਦੀਪ ਸਿੰਘ ਅਤੇ ਡਾ. ਕਮਲਦੀਪ ਸਿੰਘ ਦੀ ਕਮੇਟੀ ਦਾ ਗਠਨ ਕੀਤਾ ਗਿਆ। ਉਕਤ ਟੀਮ ਵੱਲੋ ਸਾਂਝੇ ਤੌਰ ਤੇ ਕਣਕ ਦੇ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ ਗਿਆ। ਕਣਕ ਦੀ ਫਸਲ ਦੇ ਨਿਰੀਖਣ ਸਮੇਂ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ, ਡਾ. ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਡਾ. ਖੁਸ਼ਵੰਤ ਸਿੰਘ ਡੀ.ਪੀ.ਡੀ ਆਤਮਾ ਵੀ ਹਾਜ਼ਰ ਸਨ। ਪਿੰਡ ਘਣੀਆਂ, ਮੱਲਾ, ਵਾੜਾ ਭਾਈਕਾ ਆਦਿ ਦੇ ਦੋਰੇ ਦੌਰਾਨ ਵੇਖਿਆ ਗਿਆ ਕਿ ਕਣਕ ਦੇ ਕੁੱਝ ਖੇਤ ਜਿੰਨ੍ਹਾਂ ਵਿੱਚ ਪਰਾਲੀ ਦੀ ਸਾਂਭ ਸੰਭਾਲ ਕੀਤੀ ਗਈ ਸੀ ਗੁਲਾਬੀ ਸੁੰਡੀ ਦੇ ਹਮਲੇ ਤੋ ਪ੍ਰਭਾਵਿਤ ਹਨ। ਟੀਮ ਵੱਲੋ ਸਾਰੇ ਕਿਸਾਨਾਂ ਦੇ ਨਾਮ, ਕਣਕ ਦੀ ਕਿਸਮ, ਬਿਜਾਈ ਦਾ ਸਮਾਂ, ਬੀਜ਼ ਦੀ ਮਾਤਰਾ, ਛਿੜਕਾਅ ਕੀਤੇ ਜ਼ਹਿਰ ਅਤੇ ਖਾਦਾਂ ਦੀ ਵਰਤੋ ਆਦਿ ਬਾਰੇ ਵਿਸਥਾਰ ਪੂਰਵਕ ਨੋਟ ਕੀਤਾ ਗਿਆ। ਜਿਸ ਅਨੁਸਾਰ ਟੀਮ ਵੱਲੋ ਵਿਸਥਾਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਕਿ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਭੇਜ਼ ਦਿੱਤੀ ਜਾਵੇਗੀ। ਇਸ ਮੌਕੇ ਟੀਮ ਵੱਲੋ ਕਣਕ ਦੀ ਫਸਲ ਵਿੱਚ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੁਝਾਅ ਦਿੱਤੇ ਗਏ। ਤਾਪਮਾਨ ਦੇ ਘਟਣ ਨਾਲ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਹੀ ਘੱਟ ਗਿਆ ਹੈ ਜਿਸ ਕਾਰਨ ਕਿਸੇ ਵੀ ਪੈਸਟੀਸਾਈਡ ਦੇ ਸਪਰੇਅ ਦੀ ਲੋੜ ਨਹੀ ਹੈ। ਜੇਕਰ ਕਿਸਾਨ ਵੀਰ ਗੁਲਾਬੀ ਸੁੰਡੀ ਬਾਰੇ ਕੋਈ ਵੀ ਹੋਰ ਜਾਣਕਾਰੀ ਲੈਣੀ ਚਾਹੁੰਦੇ ਹਨ ਤਾਂ ਜਿਲ੍ਹੇ, ਬਲਾਕ ਜਾਂ ਸਰਕਲ ਪੱਧਰ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਪਾਸੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Post a Comment

0 Comments