ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਕੀਤਾ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ।

 ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਕੀਤਾ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ।

ਸਿਵਲ ਸਰਜਨ ਜੀ ਨੂੰ ਦਿੱਤਾ ਮੰਗ ਪੱਤਰ


ਗੁਰਜੀਤ ਸ਼ੀਂਹ       
                                ਸਰਦੂਲਗੜ੍ਹ 4 ਜਨਵਰੀ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਸੰਜੀਵ ਕੁਮਾਰ ਜਿਲਾ ਪ੍ਰਧਾਨ ਸੀ.ਐਚ.ਓ ਨੇ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਹੈਲਥ ਐਂਡ ਵੈਲਨੈਸ ਸੈਂਟਰਾਂ ਉਪੱਰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸੀ ਐਚ ਓ ਵਲੋਂ ਕਰੋਨਾ ਕਾਲ ਅਤੇ ਹੜ੍ਹਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ। ਪਰੰਤੂ ਵਿਭਾਗ ਵੱਲੋਂ ਪਿੱਛਲੇ ਲੰਮੇਂ ਸਮੇਂ ਤੋਂ ਉਹਨਾਂ ਨਾਲ ਵਧੀਕੀ ਕੀਤੀ ਜਾ ਰਹੀ ਹੈ। ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਉਹਨਾਂ ਨੂੰ 5000 ਰੁਪਏ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਯੂਨੀਅਨ ਵਲੋਂ ਮਾਣਯੋਗ ਸਿਹਤ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਵਾਰ ਮੀਟਿੰਗ ਕਰਕੇ ਜਾਣੂੰ ਕਰਵਾਇਆ ਗਿਆ ਪਰੰਤੂ ਇਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਉੱਲਟ ਸਾਡੇ ਟਾਰਗੇਟ ਵਿੱਚ ਬਦਲਾਅ ਕਰਕੇ, 2-2 ਟਾਰਗੇਟ ਜੋੜ ਕੇ ਇਕ ਬਣਾ ਦਿੱਤਾ ਗਿਆ ਅਤੇ ਸਾਡੇ ਕੰਮਾਂ ਨੂੰ ਹੋਰ ਔਖ਼ਾ ਕੀਤਾ ਜਾ ਰਿਹਾ ਹੈ ਅਤੇ ਸਾਰੇ ਕੰਮ ਆਨਲਾਈਨ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਦਕਿ ਸੀ.ਐਚ.ਓ ਟੈਕਨੀਕਲ ਕਰਮਚਾਰੀ ਨਹੀਂ ਹਨ, ਆਨਲਾਈਨ ਕੰਮ ਕਰਨ ਲਈ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ  ਇੰਟਰਨੈੱਟ ਦੀ ਫੈਸਿਲਟੀ ਨਹੀਂ ਹੈ ਅਤੇ ਨਾ ਹੀ ਕੋਈ ਕੰਪਿਊਟਰ ਆਪਰੇਟਰ ਦੀ ਭਰਤੀ ਕੀਤੀ ਗਈ ਹੈ। ਅਗਰ ਸੀ ਐਚ ਓ ਵਲੋਂ ਇਹ ਸਾਰੇ ਕੰਮ ਆਪਣੇ ਆਪ ਆਨਲਾਈਨ ਕੀਤਾ ਜਾਂਦਾ ਹੈ ਤਾਂ ਲੋਕਾਂ ਨੂੰ ਮਿਲ ਰਹੀਆਂ ਜਰੂਰੀ ਸਿਹਤ ਸਹੂਲਤਾਂ ਜਿਵੇ ਓ ਪੀ ਡੀ, ਗੈਰ ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ, ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਜਾਂਚ, ਵੱਖ ਵੱਖ ਪਿੰਡਾਂ ਵਿਚ ਲਗਾਏ ਜਾਂਦੇ ਮੈਡੀਕਲ ਜਾਂਚ ਕੈਂਪ ਆਦਿ ਪ੍ਰਭਾਵਿਤ ਹੋਣਗੇ।

ਇਸ ਮੌਕੇ ਗੁਰਵੀਰ ਕੌਰ ਜਿਲਾ ਆਗੂ ਨੇ ਦੱਸਿਆ  ਕਿ ਸਟੇਟ ਯੂਨੀਅਨ ਵੱਲੋਂ ਉੱਚ ਅਧਿਕਾਰੀਆਂ ਨੂੰ  ਇਹਨਾਂ ਮਸਲਿਆਂ ਦੇ ਹੱਲ ਕਰਨ ਲਈ ਮੀਟਿੰਗ ਦੇਣ ਲਈ ਪੱਤਰ ਵੀ ਭੇਜਿਆ ਗਿਆ ਸੀ ਅਤੇ ਪਰੰਤੂ  ਉੱਚ ਅਧਿਕਾਰੀਆਂ ਵੱਲੋਂ ਉਸ ਦਾ ਵੀ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਮੌਕੇ ਜਗਸੀਰ ਸਿੰਘ ,ਦਵਿੰਦਰ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸੀ ਐਚ ਓ ਵਲੋਂ 26 ਦਸੰਬਰ ਤੋਂ ਸਾਰੇ ਆਨਲਾਈਨ ਕੰਮ ਬੰਦ ਕਰਕੇ ਆਪਣਾ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ ਅਤੇ 20 ਦਸੰਬਰ ਨੂੰ ਜ਼ਿਲ੍ਹਿਆਂ ਦੇ ਸਿਵਲ ਸਰਜਨ ਦਫ਼ਤਰ ਰਾਹੀਂ ਮੰਗ ਪਤਰ ਮਾਣਯੋਗ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਭੇਜਿਆ ਗਿਆ ਸੀ ਪਰੰਤੂ ਵਿਭਾਗ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਦਾ ਸਿੱਧਾ ਅਸਰ ਸੀ.ਐਚ.ਓ ਦੇ ਮਨੋਬਲ ਤੇ ਪੈ ਰਿਹਾ ਹੈ।

ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉੱਚ ਅਧਿਕਾਰੀਆਂ ਵੱਲੋਂ ਇਸ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ 9 ਜਨਵਰੀ ਨੂੰ ਚੰਡੀਗੜ੍ਹ ਸਿਹਤ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ ਅਤੇ ਮਿਸ਼ਨ ਡਾਇਰੈਕਟਰ ਐਨ.ਐਚ.ਐਮ ਪੰਜਾਬ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਘਿਰਾਓ ਕੀਤਾ ਜਾਵੇਗਾ ਅਤੇ ਜਿਸ ਦੀ ਨਿਰੋਲ਼ ਜਿੰਮੇਵਾਰੀ ਵਿਭਾਗ ਦੀ ਹੋਵੇਗੀ। ਇਸ ਮੋਕੇ ਕ੍ਰਿਸ਼ਨ ਸਿੰਘ ਨਹਿਰਾ,ਰਾਧੇ ਸ਼ਿਆਮ ਘੋੜੇਲਾ,ਰਾਜਵਿੰਦਰ ਕੌਰ,ਮਨਪ੍ਰੀਤ ਕੌਰ,ਅਮਨਦੀਪ ਕੌਰ,ਦਿਲਰਾਜ ਕੌਰ ਆਦਿ ਹਾਜਿਰ ਸਨ।

Post a Comment

0 Comments