-ਘਰ-ਘਰ ਮੁਫ਼ਤ ਰਾਸ਼ਨ ਯੋਜਨਾ: ਜ਼ਿਲ੍ਹਾ ਬਰਨਾਲਾ 'ਚ 100 ਫੀਸਦੀ ਘਰਾਂ ਨੂੰ ਵੰਡਿਆ ਗਿਆ ਰਾਸ਼ਨ, ਡਿਪਟੀ ਕਮਿਸ਼ਨਰ

ਘਰ-ਘਰ ਮੁਫ਼ਤ ਰਾਸ਼ਨ ਯੋਜਨਾ: ਜ਼ਿਲ੍ਹਾ ਬਰਨਾਲਾ 'ਚ 100 ਫੀਸਦੀ ਘਰਾਂ ਨੂੰ ਵੰਡਿਆ ਗਿਆ ਰਾਸ਼ਨ, ਡਿਪਟੀ ਕਮਿਸ਼ਨਰ                    

 ਹਰ ਮਹੀਨੇ 13249 ਪਰਿਵਾਰਾਂ ਦੇ ਘਰ ਤੱਕ ਪਹੁੰਚਾਈ ਜਾ ਰਹੀ ਹੈ ਸੁਵਿਧਾ 


ਬਰਨਾਲਾ 26,ਫਰਵਰੀ /ਕਰਨਪਰੀਤ ਕਰਨ/
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਘਰ-ਘਰ ਰਾਸ਼ਨ ਯੋਜਨਾ ਤਹਿਤ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।  ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ 'ਚ ਕੁੱਲ 13249 ਨੀਲੇ ਕਾਰਡ ਧਾਰਕ ਪਰਿਵਾਰ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ । ਇਸ ਮਹੀਨੇ ਇਨ੍ਹਾਂ ਸਾਰਿਆਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਚੁਕਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਡੀਪੂਆਂ ਦੀ ਬਜਾਏ ਲੋਕਾਂ ਦੇ ਘਰਾਂ ਤੱਕ ਰਾਸ਼ਨ ਪੁੱਜਦਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਟੀਮਾਂ ਤਾਇਨਾਤ  ਕੀਤੀਆਂ ਗਈਆਂ ਹਨ। 

  ਇਸ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵੰਡ ਪ੍ਰਣਾਲੀ ਸਹੀ ਤਰੀਕੇ ਨਾਲ ਨੇਪਰੇ ਚਾੜ੍ਹੀ ਜਾਵੇ ਅਤੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਪੰਜ ਕਿਲੋ ਅਤੇ 10 ਕਿਲੋ ਦੀ ਪੈਕਿੰਗ ਵਿੱਚ ਆਟਾ ਜਾਂ ਕਣਕ ਜੋ ਵੀ ਪਰਿਵਾਰ ਲੈਣਾ ਚਾਹੇ, ਘਰ ਜਾ ਕੇ ਮੁਹਈਆ ਕਰਵਾਇਆ ਜਾ ਰਿਹਾ ਹੈ। ਇਹ ਰਾਸ਼ਨ ਬਿਲਕੁਲ ਮੁਫਤ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੰਡ ਪ੍ਰਣਾਲੀ ਨੂੰ ਸੁਖਾਲਾ ਬਣਾਉਣ ਲਈ ਜ਼ਿਲ੍ਹਾ ਬਰਨਾਲਾ ਚ 15 ਫੇਅਰ ਪ੍ਰਾਈਜ਼ ਸ਼ੋਪ ਖੋਲੀਆਂ ਗਈਆਂ ਹਨ ਜਿੱਥੋਂ ਇਹ ਸਮਾਨ ਗੱਡੀਆਂ ਚ ਲੱਦ ਕੇ ਘਰਾਂ 'ਚ ਪਹੁੰਚਾਇਆ ਜਾਂਦਾ ਹੈ। ਇਹ ਦੁਕਾਨਾਂ ਵਜੀਦਕੇ, ਕਲਾਲਾ, ਰਾਇਸਰ, ਛੀਨੀਵਾਲ, ਗਹਿਲ, ਨਿਹਲੂਵਾਲ, ਪੰਡੋਰੀ, ਛਾਪਾ, ਲੋਹਗੜ੍ਹ, ਹਰੀਗੜ੍ਹ, ਪਿੰਡੀ ਜਵੰਧਾ, ਕਾਲੇਕੇ, ਸੁਖਪੁਰਾ ਮੌੜ, ਮੌੜ ਮਕਸੂਦਾਂ ਅਤੇ ਟੱਲੇਵਾਲ  ਵਿਖੇ ਸਥਿਤ ਹਨ ।  ਦੂਜੇ ਪਾਸੇ ਲੋਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਰਾਸ਼ਨ ਲੈਣ ਲਈ ਡੀਪੂ 'ਤੇ ਜਾਣਾ ਪੈਂਦਾ ਸੀ ਪਰ ਡੀਪੂ 'ਤੇ ਲਾਈਨਾਂ ਵਿੱਚ ਲੱਗਣ ਕਾਰਨ ਅਤੇ ਸਮਾਂ ਲੱਗਣ ਕਾਰਨ ਉਹਨਾਂ ਦੀ ਦਿਹਾੜੀ ਖੋਟੀ ਹੋ ਜਾਂਦੀ ਸੀ ਪਰ ਹੁਣ ਰਾਸ਼ਨ ਉਹਨਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਬਹੁਤ ਸੌਖ ਹੋਈ ਹੈ ਅਤੇ ਉਹਨਾਂ ਦੀ ਦਿਹਾੜੀ ਵੀ ਖੋਟੀ ਨਹੀਂ ਹੁੰਦੀ ਹੈ।

Post a Comment

0 Comments